Latest News
'ਫਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ'

Published on 16 Jul, 2019 11:34 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟਾਂ 'ਤੇ ਪ੍ਰਮਾਣੂ ਊਰਜਾ ਦੇ ਯੂਨਿਟ ਸਥਾਪਤ ਕਰਨ ਲਈ ਕੇਂਦਰ ਸਰਕਾਰ ਪਾਸੋਂ ਅਜੇ ਤੱਕ ਉਨ੍ਹਾ ਨੂੰ ਕੋਈ ਪ੍ਰਸਤਾਵ ਹਾਸਲ ਨਹੀਂ ਹੋਇਆ। ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਲਈ ਪ੍ਰਮਾਣੂ ਊਰਜਾ ਵਰਤਣ ਦੇ ਵਿਸ਼ੇ 'ਤੇ ਬਹੁਤ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ, ਪਰ ਅਜੇ ਤੱਕ ਇਸ ਸੰਬੰਧੀ ਕੁਝ ਵੀ ਠੋਸ ਸਾਹਮਣੇ ਨਹੀਂ ਆਇਆ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੀਟਿੰਗ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ। ਇਸ ਮੁੱਦੇ 'ਤੇ ਉਨ੍ਹਾ ਦਾ ਪ੍ਰਤੀਕਰਮ ਜਾਣਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਉਦੋਂ ਹੀ ਕੁਝ ਕਹਿਣਗੇ, ਜਦੋਂ ਇਸ ਬਾਰੇ ਉਨ੍ਹਾ ਕੋਲ ਪ੍ਰਸਤਾਵ ਆਵੇਗਾ। ਮੁੱਖ ਮੰਤਰੀ ਨੇ ਟਕੋਰ ਕੀਤੀ, 'ਫਿਲਹਾਲ ਤਾਂ ਮੇਰੇ ਕੋਲ ਊਰਜਾ ਮੰਤਰੀ ਵੀ ਨਹੀਂ ਹੈ।' ਉਨ੍ਹਾ ਦੀ ਇਹ ਟਿੱਪਣੀ ਲੋਕ ਸਭਾ ਚੋਣਾਂ ਮਗਰੋਂ ਮੰਤਰੀ ਮੰਡਲ ਦੇ ਫੇਰਬਦਲ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਬਿਜਲੀ ਮਹਿਕਮੇ ਨੂੰ ਉਨ੍ਹਾ ਵੱਲੋਂ ਪ੍ਰਵਾਨ ਨਾ ਕਰਕੇ ਅਸਤੀਫਾ ਦੇਣ ਦੇ ਸੰਦਰਭ ਵਿੱਚ ਸੀ। ਝੋਨੇ ਦੇ ਸੀਜ਼ਨ ਮੌਕੇ ਬਿਜਲੀ ਦੀ ਨਿਰਵਿਘਨ ਸਪਲਾਈ ਦੀ ਲੋੜ ਦੇ ਮੱਦੇਨਜ਼ਰ ਮੁੱਖ ਮੰਤਰੀ ਬਿਜਲੀ ਵਿਭਾਗ ਦੇ ਕੰਮਕਾਜ 'ਤੇ ਰੋਜ਼ਾਨਾ ਖੁਦ ਨਿਗਰਾਨੀ ਰੱਖ ਰਹੇ ਹਨ। ਸੂਬੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਘੱਟ ਪੈਣ ਕਰਕੇ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਸੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਨਾਲ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾ ਕਿਹਾ ਕਿ ਸੰਘੀ ਢਾਂਚੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਸੰਬੰਧ ਸੁਖਾਵੇਂ ਹੋਣੇ ਜ਼ਰੂਰੀ ਹਨ ਅਤੇ ਉਨ੍ਹਾ ਨੂੰ ਪੰਜਾਬ ਦੇ ਹਿੱਤਾਂ ਲਈ ਕੇਂਦਰ ਵਿੱਚ ਕਿਸੇ ਵੀ ਸਰਕਾਰ ਨਾਲ ਕੋਈ ਮੁਸ਼ਕਲ ਪੇਸ਼ ਨਹੀਂ ਆਈ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper