Latest News
ਪਾਕਿਸਤਾਨ 'ਚ ਹਾਫਿਜ਼ ਸਈਦ ਗ੍ਰਿਫ਼ਤਾਰ

Published on 17 Jul, 2019 11:42 AM.


ਇਸਲਾਮਾਬਾਦ : ਮੁੰਬਈ ਹਮਲੇ ਦੇ ਸਾਜ਼ਿਸ਼ਘਾੜਾ ਹਾਫਿਜ਼ ਸਈਦ ਨੂੰ ਅੱਜ ਪਾਕਿਸਤਾਨ 'ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਹਾਫਿਜ਼ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦ ਉਹ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਇੱਕ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲੈਣ ਲਈ ਗੁਜਰਾਂਵਾਲਾ ਜਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾ ਨੂੰ ਲਾਹੌਰ ਦੇ ਕੋਟ ਲਖਪਤ ਜੇਲ੍ਹ 'ਚ ਭੇਜਿਆ ਗਿਆ ਹੈ। ਅੱਤਵਾਦੀ ਵਿਰੋਧੀ ਵਿਭਾਗ ਦੇ ਮੁਤਾਬਿਕ ਹਾਫਿਜ਼ ਨੂੰ 30 ਦਿਨਾਂ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਸਈਦ ਦੀ ਗ੍ਰਿਫ਼ਤਾਰੀ ਅੱਤਵਾਦੀ ਫੰਡਿੰਗ ਦੇ ਦੋਸ਼ 'ਚ ਹੋਈ ਹੈ। ਹਾਲਾਂਕਿ ਪਾਕਿਸਤਾਨ ਦੀ ਇਸ ਕਾਰਵਾਈ 'ਤੇ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਾਫਿਜ਼ 'ਤੇ ਪਹਿਲਾਂ ਵੀ ਕਾਰਵਾਈ ਕੀਤੇ ਜਾਣ ਦਾ ਡਰਾਮਾ ਕੀਤਾ ਜਾ ਚੁੱਕਾ ਹੈ, ਪਰ ਉਸ ਦੇ ਖਿਲਾਫ਼ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰਥਿਕ ਰੂਪ ਤੋਂ ਬਦਹਾਲ ਪਾਕਿਸਤਾਨ ਦੁਨੀਆ ਨੂੰ ਭੁਲੇਖੇ 'ਚ ਰੱਖਣ ਲਈ ਵੀ ਇਹ ਕਾਰਵਾਈ ਕਰ ਰਿਹਾ ਹੈ, ਅਸਲ 'ਚ ਪਾਕਿਸਤਾਨ ਨੂੰ ਫਾਈਨਾਂਸਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ਼) ਤੋਂ ਬਲੈਕ ਲਿਸਟ ਹੋਣ ਦਾ ਡਰ ਸਤਾ ਰਿਹਾ ਹੈ।
ਪੰਜਾਬ ਦੇ ਰਾਜਪਾਲ ਸ਼ਾਹਬਾਜ਼ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ, 'ਉਨ੍ਹਾਂ 'ਤੇ ਮੁੱਖ ਦੋਸ਼ ਇਹ ਸੀ ਕਿ ਉਹ ਪਾਬੰਦੀਸ਼ੁਦਾ ਸੰਸਥਾਵਾਂ ਲਈ ਚੰਦਾ ਇਕੱਠਾ ਕਰ ਰਹੇ ਸਨ, ਜੋ ਗੈਰ-ਕਾਨੂੰਨੀ ਹੈ।'ਅਸਲ 'ਚ ਹਾਫਿਜ਼ 'ਤੇ ਇਹ ਕਾਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਾਸ਼ਿੰਗਟਨ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈ ਹੈ ਤਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੁਨੀਆ 'ਚ ਕੱਟੜਪੰਥੀਆਂ ਦੇ ਖਿਲਾਫ਼ ਕਾਰਵਾਈ ਕਰਨ ਦਾ ਸੰਦੇਸ਼ ਦੇ ਸਕੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਜਾਣ ਵਾਲੇ ਹਨ, ਇਸ 'ਚ ਸਰਕਾਰ ਦੀ ਇਹ ਕਾਰਵਾਈ ਮੁਲਾਕਾਤ ਤੋਂ ਪਹਿਲਾਂ ਬਣਾਈ ਜਾਣ ਵਾਲੀ ਭੂਮਿਕਾ ਦੇ ਰੂਪ 'ਚ ਦੇਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਰਥਿਕ ਰੂਪ ਤੋਂ ਖਸਤਾ ਹਾਲ ਪਾਕਿਸਤਾਨ ਕਿਸੇ ਤਰ੍ਹਾਂ ਦੀ ਪਾਬੰਦੀ ਝੱਲ ਪਾਉਣ ਦੀ ਸਥਿਤੀ 'ਚ ਨਹੀਂ ਹੈ, ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਖੁਦ ਦੇ ਪਾਲੇ-ਪੋਸੇ ਅੱਤਵਾਦੀਆਂ 'ਤੇ ਕਾਰਵਾਈ ਦਾ ਦਿਖਾਵਾ ਕਰਨ ਲਈ ਮਜਬੂਰ ਹੈ।
ਮੁੰਬਈ ਹਮਲੇ ਦੇ ਵਕੀਲ ਉਜਵਲ ਨਿਕਮ ਨੇ ਹਾਲਾਂਕਿ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਸਿਰਫ਼ ਦਿਖਾਵਾ ਦੱਸਿਆ ਹੈ। ਅਸੀਂ ਮੁੰਬਈ ਹਮਲੇ ਬਾਰੇ ਪਾਕਿਸਤਾਨ ਨੂੰ ਸਬੂਤ ਸੌਂਪੇ ਸਨ। ਪਾਕਿਸਤਾਨ ਅੰਤਰਰਾਸ਼ਟਰੀ ਦਬਾਅ ਕਾਰਨ ਦੁਨੀਆ ਨੂੰ ਧੋਖਾ ਦੇ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਹਾਫਿਜ਼ ਖਿਲਾਫ਼ ਕਿੰਨੇ ਸਬੂਤ ਕੋਰਟ 'ਚ ਪੇਸ਼ ਕਰਦਾ ਹੈ ਅਤੇ ਉਸ ਨੂੰ ਕਿੰਨੀ ਸਜ਼ਾ ਹੋਵੇਗੀ।

235 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper