Latest News
ਅਸੰਬਲੀ ਦੀ ਕਾਰਵਾਈ ਮੁਲਤਵੀ, ਧਰਨੇ 'ਤੇ ਬੈਠੇ ਭਾਜਪਾ ਵਿਧਾਇਕ

Published on 18 Jul, 2019 09:16 AM.


ਬੈਂਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ 'ਚ ਸਿਆਸੀ ਡਰਾਮਾ ਜਾਰੀ ਹੈ। ਵੀਰਵਾਰ ਨੂੰ ਭਰੋਸੇ ਦਾ ਮਤਾ ਪੇਸ਼ ਕੀਤੇ ਬਿਨਾਂ ਸਪੀਕਰ ਰਮੇਸ਼ ਕੁਮਾਰ ਨੇ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਦਾ ਵਿਰੋਧ ਕਰਦੇ ਹੋਏ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ 'ਚ ਧਰਨੇ 'ਤੇ ਬੈਠਣ ਦਾ ਐੈਲਾਨ ਕਰ ਦਿੱਤਾ। ਭਾਜਪਾ ਵਿਧਾਇਕਾਂ ਨੇ ਮੰਗ ਕੀਤੀ ਕਿ ਸਪੀਕਰ ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਅਤੇ ਵਿਸ਼ਵਾਸ਼ ਪ੍ਰਸਤਾਵ 'ਤੇ ਵੋਟਿੰਗ ਕਰਾਉਣ। ਮੰਗ ਨਾ ਮੰਨਣ ਦੀ ਸਥਿਤੀ 'ਚ ਵਿਧਾਇਕਾਂ ਨੇ ਰਾਤ ਭਰ ਵਿਧਾਨ ਸਭਾ 'ਚ ਧਰਨੇ 'ਤੇ ਬੈਠਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਵੀਰਵਾਰ ਨੂੰ ਸਦਨ 'ਚ ਵਿਸ਼ਵਾਸ ਮੱਤ ਪ੍ਰੀਖਣ ਲਈ ਤਰੀਕ ਤੈਅ ਕੀਤੀ ਸੀ। ਵੀਰਵਾਰ ਸਵੇਰੇ ਬਹਿਸ ਦੌਰਾਨ ਭਾਜਪਾ ਅਤੇ ਕਾਂਗਰਸ ਵਿਧਾਇਕਾਂ ਦੇ ਵਿਚਾਲੇ ਜੰਮ ਕੇ ਬਹਿਸ ਹੋਈ। ਇਸ ਦੌਰਾਨ ਭਾਜਪਾ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕਰਕੇ ਮਾਮਲੇ 'ਚ ਦਖ਼ਲਅੰਦਾਜ਼ੀ ਕਰਨ ਲਈ ਕਿਹਾ। ਉਨ੍ਹਾ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਪੀਕਰ ਨੂੰ ਭਰੋਸ ਦੇ ਮਤੇ 'ਤੇ ਬਹਿਸ ਜਾਰੀ ਰੱਖਣ ਲਈ ਕਹਿਣ। ਇਸ ਤੋਂ ਬਾਅਦ ਕਰਨਾਟਕ ਦੇ ਰਾਜਪਾਲ ਵਾਜੂਭਾਈ ਵਾਲਾ ਨੇ ਸਪੀਕਰ ਰਮੇਸ਼ ਕੁਮਾਰ ਨੂੰ ਲਿਖਿਆ ਸੀ ਕਿ ਅੱਜ ਹੀ (ਵੀਰਵਾਰ) ਦਿਨ ਦੇ ਖ਼ਤਮ ਹੋਣ ਤੱਕ ਕੁਮਾਰਸਵਾਮੀ ਸਰਕਾਰ ਨੂੰ ਲੈ ਕੇ ਵਿਸ਼ਵਾਸ ਮੱਤ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇ। ਵੀਰਵਾਰ ਨੂੰ ਵਿਧਾਨ ਸਭਾ 'ਚ ਮੁੱਖ ਮੰਤਰੀ ਕੁਮਾਰਸਵਾਮੀ ਨੇ ਵਿਸ਼ਵਾਸ਼ ਪ੍ਰਸਤਾਵ ਪੇਸ਼ ਕੀਤਾ।
ਇਸ ਦੌਰਾਨ ਸਦਨ 'ਚ ਬਾਗੀ ਵਿਧਾਇਕਾਂ ਸਮੇਤ 19 ਐੱਮ ਐੱਲ ਏ ਗੈਰ-ਹਾਜ਼ਰ ਰਹੇ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ।
ਕਰਨਾਟਕ ਦੇ ਰਾਜਪਾਲ ਨੇ ਵਿਧਾਨ ਸਭਾ ਸਪੀਕਰ ਨੂੰ ਲਿਖਿਆ ਸੀ, 'ਵਿਸ਼ਵਾਸ਼ ਪ੍ਰਸਤਾਵ ਇਸ ਸਮੇਂ ਸਦਨ 'ਚ ਵਿਚਾਰ ਅਧੀਨ ਹੈ। ਮੁੱਖ ਮੰਤਰੀ ਤੋਂ ਉਮੀਦ ਹੈ ਕਿ ਉਹ ਸਦਨ ਦਾ ਵਿਸ਼ਵਾਸ਼ ਪ੍ਰਸਤਾਵ 'ਤੇ ਵੋਟਿੰਗ ਕਰਾਉਣ 'ਤੇ ਵਿਚਾਰ ਕਰਨ।' ਇਸ ਤੋਂ ਬਾਅਦ ਕਾਂਗਰਸ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ। ਕਾਂਗਰਸ ਵਿਧਾਇਕ ਐੱਚ ਕੇ ਪਾਟਿਲ ਨੇ ਕਿਹਾ, 'ਗਵਰਨਰ ਨੂੰ ਸੰਵਿਧਾਨ ਮੁਤਾਬਕ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਮੈਂ ਉਨ੍ਹਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਦਨ ਦੀ ਕਾਰਵਾਈ 'ਚ ਦਖ਼ਲਅੰਦਾਜ਼ੀ ਨਾ ਕਰਨ।'
ਮੁੱਖ ਮੰਤਰੀ ਕੁਮਾਰਸਵਾਮੀ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਸਦਨ 'ਚ ਇਸ ਗੱਲ 'ਤੇ ਚਰਚਾ ਨਹੀਂ ਕਰਨਾ ਚਾਹੁੰਦਾ ਕਿ ਸੁਪਰੀਮ ਕੋਰਟ ਨੇ ਆਪਣੇ ਆਦੇਸ਼ 'ਚ ਕੀ ਕਿਹਾ।
ਮੈਂ ਕੇਵਲ ਇਸ ਲਈ ਇੱਥੇ ਨਹੀਂ ਆਇਆ ਹਾਂ ਕਿ ਮੈਂ ਗਠਜੋੜ ਸਰਕਾਰ ਚਲਾ ਸਕਦਾਂ ਜਾਂ ਨਹੀਂ। ਕੁਮਾਰਸਵਾਮੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਮਦਦ ਨਾਲ ਵਿਧਾਇਕ ਸੁਪਰੀਮ ਕੋਰਟ ਗਏ।
ਮੁੱਖ ਮੰਤਰੀ ਨੇ ਕਿਹਾ, 'ਸਾਡੇ ਖਿਲਾਫ਼ ਬੇਬੁਨਿਆਦ ਦੋਸ਼ ਲਾਏ ਗਏ। ਮੈਂ ਸਦਨ 'ਚ ਬਹੁਮਤ ਸਾਬਤ ਕਰਾਂਗਾ। ਮੇਰੀ ਪਹਿਲ ਮੁੱਖ ਮੰਤਰੀ ਬਣੇ ਰਹਿਣ ਜਾਂ ਸੱਤਾ ਬਰਕਰਾਰ ਰੱਖਣਾ ਨਹੀਂ। ਉਹਨਾ ਕਿਹਾ ਕਿ ਸਪੀਕਰ ਦੀ ਭੂਮਿਕਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਕਰਨਾਟਕ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ।
ਭਾਜਪਾ 'ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾ ਕਿਹਾ ਕਿ ਵਿਰੋਧੀ ਦਲ ਦੇ ਨੇਤਾ ਬਹੁਤ ਜਲਦਬਾਜ਼ੀ 'ਚ ਕਿਉਂ ਹਨ, ਉਹ ਅੱਜ ਹੀ ਬਹਿਸ ਕਰਾਉਣ 'ਤੇ ਕਿਉਂ ਕਾਹਲੇ ਪਏ ਹੋਏ ਹਨ।'
ਇਸ ਦੌਰਾਨ ਭਾਜਪਾ ਪ੍ਰਧਾਨ ਬੀ ਅੱੈਸ ਯੇਦੀਯੁਰੱਪਾ ਨੇ ਕਿਹਾ ਕਿ ਸਾਨੂੰ 101 ਫੀਸਦੀ ਭਰੋਸਾ ਹੈ ਕਿ ਉਹ 100 ਤੋਂ ਘੱਟ ਹਨ, ਅਸੀਂ 105 ਤੋਂ ਜ਼ਿਆਦਾ।
ਇਸ 'ਚ ਕੋਈ ਸ਼ੱਕ ਨਹੀਂ ਕਿ ਉਨ੍ਹਾ ਦੀ ਹਾਰ ਹੋਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫੈਸਲਾ ਸੁਣਾਇਆ ਸੀ ਕਿ 15 ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ 'ਚ ਭਾਗ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।

203 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper