Latest News
ਟਰੰਪ ਨੇ ਦੁਖਿਆਰੀ ਨਾਦੀਆ ਮੁਰਾਦ ਨੂੰ ਪੁੱਛਿਆ, 'ਤੈਨੂੰ ਨੋਬੇਲ ਕਾਹਦੇ ਲਈ ਮਿਲਿਆ'

Published on 18 Jul, 2019 09:21 AM.


ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੋਬੇਲ ਇਨਾਮ ਜੇਤੂ ਯਜ਼ੀਦੀ ਕਾਰਕੁਨ ਨਾਦੀਆ ਮੁਰਾਦ ਦੇ ਕੰਮ ਤੇ ਯੋਗਦਾਨ ਤੋਂ ਬੇਖਬਰ ਨਜ਼ਰ ਆਏ। ਮੁਰਾਦ ਇਰਾਕ ਵਿਚਲੇ ਯਜ਼ੀਦੀਆਂ ਦੀ ਮਦਦ ਦੀ ਬੇਨਤੀ ਲੈ ਕੇ ਟਰੰਪ ਨੂੰ ਮਿਲਣ ਪੁੱਜੀ ਸੀ।
ਮੁਰਾਦ ਇਸ ਪ੍ਰਾਚੀਨ ਧਰਮ ਦੀਆਂ ਉਨ੍ਹਾਂ ਹਜ਼ਾਰਾਂ ਔਰਤਾਂ ਤੇ ਕੁੜੀਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ ਨੇ 2014 ਵਿਚ ਇਰਾਕ ਦੇ ਕਈ ਹਿੱਸਿਆਂ ਉੱਤੇ ਕਬਜ਼ਾ ਕਰਨ ਦੇ ਬਾਅਦ ਅਗਵਾ ਕਰ ਲਿਆ ਸੀ। ਮੁਰਾਦ ਇਸ ਧਾਰਮਕ ਦਮਨ ਦਾ ਸ਼ਿਕਾਰ ਹੋਣ ਵਾਲਿਆਂ ਦੇ ਨਾਲ ਟਰੰਪ ਨੂੰ ਮਿਲੀ। ਜਦੋਂ ਉਸ ਨੇ ਦੱਸਿਆ ਕਿ ਕਿਵੇਂ ਉਸ ਦੀ ਮਾਂ ਤੇ 6 ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਤਿੰਨ ਹਜ਼ਾਰ ਯਜ਼ੀਦੀ ਲਾਪਤਾ ਹਨ, ਟਰੰਪ ਨੇ ਕਿਹਾ, 'ਤੇ ਤੁਹਾਨੂੰ ਨੋਬੇਲ ਇਨਾਮ ਮਿਲਿਆ ਹੈ? ਇਹ ਅਦਭੁੱਤ ਹੈ। ਕਿਸ ਕਾਰਨ ਤੁਹਾਨੂੰ ਇਹ ਇਨਾਮ ਮਿਲਿਆ? ' ਮੁਰਾਦ ਕੁਝ ਪਲਾਂ ਲਈ ਤਾਂ ਦੰਗ ਰਹਿ ਗਈ, ਪਰ ਫਿਰ ਵੀ ਪੂਰੀ ਕਹਾਣੀ ਟਰੰਪ ਨੂੰ ਸੁਣਾਈ। ਮੁਰਾਦ ਨੂੰ ਪਿਛਲੇ ਸਾਲ ਨੋਬੇਲ ਇਨਾਮ ਸਾਂਝੇ ਤੌਰ 'ਤੇ ਮਿਲਿਆ ਸੀ। ਮੁਰਾਦ ਨੇ ਦੱਸਿਆ, 'ਮੇਰੇ ਨਾਲ ਇਹ ਸਭ ਹੋਣ ਦੇ ਬਾਅਦ ਵੀ ਮੈਂ ਹਾਰ ਨਹੀਂ ਮੰਨੀ। ਮੈਂ ਸਭ ਨੂੰ ਸਾਫ-ਸਾਫ ਦੱਸਿਆ ਕਿ ਹਜ਼ਾਰਾਂ ਯਜ਼ੀਦੀ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ।' ਮੁਰਾਦ ਨੇ ਅੱਗੇ ਕਿਹਾ, 'ਕ੍ਰਿਪਾ ਕਰਕੇ ਕੁਝ ਕਰੋ। ਇਹ ਕਿਸੇ ਇਕ ਪਰਵਾਰ ਦੀ ਕਹਾਣੀ ਨਹੀਂ।'
ਟਰੰਪ, ਜਿਹੜੇ ਇਰਾਕ ਤੇ ਸੀਰੀਆ ਦੇ ਕਈ ਹਿੱਸਿਆਂ 'ਤੇ ਕਬਜ਼ਾ ਜਮਾਉਣ ਵਾਲੇ ਖਲੀਫੇ ਨੂੰ ਖਦੇੜਨ ਦਾ ਸਿਹਰਾ ਲੈਂਦੇ ਰਹੇ ਹਨ, ਉਸ ਵਕਤ ਵੀ ਗੁੰਮ ਨਜ਼ਰ ਆਏ, ਜਦ ਮੁਰਾਦ ਨੇ ਯਜ਼ੀਦੀਆਂ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾ ਨੂੰ ਇਰਾਕੀ ਤੇ ਕੁਰਦਿਸ਼ ਸਰਕਾਰਾਂ 'ਤੇ ਦਬਾਅ ਪਾਉਣ ਲਈ ਕਿਹਾ। ਟਰੰਪ ਨੇ ਪੁੱਛਿਆ, 'ਪਰ ਆਈ ਐੱਸ ਆਈ ਐੱਸ ਜਾ ਚੁੱਕਿਆ ਹੈ ਅਤੇ ਹੁਣ ਕੁਰਦਿਸ਼ ਤੇ ਕੌਣ? ' ਮੁਰਾਦ ਨੇ ਇਹ ਵੀ ਦੱਸਿਆ ਕਿ ਯਜ਼ੀਦੀਆਂ ਨੇ ਜਰਮਨੀ ਵਿਚ ਪਨਾਹ ਲੈਣ ਲਈ ਕਿਵੇਂ ਖਤਰਨਾਕ ਰਾਹਾਂ ਦਾ ਸਹਾਰਾ ਲਿਆ। ਜਰਮਨੀ ਵੱਲੋਂ ਸ਼ਰਨਾਰਥੀਆਂ ਦਾ ਸਵਾਗਤ ਕਰਨ ਦੀ ਟਰੰਪ ਅਲੋਚਨਾ ਕਰ ਚੁੱਕੇ ਹਨ।

184 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper