Latest News
ਬਰਗਾੜੀ ਮੁੱਦੇ 'ਤੇ ਸੁਖਬੀਰ ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੇ : ਕੈਪਟਨ

Published on 17 Jul, 2019 11:44 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਰਗਾੜੀ ਮੁੱਦੇ 'ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਖਿੱਲੀ ਉਡਾਉਂਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਘਟਨਾ ਨਾਲ ਜੁੜੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਪੂਰੀ ਪੈਰਵੀ ਕਰੇਗੀ। ਬਰਗਾੜੀ ਮਾਮਲਿਆਂ ਵਿੱਚ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੂੰ ਅਕਾਲੀ ਦਲ ਵੱਲੋਂ ਚੁਣੌਤੀ ਦੇਣ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਸ ਮੁੱਦੇ 'ਤੇ ਫਿਕਰਮੰਦ ਹੋਣ ਦਾ ਖੇਖਣ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਜੋ ਉਸ ਮੌਕੇ ਸੂਬੇ ਦਾ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੀ, ਨੇ ਇਸ ਮਾਮਲੇ ਦੀ ਜਾਂਚ ਖੁਦ ਕਰਾਉਣ ਦੀ ਬਜਾਏ ਬਰਗਾੜੀ ਕਾਂਡ ਨਾਲ ਸਬੰਧਤ ਪਹਿਲੇ ਤਿੰਨ ਮਾਮਲਿਆਂ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕੋਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੀ.ਬੀ.ਆਈ. ਨੇ ਆਪਣੀ ਜਾਂਚ ਮੁਕੰਮਲ ਕਰ ਕੇ ਕੇਸ ਬੰਦ ਕਰਨ ਦੀ ਰਿਪੋਰਟ ਦਾਇਰ ਕਰ ਦਿੱਤੀ ਤਾਂ ਸੁਖਬੀਰ ਬਾਦਲ ਬੁਖਲਾ ਗਿਆ ਜਿਸ ਨਾਲ ਇਸ ਸਮੁੱਚੇ ਮਾਮਲੇ ਵਿੱਚ ਕਿਸੇ ਪੱਧਰ 'ਤੇ ਸਾਜ਼ਿਸ਼ ਹੋਣ ਦਾ ਸੰਕੇਤ ਮਿਲਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਸੀ.ਬੀ.ਆਈ. ਦੀ ਰਿਪੋਰਟ ਨੂੰ ਚੁਣੌਤੀ ਦੇਣ ਦੇ ਫੈਸਲੇ ਨੂੰ ਅਦਾਲਤ ਵਿੱਚ ਕਿਵੇਂ ਸਪੱਸ਼ਟ ਕਰੇਗਾ। ਉਨ੍ਹਾਂ ਨੇ ਸੁਖਬੀਰ 'ਤੇ ਵਰ੍ਹਦਿਆਂ ਆਖਿਆ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਇਕ ਵਾਰ ਫਿਰ ਸਿਆਸਤ ਖੇਡ ਰਿਹਾ ਹੈ ਜੋ ਅਕਾਲੀ-ਭਾਜਪਾ ਦੇ ਸ਼ਾਸਨ ਕਾਲ ਦੌਰਾਨ ਇਸ ਮੁੱਦੇ 'ਤੇ ਨਿਰਪੱਖ ਅਤੇ ਵਿਸਥਾਰਤ ਜਾਂਚ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੋਂ ਭੱਜ ਗਿਆ ਸੀ।
ਮੁੱਖ ਮੰਤਰੀ ਨੇ ਸੁਖਬੀਰ ਨੂੰ ਆਖਿਆ ਕਿ ਉਹ ਇਹ ਗੱਲ ਨਾ ਭੁੱਲੇ ਕਿ ਜੇਕਰ ਉਹ ਹੁਣ ਵੀ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ ਤਾਂ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ ਹੈ, ਜਿਸ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਤੱਥਾਂ ਨੂੰ ਤੋੜ-ਮਰੋੜ ਕੇ ਅਤੇ ਗਲਤ ਮੁੱਦੇ ਉਠਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀਆਂ ਕੋਸ਼ਿਸ਼ਾਂ ਬੰਦ ਕਰੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਗੋਲੀ ਚਲਾਉਣ ਦੀਆਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੇ ਵਾਅਦੇ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਘਟਨਾ ਦੇ ਪਰਦੇ ਪਿਛਲੀ ਸਮੁੱਚੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀਆਂ ਅਜਿਹੀਆਂ ਘਿਨਾਉਣੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਕਾਨੂੰਨ ਦੇ ਸ਼ਿਕੰਜੇ 'ਚੋਂ ਬਚ ਕੇ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸੇ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਾਰੇ ਕਾਨੂੰਨੀ ਪੱਖ ਘੋਖਣ ਲਈ ਆਖਿਆ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper