Latest News
ਕੁਲਭੂਸ਼ਨ ਜਾਧਵ ਦੀ ਫਾਂਸੀ 'ਤੇ ਰੋਕ

Published on 17 Jul, 2019 11:45 AM.

ਹੇਗ (ਨਵਾਂ ਜ਼ਮਾਨਾ ਸਰਵਿਸ)
ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤ ਨੂੰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈ ਸੀ ਜੇ) 'ਚ ਵੱਡੀ ਕਾਮਯਾਬੀ ਮਿਲੀ ਹੈ। ਆਪਣੇ 42 ਸਫਿਆ ਦੇ ਫੈਸਲੇ 'ਚ ਆਈ ਸੀ ਜੇ ਨੇ ਜਾਧਵ ਦੀ ਫਾਂਸੀ ਦੀ ਸਜਾ 'ਤੇ ਰੋਕ ਲਾਉਂਦੇ ਹੋਏ ਪਾਕਿਸਤਾਨ ਨੂੰ ਸਜਾ ਦੀ ਸਮੀਖਿਆ ਕਰਨ ਲਈ ਕਿਹਾ ਹੈ। ਇਸ ਦੇ ਨਾਲ-ਨਾਲ ਉਸ ਨੂੰ ਜਾਧਵ ਤੱਕ ਭਾਰਤ ਨੂੰ ਕੌਂਸਲ ਐਕਸਿਸ ਦੇਣ ਦਾ ਆਦੇਸ਼ ਦਿੱਤਾ ਹੈ। ਆਈ ਸੀ ਜੇ ਨੇ ਆਪਣੇ ਆਦੇਸ਼ 'ਚ ਕਿਹਾ ਕਿ ਭਾਰਤ ਨੂੰ ਕੌਂਸਲਰ ਐਕਸਿਸ ਨਾ ਦੇ ਕੇ ਪਾਕਿਸਤਾਨ ਨੇ ਵਿਆਨਾ ਸੰਧੀ ਦੀ ਉਲੰਘਣ ਕੀਤੀ ਹੈ। ਪਾਕਿਸਤਾਨ ਨੂੰ ਕਿਹਾ ਕਿ ਉਹ ਜਾਧਵ ਨੂੰ ਫਾਂਸੀ ਦੀ ਸਜਾ 'ਤੇ ਦੁਬਾਰਾ ਵਿਚਾਰ ਕਰੇ ਅਤੇ ਉਸ ਦੀ ਸਮੀਖਿਆ ਕਰੇ। ਸਜਾ ਦੀ ਸਮੀਖਿਆ ਤੱਕ ਜਾਧਵ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਜਾਧਵ ਨੂੰ ਭਾਰਤ ਵੱਲੋਂ ਕਥਿਤ ਜਾਸੂਸੀ ਕਰਨ ਅਤੇ ਅੱਤਵਾਦ 'ਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਉਂਦੇ ਹੋਏ ਫਾਂਸੀ ਦੀ ਸਜਾ ਸੁਣਾਈ ਸੀ।
ਹਾਲਾਂਕਿ, ਆਈ ਸੀ ਜੇ ਪਾਕਿਸਤਾਨ ਫੌਜੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ, ਜਾਧਵ ਦੀ ਰਿਹਾਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਪਹੁੰਚਾਉਣ ਦੀ ਨਵੀਂ ਦਿੱਲੀ ਦੀਆਂ ਕਈ ਮੰਗਾਂ ਖਾਰਜ ਕਰ ਦਿੱਤੀਆਂ। ਫਿਰ ਵੀ ਆਈ ਸੀ ਜੇ ਦਾ ਇਹ ਫੈਸਲਾ ਭਾਰਤ ਦੇ ਲਈ ਵੱਡੀ ਜਿੱਤ ਹੈ ਅਤੇ ਪਾਕਿਸਤਾਨ ਲਈ ਵੱਡਾ ਝਟਕਾ ਹੈ। ਆਈ ਸੀ ਜੇ ਨੇ ਜਾਧਵ ਤੱਕ ਰਾਜਨਾਇਕ ਪਹੁੰਚ ਦਿੱਤੇ ਜਾਣ ਦੀ ਭਾਰਤ ਦੀ ਮੰਗ ਦੇ ਪਖ 'ਚ ਫੈਸਲਾ ਸੁਣਾਇਆ ਹੈ। ਹੁਣ ਭਾਰਤੀ ਉਚ ਕਮਿਸ਼ਨ ਜਾਧਵ ਨਾਲ ਮੁਲਾਕਾਤ ਕਰ ਸਕੇਗਾ ਅਤੇ ਉਨ੍ਹਾਂ ਨੂੰ ਵਕੀਲ ਅਤੇ ਹੋਰ ਕਾਨੂੰਨੀ ਸੁਵਿਧਾਵਾਂ ਦੇ ਸਕੇਗਾ। ਕੋਰਟ ਨੇ ਭਾਰਤ ਦੀ ਅਪੀਲ ਦੇ ਖਿਲਾਫ਼ ਪਾਕਿਸਤਾਨ ਦੇ ਜ਼ਿਆਦਾਤਰ ਇਤਰਾਜ਼ ਸਿਰੇ ਤੋਂ ਖਾਰਜ ਕਰ ਦਿੱਤੇ।
ਆਈ ਸੀ ਜੇ ਨੇ 15-1 ਦੇ ਬਹੁਮਤ ਨਾਲ ਭਾਰਤ ਦੇ ਹੱਕ 'ਚ ਫੈਸਲਾ ਸੁਣਾਇਆ। ਇੰਟਰਨੈਸ਼ਨਲ ਕੋਰਟ ਨੇ ਕਿਹਾ ਕਿ ਜਾਧਵ ਨੂੰ ਕੌਂਸਲਰ ਐਕਸਿਸ ਮਿਲਣੀ ਚਾਹੀਦੀ। ਪਾਕਿਸਤਾਨ ਨੇ ਵਿਆਨਾ ਸੰਧੀ ਦੇ ਆਰਟੀਕਲ 36 (1) ਦਾ ਉਲੰਘਣ ਕੀਤਾ ਹੈ। ਆਈ ਸੀ ਜੇ ਨੇ ਆਪਣੇ ਫੈਸਲੇ 'ਚ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਣ ਜਾਧਵ ਨਾਲ ਮਿਲਣ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਰਟ 'ਚ ਪੱਖ ਰੱਖਣ ਦਿੱਤਾ।
ਜਿਕਰਯੋਗ ਹੈ ਕਿ ਪਾਕਿਸਤਾਨ ਨੇ 3 ਮਾਰਚ 2016 ਨੂੰ ਦਾਵਾ ਕੀਤਾ ਸੀ ਕਿ ਉਸ ਨੇ ਰਿਟਾਇਰ ਭਾਰਤੀ ਨੇਵੀ ਅਫਸਰ ਨੂੰ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਭਾਰਤ ਨੇ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਇਸਲਾਮਾਬਾਦ ਨੇ ਰਿਟਾਇਰਡ ਨੇਵੀ ਅਫਸਰ ਕੁਲਭੂਸ਼ਣ ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ, ਜਿੱਥੇ ਉਹ ਰਿਟਾਇਰਮੈਂਟ ਤੋਂ ਬਾਅਦ ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਗਿਆ ਸੀ।
ਕੁਲਭੂਸ਼ਨ ਮਾਮਲੇ 'ਤੇ ਮਿਲੀ ਇਸ ਜਿੱਤ 'ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ ਕਿ ਕੁਲਭੂਸ਼ਣ ਜਾਧਵ ਦੇ ਮਾਮਲੇ 'ਤੇ ਇੰਟਰਨੈਸ਼ਨਲ ਕੋਰਟ ਦੇ ਫੈਸਲੇ ਦਾ ਤਹਿ ਦਿਲੋਂ ਸਵਾਗਤ ਹੈ। ਇਹ ਭਾਰਤ ਲਈ ਵੱਡੀ ਜਿੱਤ ਹੈ। ਸ਼ੁਸ਼ਮਾ ਸਵਰਾਜ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤਾ।
ਜਿਕਰਯੋਗ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਕੁਲਭੂਸ਼ਣ ਜਾਧਵ ਦੇ ਮਾਮਲੇ ਨੂੰ ਇੰਟਰਨੈਸ਼ਨ ਕੋਰਟ ਤੱਕ ਲੈ ਲਿਜਾਇਆ ਗਿਆ।

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper