ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ (ਆਈ ਸੀ ਜੇ) ਬੁੱਧਵਾਰ ਨੂੰ ਪਾਕਿਸਤਾਨ 'ਚ ਕੈਦ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਕਲਭੂਸ਼ਣ ਜਾਧਵ 'ਤੇ ਆਪਣਾ ਫੈਸਲਾ ਸੁਣਾਏਗਾ। ਇਸ ਮਾਮਲੇ 'ਚ ਭਾਰਤ ਆਪਣੇ ਪੱਖ 'ਚ ਫੈਸਲੇ ਦੀ ਉਮੀਦ ਕਰ ਰਿਹਾ ਹੈ। ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ 'ਚ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਸ ਖਿਲਾਫ਼ ਭਾਰਤ ਅੰਤਰਰਾਸ਼ਟਰੀ ਅਦਾਲਤ 'ਚ ਗਿਆ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਆਈ ਸੀ ਜੇ ਨੇ ਮਈ 2017 'ਚ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਸੀ ਅਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ । ਆਈ ਸੀ ਜੇ ਦੇ ਇਸ ਫੈਸਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਈ ਸੀ ਜੇ ਦੇ ਇੱਕ ਬਿਆਨ ਮੁਤਾਬਿਕ ਦਿ ਹੇਗ ਦੇ 'ਪੀਸ ਪੈਲੇਸ' 'ਚ 17 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਛੇ ਵਜੇ ਜਨਤਕ ਸੁਣਵਾਈ ਹੋਵੇਗੀ, ਜਿਸ 'ਚ ਪ੍ਰਮੁੱਖ ਜਸਟਿਸ ਅਬਦੁਲਕਾਵੀ ਅਹਿਮਦ ਯੂਸਫ਼ ਫੈਸਲਾ ਪੜ੍ਹ ਕੇ ਸੁਣਾਉਣਗੇ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰਾ ਮੁਹੰਮਦ ਫੈਸਲ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਜਾਧਵ ਮਾਮਲੇ 'ਚ ਆਈ ਸੀ ਜੇ ਦੇ ਫੈਸਲੇ ਦਾ ਪੁਨਰਨੁਮਾਨ ਨਹੀਂ ਲਾ ਸਕਦਾ ਹੈ।