Latest News
ਹੁਣ ਸ੍ਰੀਲੰਕਾ 'ਚ ਸੀਤਾ ਮੰਦਰ ਬਣਾਉਣ ਦਾ ਰੌਲਾ ਪਿਆ

Published on 17 Jul, 2019 11:39 AM.


ਭੋਪਾਲ : ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ 'ਤੇ ਦੇਸ਼ ਵਿਚ ਚੱਲ ਰਹੀ ਬਹਿਸ ਦੇ ਵਿਚ ਹੀ ਹੁਣ ਸ੍ਰੀਲੰਕਾ ਵਿਚ ਸੀਤਾ ਮੰਦਰ ਬਣਾਉਣ ਦੀ ਚਰਚਾ ਛਿੜ ਗਈ ਹੈ। ਮੱਧ ਪ੍ਰਦੇਸ਼ 'ਚ ਹੁਕਮਰਾਨ ਕਾਂਗਰਸ ਤੇ ਆਪੋਜ਼ੀਸ਼ਨ ਭਾਜਪਾ ਦੇ ਆਗੂਆਂ ਵਿਚਾਲੇ ਇਸ ਨੂੰ ਲੈ ਕੇ ਜ਼ੁਬਾਨੀ ਜੰਗ ਛਿੜ ਗਈ ਹੈ। ਸੂਬੇ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਪੀ ਸੀ ਸ਼ਰਮਾ ਨੇ ਕਿਹਾ ਹੈ ਕਿ ਇਕ ਅਫਸਰ ਨੂੰ ਸ੍ਰੀਲੰਕਾ ਭੇਜ ਕੇ ਜਾਂਚ ਕਰਾਈ ਜਾਵੇਗੀ ਕਿ ਉਥੇ ਮੰਦਰ ਬਣਾਇਆ ਜਾਣਾ ਚਾਹੀਦਾ ਹੈ ਕਿ ਨਹੀਂ।
ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਰਮਾ ਦੇ ਬਿਆਨ ਤੋਂ ਬਾਅਦ 17 ਜੁਲਾਈ ਨੂੰ ਟਵੀਟ ਕੀਤਾ, ''ਸਾਰੀ ਦੁਨੀਆ ਜਾਣਦੀ ਹੈ ਕਿ ਸੀਤਾ ਜੀ ਨੂੰ ਲੰਕਾ ਵਿਚ ਅਸ਼ੋਕ ਵਾਟਿਕਾ ਵਿਚ ਰੱਖਿਆ ਗਿਆ ਸੀ ਤੇ ਉਨ੍ਹਾ ਉਥੇ ਅਗਨੀ ਪ੍ਰੀਖਿਆ ਵੀ ਦਿੱਤੀ ਸੀ। ਮੈਂ (ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ) ਜਦ ਸ੍ਰੀਲੰਕਾ ਗਿਆ ਸੀ ਤਾਂ ਮੇਰੇ ਮਨ ਵਿਚ ਇਹ ਭਾਵ ਆਇਆ ਕਿ ਇਥੇ ਵਿਸ਼ਾਲ ਮੰਦਰ ਬਣਾਉਣਾ ਚਾਹੀਦਾ ਹੈ। ਮੈਨੂੰ ਹੈਰਾਨੀ ਹੈ ਕਿ ਕਮਲਨਾਥ ਸਰਕਾਰ ਤੱਥਾਂ ਨੂੰ ਜਾਂਚਣ ਦੀ ਗੱਲ ਕਿਉਂ ਕਰ ਰਹੀ ਹੈ। ਕਮਲਨਾਥ ਸਰਕਾਰ ਦੇ ਅਫਸਰ ਸ੍ਰੀਲੰਕਾ ਜਾ ਕੇ ਸਰਵੇ ਕਰਵਾ ਕੇ ਵੈਰੀਫਾਈ ਕਰਨਗੇ ਕਿ ਮਾਤਾ ਸੀਤਾ ਨੂੰ ਅਗਵਾ ਕੀਤਾ ਗਿਆ ਸੀ ਕਿ ਨਹੀਂ। ਮਿੱਤਰੋ ਕੀ ਇਸਤੋਂ ਵੱਧ ਹਾਸੋਹੀਣੀ ਗੱਲ ਕੋਈ ਹੋ ਸਕਦੀ ਹੈ? ਪੂਰੀ ਦੁਨੀਆ ਜਿਸ ਸੱਚ ਨੂੰ ਜਾਣਦੀ ਹੈ ਉਸ ਦੀ ਜਾਂਚ ਕਰਾਉਣ ਦੀ ਗੱਲ ਕਰਕੇ ਕਮਲਨਾਥ ਸਰਕਾਰ ਨੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।'' ਚੌਹਾਨ ਨੇ ਟਵੀਟ ਦੇ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਤੇ ਸ੍ਰੀਲੰਕਾ ਦੀ ਸਰਕਾਰ ਤੋਂ ਉਨ੍ਹਾਂ ਸ੍ਰੀਲੰਕਾ ਵਿਚ ਸੀਤਾ ਮੰਦਰ ਬਣਾਉਣ ਦੀਆਂ ਜ਼ਰੂਰੀ ਮਨਜ਼ੂਰੀਆਂ ਲੈ ਲਈਆਂ ਸਨ।
ਦਰਅਸਲ 2012 ਵਿਚ ਜਦ ਚੌਹਾਨ ਮੁੱਖ ਮੰਤਰੀ ਸਨ ਤਾਂ ਸ੍ਰੀਲੰਕਾ ਦੇ ਤਤਕਾਲੀ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਮੱਧ ਪ੍ਰਦੇਸ਼ ਦੇ ਸਾਂਚੀ ਵਿਚ ਬੌਧ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਆਏ ਸੀ। ਇਸ ਦੌਰਾਨ ਚੌਹਾਨ ਨੇ ਰਾਜਪਕਸ਼ੇ ਅੱਗੇ ਸ੍ਰੀਲੰਕਾ ਵਿਚ ਸੀਤਾ ਮੰਦਰ ਬਣਾਉਣ ਦਾ ਸੁਝਾਅ ਰੱਖਿਆ ਸੀ। ਇਹ ਮੰਦਰ ਸ੍ਰੀਲੰਕਾ ਦੇ ਦਿਵੂਰਮਪੋਲਾ ਵਿਚ ਬਣਨਾ ਸੀ, ਜਿੱਥੇ ਪੌਰਾਣਿਕ ਮਾਨਤਾਵਾਂ ਮੁਤਾਬਕ ਸੀਤਾ ਨੇ ਅਗਨੀ ਪ੍ਰੀਖਿਆ ਦਿੱਤੀ ਸੀ। ਚੌਹਾਨ ਨੇ ਦੱਸਿਆ ਕਿ ਉਨ੍ਹਾ ਬੌਧ ਮੱਠ ਤੋਂ ਮੰਦਰ ਬਣਾਉਣ ਲਈ ਕੁਝ ਜ਼ਮੀਨ ਮੰਗੀ ਸੀ ਤੇ ਉਹ ਦੇਣ ਲਈ ਰਾਜ਼ੀ ਹੋ ਗਿਆ ਸੀ। ਇਹ ਮੰਦਰ ਬੌਧ ਮੱਠ ਤੇ ਵਰਤਮਾਨ ਵਿਚ ਉਥੇ ਮੌਜੂਦ ਸੀਤਾ ਚਬੂਤਰੇ ਦੇ ਕੋਲ ਵਾਲੀ ਜ਼ਮੀਨ 'ਤੇ ਬਣਨਾ ਸੀ।
ਉਧਰ ਸ਼ਰਮਾ ਨੇ ਕਿਹਾ ਹੈ ਕਿ ਚੌਹਾਨ ਨੇ ਦਾਅਵਾ ਕੀਤਾ ਸੀ ਕਿ ਜਿਸ ਥਾਂ ਰਾਵਣ ਨੇ ਸੀਤਾ ਨੂੰ ਬੰਦੀ ਬਣਾ ਕੇ ਰੱਖਿਆ ਸੀ, ਉਥੇ ਮੰਦਰ ਬਣਾਇਆ ਜਾਵੇਗਾ। ਉਨ੍ਹਾ ਫਾਈਲਾਂ ਫਰੋਲ ਕੇ ਦੇਖੀਆਂ ਹਨ, ਉਨ੍ਹਾ ਨੂੰ ਕੋਈ ਲਿਖਤੀ ਆਦੇਸ਼ ਨਜ਼ਰ ਨਹੀਂ ਆਇਆ। ਇਸ ਦਿਸ਼ਾ ਵਿਚ ਚੌਹਾਨ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਸ਼ਰਮਾ ਨੇ ਕਿਹਾ, ''ਅਸੀਂ ਚੌਹਾਨ ਵਾਂਗ ਐਲਾਨ ਨਹੀਂ ਕਰਾਂਗੇ, ਸਗੋਂ ਤੱਥਾਂ ਦੇ ਆਧਾਰ 'ਤੇ ਕੰਮ ਕਰਾਂਗੇ। ਚੌਹਾਨ ਨੇ ਰਾਮ ਵਨ ਗਮਨ ਪੱਥ ਬਣਾਉਣ ਦੀ ਗੱਲ ਕਹੀ ਸੀ, ਪਰ ਕੀਤਾ ਕੁਝ ਨਹੀਂ। ਇਸ 'ਤੇ ਵੀ ਕੰਮ ਕਮਲਨਾਥ ਸਰਕਾਰ ਵਿਚ ਹੋ ਰਿਹਾ ਹੈ। ਅਸੀਂ ਪੱਥ ਦਾ ਨਕਸ਼ਾ ਬਣਾ ਲਿਆ ਹੈ। ਛੇਤੀ ਹੀ ਚਿੱਤਰਕੂਟ ਤੋਂ ਲੈ ਕੇ ਅਮਰਕੰਟਕ ਤੱਕ 200 ਕਿਲੋਮੀਟਰ ਦਾ ਪੱਥ ਬਣਾ ਦੇਵਾਂਗੇ। ਬੱਜਟ ਵਿਚ ਇਸ ਲਈ ਰਕਮ ਵੀ ਰੱਖ ਲਈ ਗਈ ਹੈ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper