Latest News
ਪਾਣੀ ਦਾ ਸੰਕਟ ਤੇ ਪਾਣੀ ਦੀ ਮਾਰ

Published on 17 Jul, 2019 11:37 AM.


ਪਿਛਲੇ ਕਾਫ਼ੀ ਅਰਸੇ ਤੋਂ ਪੰਜਾਬ ਦੇ ਜਾਗਰੂਕ ਲੋਕ ਇਸ ਲਈ ਚਿੰਤਤ ਸਨ ਕਿ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਨਿਕਾਸੀ ਕਾਰਨ ਹਾਲਾਤ ਸੰਕਟ ਕਾਲੀਨ ਸਥਿਤੀ ਵੱਲ ਵਧਦੇ ਜਾ ਰਹੇ ਹਨ, ਇਸ ਲਈ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਸਮੁੱਚੇ ਸਮਾਜ ਨੂੰ ਹੀਲਾ ਕਰਨਾ ਚਾਹੀਦਾ ਹੈ। ਪਰ ਪਿਛਲੇ ਤਿੰਨ ਕੁ ਦਿਨਾਂ ਤੋਂ ਹੋ ਰਹੀ ਬਾਰਸ਼ ਨੇ ਮਾਲਵੇ ਦੇ ਕਈ ਜ਼ਿਲ੍ਹਿਆਂ ਨੂੰ ਜਲ-ਥਲ ਕਰ ਦਿੱਤਾ ਹੈ। ਬਠਿੰਡਾ ਸ਼ਹਿਰ ਦੀਆਂ ਬਹੁਤ ਸਾਰੀਆਂ ਕਾਲੋਨੀਆਂ ਹੀ ਨਹੀਂ, ਅਫ਼ਸਰਾਂ ਦੀਆਂ ਰਿਹਾਇਸ਼ਾਂ ਵੀ 5-5 ਫੁੱਟ ਤੱਕ ਪਾਣੀ ਵਿੱਚ ਡੁੱਬ ਚੁੱਕੀਆਂ ਹਨ। ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਣੀ ਵੜ ਜਾਣ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣਾ ਪਿਆ ਹੈ। ਇਹੋ ਹਾਲ ਮੁਕਤਸਰ ਤੇ ਮਾਨਸਾ ਜ਼ਿਲ੍ਹਿਆਂ ਦਾ ਬਣਿਆ ਹੋਇਆ ਹੈ। ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਦੇ ਘੱਗਰ ਨਾਲ ਲੱਗਦੇ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਖੜੀ ਨਰਮੇ ਤੇ ਝੋਨੇ ਦੀ ਫ਼ਸਲ ਪਾਣੀ ਕਾਰਨ ਬਰਬਾਦ ਹੋ ਗਈ ਹੈ। ਘੱਗਰ ਨਦੀ, ਟਾਂਗਰੀ, ਮਾਰਕੰਡਾ ਤੇ ਪਟਿਆਲਾ ਨਦੀ ਸਾਰੀਆਂ ਹੀ ਖ਼ਤਰੇ ਦੇ ਨਿਸ਼ਾਨ ਨੇੜੇ ਵਗ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਜਾਪਦਾ ਹੈ ਕਿ ਆਉਂਦੇ ਦਿਨੀਂ ਸਾਰੇ ਪੰਜਾਬ ਵਿੱਚ ਹੀ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ। ਪ੍ਰਸ਼ਾਸਨ ਵੱਲੋਂ ਲੁਧਿਆਣੇ ਦੇ ਸਤਲੁਜ ਨਾਲ ਲੱਗਦੇ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਹ ਸਥਿਤੀ ਕਿਉਂ ਹੈ ਕਿ ਇੱਕ ਪਾਸੇ ਅਸੀਂ ਪਾਣੀ ਦੀ ਕਮੀ ਦੇ ਸੰਕਟ ਨਾਲ ਜੂਝ ਰਹੇ ਹਾਂ ਤੇ ਦੂਜੇ ਪਾਸੇ ਪਾਣੀ ਦੀ ਮਾਰ ਝੱਲਣ ਲਈ ਮਜਬੂਰ ਹਾਂ? ਇਸ ਦਾ ਜਵਾਬ ਹੈ ਕਿ ਸਾਡੀਆਂ ਸਰਕਾਰਾਂ ਨੇ ਇਨ੍ਹਾਂ ਸੰਭਾਵਤ ਖਤਰਿਆਂ ਨੂੰ ਹਮੇਸ਼ਾ ਨਜ਼ਰ-ਅੰਦਾਜ਼ ਕਰੀ ਰੱਖਿਆ ਹੈ। ਵਿਕਾਸ ਦੇ ਨਾਂਅ ਉੱਤੇ ਪਿੰਡ-ਪਿੰਡ ਤੱਕ ਇੱਕ ਹੀ ਨਹੀਂ, ਦੋ ਤੋਂ ਤਿੰਨ ਤੱਕ ਲਿੰਕ ਸੜਕਾਂ ਬਣਾ ਕੇ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਗਿਆ। ਜਰਨੈਲੀ ਸੜਕਾਂ ਬਣਾਉਣ ਸਮੇਂ ਵੀ ਇਹ ਧਿਆਨ ਨਹੀਂ ਰੱਖਿਆ ਗਿਆ ਕਿ ਪਾਣੀ ਦੇ ਵਹਾਅ ਨੂੰ ਰੋਕ ਨਾ ਪਵੇ। ਪਾਣੀ ਦੇ ਤੇਜ਼ ਵੇਗ ਨੂੰ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ। ਜਦੋਂ ਉਹ ਇੱਕ ਸੜਕ ਨਾਲ ਲੱਗੀ ਡਾਫ ਤੋਂ ਇਕੱਠਾ ਹੋ ਕੇ ਅੱਗੇ ਵਧਦਾ ਹੈ ਤਾਂ ਸਭ ਕੁਝ ਨਾਲ ਵਹਾ ਕੇ ਲੈ ਜਾਂਦਾ ਹੈ।
ਅਜ਼ਾਦੀ ਤੋਂ ਬਾਅਦ ਦੇ ਲੰਮੇ ਅਰਸੇ ਦੌਰਾਨ ਜੇਕਰ ਸਰਕਾਰਾਂ ਬਰਸਾਤਾਂ ਸਮੇਂ ਆਉਂਦੇ ਪਾਣੀ ਨੂੰ ਸਾਂਭਣ ਦਾ ਸਹੀ ਰਾਹ ਅਪਣਾਉਂਦੀਆਂ ਤਾਂ ਨਾ ਅੱਜ ਪਾਣੀ ਦੀ ਹੋਂਦ ਦਾ ਸੰਕਟ ਖੜਾ ਹੁੰਦਾ ਤੇ ਨਾ ਹੀ ਪਾਣੀ ਦੀ ਮਾਰ ਦਾ।
ਸਤਲੁੱਜ ਦਰਿਆ ਉੱਤੇ ਰੋਪੜ ਪਾਸ ਬਣਿਆ ਪੁਲ ਦੋ ਕੰਮ ਦਿੰਦਾ ਹੈ। ਇੱਕ ਆਵਾਜਾਈ ਦਾ ਤੇ ਦੂਜਾ ਪਾਣੀ ਦੀ ਸੰਭਾਲ ਦਾ। ਉੱਥੋਂ ਲੈ ਕੇ ਗਿੱਦੜਪਿੰਡੀ ਤੱਕ 5 ਪੁਲ ਬਣੇ ਹੋਏ ਹਨ। ਜੇਕਰ ਇਨ੍ਹਾਂ ਪੁਲਾਂ ਨੂੰ ਵੀ ਰੋਪੜ ਵਾਲੇ ਪੁਲ ਵਾਂਗ ਪਾਣੀ ਦੀ ਸੰਭਾਲ ਦੀ ਲੋੜ ਅਨੁਸਾਰ ਬਣਾਇਆ ਜਾਂਦਾ, ਇਸ ਨਾਲ ਕਈ ਲਾਭ ਪ੍ਰਾਪਤ ਕੀਤੇ ਜਾ ਸਕਦੇ ਸਨ। ਇਸੇ ਤਰ੍ਹਾਂ ਪੰਜਾਬ ਦੇ ਦੂਜੇ ਦਰਿਆਵਾਂ ਤੇ ਹੁਣ ਤਬਾਹੀ ਮਚਾ ਰਹੀਆਂ ਘੱਗਰ, ਮਾਰਕੰਡਾ, ਟਾਂਗਰੀ, ਛੋਟੀ ਤੇ ਵੱਡੀ ਨਦੀ ਦੇ ਬਰਸਾਤੀ ਪਾਣੀ ਨੂੰ ਸੰਭਾਲਿਆ ਜਾ ਸਕਦਾ ਸੀ। ਇਹੋ ਨਹੀਂ, ਦੁਆਬੇ ਵਿਚ ਦੀ ਵਗਦੀਆਂ ਵੇਈਆਂ ਤੇ ਦਰਜਨਾਂ ਚੋਆਂ ਵਿੱਚ ਵਗਦੇ ਪਾਣੀ ਨੂੰ ਵੀ ਸੰਭਾਲ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਸੀ। ਇੰਜ ਕਰਕੇ ਧਰਤੀ ਦੇ ਗਰਭ ਨੂੰ ਨਿਚੋੜ ਕੇ ਕੱਢੇ ਜਾ ਰਹੇ ਪਾਣੀ ਦੀ ਵੀ ਕੁਝ ਭਰਪਾਈ ਹੋਣੀ ਸੀ ਤੇ ਨਾਲ ਹੀ ਛੋਟੇ ਪੱਧਰ ਉੱਤੇ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਸੀ। ਪਰ ਅਸੀਂ ਇਸ ਦੇ ਸਭ ਕੁਝ ਉਲਟ ਕਰਦੇ ਰਹੇ ਹਾਂ। ਜ਼ਮੀਨ ਦੀ ਲਾਲਸਾ ਵਿੱਚ ਅਸੀਂ ਹਜ਼ਾਰਾਂ ਤਲਾਅ, ਛੋਟੀਆਂ ਨਦੀਆਂ, ਵੇਈਆਂ ਤੇ ਚੋਆਂ ਨੂੰ ਹੜੱਪ ਚੁੱਕੇ ਹਾਂ। ਅੱਜ ਬਹੁਤ ਸਾਰੇ ਪਾਣੀ ਦੇ ਕੁਦਰਤੀ ਰਾਹਾਂ ਉੱਤੇ ਬਸਤੀਆਂ ਬਣ ਚੁੱਕੀਆਂ ਹਨ। ਆਖਰ ਜਦੋਂ ਬਰਸਾਤਾਂ ਆਉਂਦੀਆਂ ਹਨ ਤਾਂ ਪਾਣੀ ਆਪਣਾ ਰਾਹ ਲੱਭਦਾ ਇਨ੍ਹਾਂ ਬਸਤੀਆਂ ਵਿੱਚ ਤਬਾਹੀ ਮਚਾ ਦਿੰਦਾ ਹੈ। ਇੱਕ ਹੋਰ ਵੱਡੀ ਸਮੱਸਿਆ ਹੈ ਕਿ ਸਰਕਾਰ ਦਾ ਡਰੇਨੇਜ ਮਹਿਕਮਾ ਨਾ ਵੇਈਆਂ ਤੇ ਚੋਆਂ ਦੀ ਸਮੇਂ ਸਿਰ ਸਫਾਈ ਕਰਵਾਉਂਦਾ ਹੈ ਤੇ ਨਾ ਹੀ ਇਨ੍ਹਾਂ ਦੇ ਕੰਢਿਆਂ ਉੱਤੇ ਬਣੇ ਬੰਨ੍ਹਾਂ ਨੂੰ ਮਜ਼ਬੂਤ ਕਰਦਾ ਹੈ। ਕੁਝ ਵੇਈਆਂ ਤੇ ਚੋਅ ਅਜਿਹੇ ਵੀ ਹਨ, ਜਿਨ੍ਹਾਂ ਦੇ ਕੰਢਿਆਂ ਦੁਆਲੇ ਬੰਨ੍ਹ ਹੀ ਨਹੀਂ ਹਨ।
ਪਾਣੀ ਦੀ ਇਸ ਦੋ ਪਾਸੜ ਸਮੱਸਿਆ ਦਾ ਇੱਕੋ ਹੱਲ ਹੈ ਕਿ ਸਰਕਾਰ ਬਰਸਾਤੀ ਪਾਣੀ ਦੀ ਸੰਭਾਲ ਤੇ ਲੁਪਤ ਹੋ ਰਹੀਆਂ ਨਦੀਆਂ, ਵੇਈਆਂ ਤੇ ਚੋਆਂ ਦੀ ਮੁੜ ਸੁਰਜੀਤੀ ਤੇ ਹਰ ਪਿੰਡ ਵਿੱਚ ਇੱਕ ਤਲਾਅ ਲਈ ਜੰਗੀ ਪੱਧਰ ਉੱਤੇ ਕੰਮ ਕਰੇ ਅਤੇ ਪਾਣੀ ਦੇ ਕੁਦਰਤੀ ਰਾਹਾਂ ਵਿਚਲੀਆਂ ਰੁਕਾਵਟਾਂ ਨੂੰ ਦੂਰ ਕਰੇ।

1024 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper