Latest News
ਬਿਹਾਰ ਹੜ੍ਹਾਂ ਦੀ ਮਾਰ ਹੇਠ, ਮੰਤਰੀਆਂ ਨੇ ਦੇਖੀ ਫਿਲਮ

Published on 18 Jul, 2019 09:15 AM.


ਪਟਨਾ : ਹੜ੍ਹਾਂ ਨਾਲ ਜੂਝ ਰਹੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਸੁਪਰ-30 ਫਿਲਮ ਦੇਖਣ 'ਤੇ ਆਪੋਜ਼ੀਸ਼ਨ ਦੇ ਨਿਸ਼ਾਨੇ 'ਤੇ ਆ ਗਏ ਹਨ। ਸੋਸ਼ਲ ਮੀਡੀਆ 'ਤੇ ਫਿਲਮ ਦੇਖਦਿਆਂ ਦੀ ਮੋਦੀ ਦੀ ਤਸਵੀਰ ਵਾਇਰਲ ਹੋ ਰਹੀ ਹੈ।
ਫਿਲਮ ਨੂੰ ਟੈਕਸ ਫ੍ਰੀ ਕੀਤੇ ਜਾਣ ਦੇ ਬਾਅਦ ਅਭਿਨੇਤਾ ਰਿਤਿਕ 16 ਜੁਲਾਈ ਨੂੰ ਮੋਦੀ ਨੂੰ ਮਿਲੇ ਅਤੇ ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਆਰ ਜੇ ਡੀ ਦੇ ਟਵਿਟਰ ਹੈਂਡਲ 'ਤੇ ਪਾਰਟੀ ਨੇ ਲਿਖਿਆ, 'ਨਿਸ਼ਬਦ! ਬਿਹਾਰ ਵਜ਼ਾਰਤ ਸੁਸ਼ੀਲ ਮੋਦੀ ਦੀ ਅਗਵਾਈ ਵਿਚ ਮਲਟੀਪਲੈਕਸ ਵਿਚ ਫ੍ਰੀ ਡਿਨਰ ਦੇ ਨਾਲ ਫਿਲਮ ਦੇਖ ਰਹੀ ਸੀ। ਉੱਤੋਂ ਮੰਤਰੀ ਕਹਿ ਰਹੇ ਸੀ ਕਿ ਹੜ੍ਹ ਆਏ ਤਾਂ ਕੀ ਖਾਣਾ-ਪੀਣਾ ਤੇ ਮੂਵੀ ਦੇਖਣੀ ਛੱਡ ਦਈਏ। ਬੇਸ਼ਰਮ ਕਿਤੇ ਦੇ।'
ਬਿਹਾਰ 'ਚ ਨੇਪਾਲ ਤੋਂ ਆਉਣ ਵਾਲੀਆਂ ਨਦੀਆਂ ਦੇ ਪਾਣੀ 'ਚ ਵੀਰਵਾਰ ਨੂੰ ਚਾਹੇ ਹੀ ਕਮੀ ਆਈ ਹੈ, ਪ੍ਰੰਤੂ ਸੂਬੇ 'ਚ ਹੜ੍ਹ ਪ੍ਰਭਾਵਤ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ 'ਚ ਹਾਲੇ ਕੋਈ ਕਮੀ ਨਹੀਂ ਆਈ। ਸੂਬੇ ਦੇ 12 ਜ਼ਿਲ੍ਹਿਆਂ 'ਚ ਹਾਲੇ ਵੀ ਹੜ੍ਹ ਦੀ ਸਥਿਤੀ ਖ਼ਤਰਨਾਕ ਬਣੀ ਹੋਈ ਹੈ। ਸੂਬੇ ਦੇ 12 ਜ਼ਿਲ੍ਹਿਆਂ ਦੇ 92 ਬਲਾਕਾਂ ਦੀਆਂ 831 ਪੰਚਾਇਤਾਂ 'ਚ ਹੜ੍ਹ ਕਾਰਨ ਹਾਲਾਤ ਗੰਭੀਰ ਹੋ ਚੁੱਕੇ ਹਨ, ਜਿਸ ਕਾਰਨ ਕਰੀਬ 47 ਲੱਖ ਦੀ ਆਬਾਦੀ ਪ੍ਰਭਾਵਤ ਹੈ।
ਇਸ ਦੌਰਾਨ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ 47 ਲੋਕਾਂ ਦੀ ਮੌਤ ਸੀਤਾਮੜੀ ਜ਼ਿਲ੍ਹੇ 'ਚ ਹੋਈ, ਜਦਕਿ ਅਰਰੀਆ 'ਚ 12 ਅਤੇ ਮਧੂਬਨੀ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਦੇ ਜਲ ਸਰੋਤ ਵਿਭਾਗ ਮੁਤਾਬਕ ਨੇਪਾਲ ਤੋਂ ਆਉਣ ਵਾਲੀ ਕੋਸੀ ਨਦੀ ਸਮੇਤ ਕਈ ਨਦੀਆਂ ਦੇ ਪਾਣੀ 'ਚ ਵੀਰਵਾਰ ਨੂੰ ਕਮੀ ਦਰਜ ਕੀਤੀ ਗਈ ਹੈ।
ਹੜ੍ਹ ਦਾ ਸਭ ਤੋਂ ਜ਼ਿਆਦਾ ਅਸਰ ਸੀਤਾਮੜੀ, ਮਧੂਬਨੀ, ਅਰਰੀਆ, ਦਰਭੰਗਾ 'ਚ ਹੈ। ਪ੍ਰਭਾਵਤ ਪਿੰਡਾਂ 'ਚ ਰਾਹਤ ਅਤੇ ਬਚਾਅ ਲਈ 125 ਮੋਟਰਬੋਟਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਐੱਨ ਡੀ ਆਰ ਐੱਫ਼ ਅਤੇ ਐੱਸ ਡੀ ਆਰ ਐੱਫ਼ ਦੀਆਂ 26 ਟੀਮਾਂ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਤਾਇਨਾਤ ਹਨ।

165 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper