Latest News
ਮੁੰਬਈ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, 12 ਮੌਤਾਂ

Published on 16 Jul, 2019 11:42 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਸੁਪਨਿਆਂ ਦੀ ਨਗਰੀ ਇੱਕ ਵਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਡੋਂਗਰੀ ਇਲਾਕੇ ਦੀ 100 ਸਾਲ ਪੁਰਾਣੀ ਇਮਾਰਤ ਮੰਗਲਵਾਰ ਨੂੰ ਡਿੱਗ ਗਈ, ਜਿਸ ਦੇ ਥੱਲੇ ਕਰੀਬ 40-50 ਲੋਕ ਦੱਬ ਗਏ। ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ 'ਚ ਹਾਲੇ ਤੱਕ 40-50 ਲੋਕ ਦੇ ਫਸੇ ਹੋਣ ਦਾ ਖਦਸ਼ਾ ਹੈ। ਸੱਤ ਜ਼ਖ਼ਮੀਆਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਹੈ। ਜ਼ਖ਼ਮੀਆਂ ਨੂੰ ਜੇ ਜੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 15 ਪਰਵਾਰ ਹਾਲੇ ਵੀ ਮਲਬੇ 'ਚ ਦੱਬੇ ਹਨ ਅਤੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਹ ਇਮਾਰਤ 100 ਸਾਲ ਪੁਰਾਣੀ ਹੈ। ਸਾਡਾ ਪੂਰਾ ਫੋਕਸ ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢਣ 'ਤੇ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁੰਬਈ ਹਾਦਸੇ 'ਚ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਮਹਾਰਾਸ਼ਟਰ ਸਰਕਾਰ, ਐੱਨ ਡੀ ਆਰ ਐੱਫ਼ ਅਤੇ ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਅਭਿਆਨਾਂ 'ਚ ਲੱਗੇ ਹੋਏ ਹਨ। ਸਥਾਨਕ ਲੋਕਾਂ ਦੱਸਿਆ ਕਿ ਡੋਂਗਰੀ ਇਲਾਕੇ 'ਚ ਕੇਸਰਬਾਈ ਨਾਂਅ ਦੀ ਇਹ ਚਾਰ ਮੰਜ਼ਲਾ ਇਮਾਰਤ ਲੱਗਭੱਗ 100 ਸਾਲ ਪੁਰਾਣੀ ਸੀ। ਮੰਗਲਵਾਰ ਨੂੰ ਕਰੀਬ 11 ਵਜੇ ਅਚਾਨਕ ਇਮਾਰਤ ਡਿੱਗ ਪਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਕਾਰਨ ਇਸ 'ਚ ਰਹਿ ਰਹੇ ਕਈ ਲੋਕ ਥੱਲੇ ਦੱਬ ਗਏ। ਰੈਸਕਿਊ ਦੌਰਾਨ ਇੱਕ ਬੱਚੇ ਨੂੰ ਵੀ ਮਲਬੇ 'ਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਤੰਗ ਗਲੀ 'ਚ ਬਣੀ ਇਸ ਇਮਾਰਤ ਦੇ ਥੱਲੇ ਦੁਕਾਨਾਂ ਬਣੀਆਂ ਸਨ, ਜਦਕਿ ਇਸ ਦੀ ਉਪਰਲੀ ਮੰਜ਼ਲ 'ਤੇ ਪਰਵਾਰ ਰਹਿ ਰਹੇ ਸਨ। ਸਥਾਨਕ ਲੋਕਾਂ ਦੱਸਿਆ ਕਿ ਲੱਗਭੱਗ ਛੇ ਪਰਵਾਰ ਇਸ ਇਮਾਰਤ 'ਚ ਰਹਿ ਰਹੇ ਸਨ। ਇਮਾਰਤ ਦਾ ਅੱਧਾ ਹਿੱਸਾ ਖਸਤਾ ਹਾਲਤ ਵਾਲਾ ਸੀ, ਜਿਸ ਦੇ ਡਿੱਗਣ ਦਾ ਖਦਸ਼ਾ ਪਹਿਲਾਂ ਤੋਂ ਹੀ ਸੀ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਆਸ-ਪਾਸ ਦੇ ਲੋਕਾਂ 'ਚ ਗੁੱਸਾ ਸੀ।
ਮੁੰਬਈ 'ਚ ਇਮਾਰਤ ਡਿੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਵਿਸ਼ੇਸ਼ ਕਰਕੇ ਬਰਸਾਤ ਦੇ ਮੌਸਮ 'ਚ ਇੱਥੇ ਇਮਾਰਤ ਡਿੱਗਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਇਸ ਮਹੀਨੇ ਮੁੰਬਈ 'ਚ ਇਹ ਚੌਥੀ ਘਟਨਾ ਹੈ ਅਤੇ ਹੁਣ ਤੱਕ 42 ਲੋਕਾਂ ਦੀ ਇਸ 'ਚ ਜਾਨ ਜਾ ਚੁੱਕੀ ਹੈ। 1 ਜੁਲਾਈ ਨੂੰ ਮੁੰਬਈ ਦੇ ਕਲਿਆਣ ਇਲਾਕੇ 'ਚ ਸਕੂਲ ਦੀ ਕੰਧ ਡਿੱਗਣ ਕਾਰਨ 1 ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 2 ਜੁਲਾਈ ਨੂੰ ਭਾਰੀ ਬਾਰਸ਼ ਦੇ ਕਾਰਨ ਮਲਾਡ 'ਚ ਕੰਧ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ।
ਬੀਤੀ 7 ਜੁਲਾਈ ਨੂੰ ਸ਼ਿਵਾਜੀ ਨਗਰ 'ਚ ਘਰ ਡਿੱਗ ਜਾਣ ਕਾਰਨ 5 ਲੋਕ ਜਖ਼ਮੀ ਹੋ ਗਏ ਸਨ। ਮੁੰਬਈ ਤੋਂ ਇਲਾਵਾ ਮਹਾਰਾਸ਼ਟਰ ਦੇ ਹੀ ਪੁਣੇ 'ਚ ਇਮਾਰਤ ਡਿੱਗਣ ਨਾਲ ਦੋ ਹਾਦਸਿਆਂ 'ਚ 21 ਲੋਕਾਂ ਦੀ ਮੌਤ ਹੋ ਗਈ ਸੀ।
ਮੁੰਬਈ 'ਚ 2 ਸਾਲ ਪਹਿਲਾਂ ਵੀ ਬਰਸਾਤ ਦੇ ਸਮੇਂ ਇਸ ਤਰ੍ਹਾਂ ਦੀ ਘਟਨਾ ਹੋਈ ਸੀ। 31 ਅਗਸਤ ਨੂੰ ਭਿੰਡੀ ਬਾਜ਼ਾਰ 'ਚ 117 ਸਾਲ ਪੁਰਾਣੀ ਇਮਾਰਤ ਡਿੱਗਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ 25 ਜੁਲਾਈ 2017 ਨੂੰ ਘਾਟਕੋਪਰ ਇਲਾਕੇ 'ਚ ਇਮਾਰਤ ਡਿੱਗਣ ਕਾਰਨ 17 ਲੋਕਾਂ ਦੀ ਜਾਨ ਚਲੀ ਗਈ ਸੀ। ਮਹਾਰਾਸ਼ਟਰ ਹਾਊਸਿੰਗ ਅਤੇ ਏਰੀਆ ਡਿਵੈੱਲਪਮੈਂਟ ਅਥਾਰਟੀ ਦੇ ਚੇਅਰਮੈਨ ਉਦੈ ਸਾਮੰਤ ਮੁਤਾਬਕ ਇਹ ਇਮਾਰਤ ਕਰੀਬ 100 ਸਾਲ ਪੁਰਾਣੀ ਸੀ। ਇਸ ਦੇ ਅੱਧੇ ਤੋਂ ਜ਼ਿਆਦਾ ਹਿੱਸਾ ਖਸਤਾ ਹਾਲਤ ਵਾਲਾ ਸੀ। ਮੁੰਬਈ ਮਹਾਂਨਗਰ ਪਾਲਿਕਾ ਨੇ ਸੱਤ ਸਾਲ ਪਹਿਲਾਂ 2012 'ਚ ਹੀ ਇਸ ਇਮਾਰਤ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਸੀ, ਪਰ ਇਮਾਰਤ ਨੂੰ ਡੇਗਣ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ।

268 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper