Latest News
ਮਾਡੋਲ ਦੀਆਂ ਸਾਢੇ 10 ਲੱਖ ਗੋਲੀਆਂ ਬਰਾਮਦ, ਸਪਲਾਇਰ ਗ੍ਰਿਫਤਾਰ

Published on 16 Jul, 2019 11:41 AM.

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਪੁਲਸ ਅਤੇ ਐੱਸ ਟੀ ਐੱਫ ਨੇ ਨਸ਼ੇ ਦੇ ਰੂਪ ਵਿਚ ਵਰਤੀਆਂ ਜਾਂਦੀਆਂ 10,67,800 ਟ੍ਰੈਮਾਡੋਲ ਗੋਲੀਆਂ ਬਰਾਮਦ ਕਰਕੇ ਇਕ ਕੈਮਿਸਟ ਨੂੰ ਗ੍ਰਿਫਤਾਰ ਕੀਤਾ ਹੈ।
ਸਪੈਸ਼ਲ ਟਾਸਕ ਫੋਰਸ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿਖੇ ਮੰਗਲਵਾਰ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ ਟੀ ਐੱਫ਼ ਮੁਖੀ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਗਰੋਹ ਦੇ ਸਰਗਨਾ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਪ੍ਰਦੀਪ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹੜਾ ਪਿੰਡੀ ਗਲੀ ਲੁਧਿਆਣਾ ਵਿਖੇ ਪਲਾਟੀਨਮ ਹੈੱਲਥ ਕੇਅਰ ਨਾਂਅ ਹੇਠ ਮੈਡੀਕਲ ਸਟੋਰ ਚਲਾਉਂਦਾ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਵੀ 20,500 ਗੋਲੀਆਂ ਬਰਾਮਦ ਹੋਈਆਂ। ਉਨ੍ਹਾ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਬਠਿੰਡਾ ਪੁਲਸ ਵੱਲੋਂ ਨਸ਼ਾ ਤਸਕਰ ਸੁਨੀਲ ਕੁਮਾਰ ਉਰਫ਼ ਸੋਨੂੰ ਵਾਸੀ ਮੌੜ ਮੰਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ। ਸੋਨੂੰ ਦੀ ਹੁੰਡਈ ਕਾਰ ਵਿਚੋਂ 1.56 ਲੱਖ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਸੋਨੂੰ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਪਾਬੰਦੀਸ਼ੁਦਾ ਗੋਲੀਆਂ ਦਾ ਵੱਡਾ ਜ਼ਖੀਰਾ ਮੌੜ ਮੰਡੀ ਅਧਾਰਤ ਦਿੱਲੀ-ਪੰਜਾਬ ਟ੍ਰਾਂਸਪੋਰਟ ਕੰਪਨੀ ਦੇ ਗੋਦਾਮ ਵਿਚ ਪਿਆ ਹੈ, ਉਥੇ ਛਾਪਾ ਮਾਰ ਕੇ 9,11,400 ਟ੍ਰੈਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸੋਨੂੰ ਨੇ ਹੀ ਇਹ ਇੰਕਸ਼ਾਫ਼ ਕੀਤਾ ਸੀ ਕਿ ਉਸ ਨੇ ਇਹ ਮਾਲ ਪ੍ਰਦੀਪ ਗੋਇਲ ਤੋਂ ਪ੍ਰਾਪਤ ਕੀਤਾ ਸੀ।
ਦਿਓ ਨੇ ਦੱਸਿਆ ਕਿ ਕੈਮਿਸਟ ਕਾਫ਼ੀ ਸਮੇਂ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰ ਰਿਹਾ ਸੀ। ਉਸ ਨੇ 2007 ਵਿਚ ਏ ਪੀ ਮੈਡੀਕਲ ਸਟੋਰ, ਟੱਕਰ ਕੰਪਲੈਕਸ, ਪਿੰਡੀ ਗਲੀ, ਲੁਧਿਆਣਾ ਦੇ ਪਤੇ 'ਤੇ ਥੋਕ ਡਰੱਗ ਲਾਇਸੰਸ ਲਿਆ ਸੀ। ਉਸ ਤੋਂ ਬਾਅਦ ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਣ ਕਰਕੇ ਉਸ ਦਾ ਦਾ ਲਾਇਸੰਸ 21 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਇਸੇ ਫ਼ਰਮ ਦਾ ਨਾਂਅ 2011 ਵਿਚ ਤਬਦੀਲ ਕਰਕੇ 'ਜੈ ਮਾਂ' ਕਰਵਾ ਲਿਆ ਸੀ, ਪਰ ਉਸ ਦਾ ਇਹ ਲਾਇਸੰਸ ਵੀ ਉਸ ਦੇ ਕਬਜ਼ੇ ਵਿਚੋਂ 7 ਲੱਖ ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦਗੀ ਬਾਅਦ 2018 ਵਿਚ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਨਵੀਂ ਫ਼ਰਮ ਪਲਾਟੀਨਮ ਹੈਲਥ ਕੇਅਰ ਆਪਣੇ ਸਾਲੇ ਸੰਦੀਪ ਗਰਗ ਵਾਸੀ ਸੋਲਨ ਦੇ ਨਾਂਅ 'ਤੇ ਕੈਮਿਸਟ ਦਾ ਲਾਇਸੰਸ ਲੈ ਕੇ ਬਣਾ ਲਈ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਵੱਲੋਂ ਪੰਜਾਬ ਭਰ ਵਿਚ ਕਰੀਬ 70 ਲੱਖ ਗੋਲੀਆਂ ਪ੍ਰਮੁੱਖ ਤੌਰ 'ਤੇ ਅੰਮ੍ਰਿਤਸਰ, ਫ਼ਗਵਾੜਾ, ਹੁਸ਼ਿਆਰਪੁਰ ਤੇ ਬਠਿੰਡਾ ਵਗੈਰਾ ਵਿਚ ਪਿਛਲੇ 10 ਮਹੀਨਿਆਂ ਵਿਚ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।ਪ੍ਰੈੱਸ ਕਾਨਫਰੰਸ ਦੌਰਾਨ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਕੇ ਐੱਸ ਪਨੂੰ ਨੇ ਦੱਸਿਆ ਕਿ ਪੰਜਾਬ ਵਿੱਚ ਤਕਰੀਬਨ 16000 ਲਾਇਸੰਸ ਹੋਲਡਰ ਕੈਮਿਸਟ ਦਵਾਈਆਂ ਵੇਚ ਰਹੇ ਹਨ, ਜਿਨ੍ਹਾਂ ਵਿੱਚੋਂ 117 ਨੂੰ ਪਾਬੰਦੀਸ਼ੁਦਾ ਦਵਾਈਆਂ ਵੇਚਦੇ ਫੜਿਆ ਗਿਆ। ਪਿਛਲੇ 5 ਮਹੀਨਿਆਂ ਦੌਰਾਨ 421 ਲਾਇਸੰਸ ਰੱਦ ਕੀਤੇ ਗਏ ਹਨ। 15 ਕੈਮਿਸਟਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ 10 ਨੂੰ ਭਗੌੜੇ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਇੱਕ ਵਾਰ ਲਾਇਸੰਸ ਰੱਦ ਹੋਣ ਤੋਂ ਬਾਅਦ ਕਿਸੇ ਵੀ ਕੈਮਿਸਟ ਨੂੰ ਨਵਾਂ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ।
ਦਿਓ ਨੇ ਦੱਸਿਆ ਕਿ ਐੱਸ ਟੀ ਐੱਫ ਨੇ 14 ਜੁਲਾਈ ਤੱਕ 33, 591 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ 759.662 ਕਿਲੋ ਹੈਰੋਇਨ ਅਤੇ 17.881 ਕਿਲੋ ਸਮੈਕ ਬਰਾਮਦ ਕੀਤੀ ਹੈ। 97986.416 ਕਿਲੋ ਅਫ਼ੀਮ, 296.039 ਕਿਲੋ ਭੁੱਕੀ, 296.039 ਕਿਲੋਗ੍ਰਾਮ ਚਰਸ, 5474.671 ਕਿਲੋ ਗਾਂਜਾ, 755.126 ਕਿਲੋ ਭੰਗ, 0.726 ਕਿਲੋ ਕੋਕੀਨ, 10.06 ਕਿਲੋ ਬਰਫ਼, 344.884 ਕਿਲੋ ਨਸ਼ੀਲਾ ਪਾਊਡਰ, 117008 ਨਸ਼ੀਲੇ ਟੀਕੇ ਅਤੇ 16203651 ਨਸ਼ੀਲੀਆਂ ਗੋਲੀਆਂ/ ਕੈਪਸੂਲ ਜ਼ਬਤ ਕੀਤੇ ਗਏ ਹਨ। ਹੁਣ ਤੱਕ 27666 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 100 ਤੋਂ ਜ਼ਿਆਦਾ ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕੀਤੀ ਗਈ ਹੈ।

252 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper