Latest News
ਜੇ ਐੱਨ ਯੂ ਦੇ ਮਾਹੌਲ ਨੇ ਬਦਲ ਦਿੱਤੀ ਗਾਰਡ ਦੀ ਜ਼ਿੰਦਗੀ

Published on 16 Jul, 2019 11:36 AM.


ਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੇ 34 ਸਾਲ ਦੇ ਸਿਕਿਓਰਿਟੀ ਗਾਰਡ ਰਾਮ ਜਲ ਮੀਣਾ ਨੇ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਪਾਸ ਕਰ ਲਈ ਹੈ ਤੇ ਹੁਣ ਉਹ ਰੂਸੀ ਭਾਸ਼ਾ ਵਿਚ ਬੀ ਏ ਆਨਰਜ਼ ਕਰੇਗਾ। ਉਹ ਡਿਸਟੈਂਸ ਸਿਸਟਮ ਨਾਲ ਰਾਜਸਥਾਨ ਯੂਨੀਵਰਸਿਟੀ ਤੋਂ ਪੁਲੀਟੀਕਲ ਸਾਇੰਸ ਦਾ ਪਹਿਲਾ ਸਾਲ ਵੀ ਪਾਸ ਕਰ ਚੁੱਕਾ ਹੈ। ਉਸ ਦੀ ਇੱਛਾ ਯੂ ਪੀ ਐੱਸ ਸੀ ਦੀ ਪ੍ਰੀਖਿਆ ਦੇ ਕੇ ਆਈ ਏ ਐੱਸ ਬਣਨ ਦੀ ਹੈ। ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਪਿੰਡ ਭਜੇੜਾ ਦਾ ਮੀਣਾ ਕਿਸੇ ਨਿੱਜੀ ਸਿਕਿਓਰਿਟੀ ਕੰਪਨੀ ਰਾਹੀਂ 2014 ਵਿਚ ਯੂਨੀਵਰਸਿਟੀ ਵਿਚ ਤਿੰਨ ਹਜ਼ਾਰ ਰੁਪਏ ਵਿਚ ਗਾਰਡ ਲੱਗਾ ਸੀ। ਉਸ ਨੇ ਰਾਜਸਥਾਨ ਯੂਨੀਵਰਸਿਟੀ ਵਿਚ ਬੀ ਐੱਸ ਸੀ ਵਿਚ ਦਾਖਲਾ ਲਿਆ, ਪਰ ਪਰਵਾਰ ਦੀ ਕਮਜ਼ੋਰ ਮਾਲੀ ਹਾਲਤ ਕਾਰਨ ਪੜ੍ਹਾਈ ਛੱਡਣੀ ਪਈ। ਅਖਬਾਰਾਂ/ ਰਸਾਲੇ ਪੜ੍ਹਨ ਦੇ ਸ਼ੌਕੀਨ ਮੀਣਾ ਨੇ ਦੱਸਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਮਾਹੌਲ ਨੇ ਉਸ ਨੂੰ ਪੜ੍ਹਨ ਦੀ ਆਦਤ ਪਾਈ। ਇਥੇ ਲੋਕ ਨਵੇਂ ਤੋਂ ਨਵੇਂ ਮੁੱਦਿਆਂ 'ਤੇ ਬਹਿਸ ਕਰਦੇ ਹਨ। ਇਥੇ ਜਾਤ-ਬਰਾਦਰੀ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਉਹ ਆਪਣੀਆਂ ਤਿੰਨ ਧੀਆਂ ਤੇ ਪੁੱਤਰ ਨੂੰ ਵੀ ਚੰਗੀ ਪੜ੍ਹਾਈ ਕਰਾਉਣ ਲਈ ਦਿੱਲੀ ਲੈ ਆਇਆ ਹੈ। ਤਿੰਨੋਂ ਬੇਟੀਆਂ ਪਹਿਲੀ ਪੁਜ਼ੀਸ਼ਨ ਲੈਂਦੀਆਂ ਹਨ। ਵੱਡੀ 9 ਸਾਲ ਦੀ ਹੈ। ਉਸ ਨੇ ਦੱਸਿਆ ਕਿ ਉਹ ਰੂਸ ਬਾਰੇ ਜਾਨਣ ਲਈ ਉਥੋਂ ਦਾ ਸਾਹਿਤ ਪੜ੍ਹਨਾ ਚਾਹੁੰਦਾ ਹੈ। ਨਵੀਂ ਪੜ੍ਹਾਈ ਉਸ ਨੂੰ ਰੈਗੂਲਰ ਕਰਨੀ ਪੈਣੀ ਹੈ, ਪਰ ਉਹ ਪਰਵਾਰ ਦੀ ਖਾਤਰ ਨੌਕਰੀ ਨਹੀਂ ਛੱਡਣਾ ਚਾਹੁੰਦਾ। ਉਹ ਯੂਨੀਵਰਸਿਟੀ ਨੂੰ ਬੇਨਤੀ ਕਰੇਗਾ ਕਿ ਉਸ ਤੋਂ ਨਾਈਟ ਸ਼ਿਫਟ ਵਿਚ ਕੰਮ ਲੈ ਲਿਆ ਜਾਵੇ। ਇਸ ਵੇਲੇ ਯੂਨੀਵਰਸਿਟੀ ਵਿਚ ਰੈਗੂਲਰ ਵਿਦਿਆਰਥੀ ਨੂੰ ਪਾਰਟ ਟਾਈਮ ਨੌਕਰੀ ਦੇਣ ਦੀ ਵਿਵਸਥਾ ਨਹੀਂ। ਆਪਣੀ ਨੌਕਰੀ ਦੌਰਾਨ ਮੀਣਾ ਨੇ ਯੂਨੀਵਰਸਿਟੀ ਵਿਚ ਕਈ ਅੰਦੋਲਨ ਦੇਖੇ। ਝੜਪਾਂ ਵਿਚ ਉਸ ਨੂੰ ਸੱਟਾਂ ਵੀ ਲੱਗੀਆਂ। ਉਸ ਦਾ ਕਹਿਣਾ ਹੈ ਕਿ ਬੱਸਾਂ ਤੇ ਟਰੇਨਾਂ ਵਿਚ ਲੋਕ ਯੂਨੀਵਰਸਿਟੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਪਰ ਉਸ ਨੂੰ ਪਤਾ ਹੈ ਕਿ ਸੱਚ ਕੀ ਹੈ। ਇਥੋਂ ਦੇ ਲੋਕ ਬਹੁਤ ਚੰਗੇ ਹਨ। ਪੜ੍ਹਨ ਦੀ ਖੱਬਤ ਮੀਣਾ ਨੂੰ ਮਹਿੰਗੀ ਵੀ ਪਈ ਹੈ। ਕੰਪਨੀ ਵਾਲਿਆਂ ਨੇ ਉਸ ਨੂੰ ਇਕ ਵਾਰ ਨੌਕਰੀ ਦੌਰਾਨ ਪੜ੍ਹਦਾ ਫੜ ਕੇ 2 ਹਜ਼ਾਰ ਰੁਪਏ ਜੁਰਮਾਨਾ ਲਾ ਦਿੱਤਾ ਤੇ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤਾ। ਮੀਣਾ ਦਾ ਕਹਿਣਾ ਹੈ ਕਿ ਮੈਨੂੰ ਨੌਕਰੀ ਦੀ ਲੋੜ ਹੈ, ਪਰ ਮੈਂ ਪੜ੍ਹਨਾ ਵੀ ਚਾਹੁੰਦਾ ਹਾਂ।

251 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper