Latest News
ਮੁੰਬਈ ਵਾਲਿਆਂ ਨੂੰ ਬਟਰ ਚਿਕਨ ਦਾ ਚਸਕਾ ਲਾਉਣ ਵਾਲੇ ਕੇ ਐੱਸ ਕੋਹਲੀ ਨਹੀਂ ਰਹੇ

Published on 18 Jul, 2019 09:25 AM.


ਮੁੰਬਈ : 1960ਵਿਆਂ ਵਿਚ ਮੁੰਬਈ ਵਾਲਿਆਂ ਨੂੰ ਬਟਰ ਚਿਕਨ ਦਾ ਚਸਕਾ ਲਾਉਣ ਵਾਲੇ ਕੁਲਵੰਤ ਸਿੰਘ ਕੋਹਲੀ ਦਾ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਬੁੱਧਵਾਰ ਦੇਹਾਂਤ ਹੋ ਗਿਆ। 85 ਸਾਲ ਦੇ ਕੋਹਲੀ ਪ੍ਰੀਤਮ ਗਰੁੱਪ ਆਫ ਹੋਟਲਜ਼ ਦੇ ਬਾਨੀ ਸਨ। ਉਹ ਆਪਣੇ ਪਿੱਛੇ ਪਤਨੀ ਮਹਿੰਦਰ ਕੌਰ, ਬੇਟੇ ਅਮਰਦੀਪ ਸਿੰਘ ਤੇ ਗੁਰਬਖਸ਼ੀਸ਼ ਸਿੰਘ ਅਤੇ ਧੀ ਜਸਦੀਪ ਕੌਰ ਛੱਡ ਗਏ ਹਨ। ਉਹ ਸਿੱਖ ਭਾਈਚਾਰੇ ਦੇ ਸਮਾਜੀ ਤੇ ਧਾਰਮਕ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। 1942 ਵਿਚ ਪ੍ਰਹਲਾਦ ਸਿੰਘ ਕੋਹਲੀ ਨੇ ਰਾਵਲਪਿੰਡੀ ਤੋਂ ਆ ਕੇ ਕਲਬਾ ਦੇਵੀ ਵਿਚ ਪ੍ਰੀਤਮ ਹੋਟਲ ਖੋਲ੍ਹਿਆ ਸੀ, ਪਰ ਉਹ ਚੱਲਿਆ ਨਹੀਂ ਤੇ ਉਹ ਇਕ ਤਰ੍ਹਾਂ ਰੋਟੀ ਲਈ ਮੋਹਤਾਜ ਹੋ ਗਏ। ਉਨ੍ਹਾ ਹੌਸਲਾ ਨਹੀਂ ਹਾਰਿਆ ਤੇ ਕੇਂਦਰੀ ਮੁੰਬਈ ਵਿਚ ਮਜ਼ਦੂਰ ਜਮਾਤ ਵਾਲੇ ਇਲਾਕੇ ਦਾਦਰ ਵਿਚ ਇਸ ਆਸ ਨਾਲ ਕੰਮ ਖੋਲ੍ਹਿਆ ਕਿ ਇਥੇ ਫਿਲਮਾਂ ਵਾਲੇ ਵੀ ਆ ਜਾਇਆ ਕਰਨਗੇ। ਕੰਮ ਰਿੜ੍ਹ ਪਿਆ। ਇਸ ਤੋਂ ਬਾਅਦ ਬੇਟਾ ਕੁਲਵੰਤ ਵੀ 11 ਸਾਲ ਦੀ ਉਮਰ ਵਿਚ ਹੱਥ ਵਟਾਉਣ ਲੱਗਾ। ਮਿੱਠੇ ਸੁਭਾਅ ਕਾਰਨ ਉਹ ਫਿਲਮ ਵਾਲਿਆਂ ਤੇ ਇਲਾਕੇ ਦੇ ਸਿਆਸਤਦਾਨਾਂ ਦਾ ਵੀ ਪਿਆਰਾ ਬਣ ਗਿਆ। ਦਲੀਪ ਕੁਮਾਰ, ਮਨੋਜ ਕੁਮਾਰ, ਸੰਜੀਵ ਕੁਮਾਰ, ਰਾਜ ਕਪੂਰ, ਰਾਜ ਕੁਮਾਰ, ਸੁਨੀਲ ਦੱਤ, ਧਰਮਿੰਦਰ, ਰਜਿੰਦਰ ਕੁਮਾਰ, ਦੇਵ ਆਨੰਦ, ਜਗਜੀਤ ਸਿੰਘ, ਆਨੰਦ ਬਖਸ਼ੀ, ਸ਼ੰਕਰ ਜੈਕਿਸ਼ਨ, ਚੇਤਨ ਆਨੰਦ, ਕਮਾਲ ਅਮਰੋਹੀ, ਬੀ ਆਰ ਚੋਪੜਾ, ਯਸ਼ ਚੋਪੜਾ ਤੇ ਹੋਰ ਉਸ ਦੇ ਪੱਕੇ ਗਾਹਕ ਬਣ ਗਏ।
ਕੁਲਵੰਤ ਸਿੰਘ ਨੇ ਸੰਘਰਸ਼ ਕਰ ਰਹੇ ਕਲਾਕਾਰਾਂ ਨੂੰ ਸਬਸਿਡੀ 'ਤੇ ਮਹੀਨੇ ਵਿਚ 19 ਰੁਪਏ ਵਿਚ ਇਕ ਟਾਈਮ ਤੇ 38 ਰੁਪਏ ਵਿਚ ਦੋ ਟਾਈਮ ਖਾਣਾ ਖੁਆਇਆ। ਗੁੱਡੀ ਚੜ੍ਹਨ 'ਤੇ ਕਈ ਹੋਰ ਥਾਈਂ ਵੀ ਹੋਟਲ ਤੇ ਢਾਬੇ ਬਣਾਏ। ਕੁਲਵੰਤ ਦੇ ਫੋਨ 'ਤੇ ਹੀ ਰਾਜ ਕਪੂਰ 1975 ਵਿਚ ਉਸ ਦੇ ਮਿਡਟਾਊਨ ਪ੍ਰੀਤਮ ਢਾਬੇ ਦਾ ਉਦਘਾਟਨ ਕਰਨ ਪੁੱਜੇ ਸਨ। ਕੁਲਵੰਤ ਨੇ ਫਿਲਮ ਵਾਲਿਆਂ ਨਾਲ ਪਰਦੇ ਦੇ ਪਿੱਛੇ ਕੰਮ ਵੀ ਕੀਤਾ। ਸੰਗੀਤਾ ਫਿਲਮਜ਼ ਕਾਰਪੋਰੇਸ਼ਨ ਬਣਾ ਕੇ 'ਪਾਕੀਜ਼ਾ' ਤੇ 'ਦੀ ਬਰਨਿੰਗ ਟਰੇਨ' ਸਮੇਤ ਕਈ ਫਿਲਮਾਂ ਵੀ ਡਿਸਟ੍ਰੀਬਿਊਟ ਕੀਤੀਆਂ। ਉਹ ਮੁੰਬਈ ਦੇ ਸ਼ੈਰਿਫ ਵੀ ਬਣੇ।

304 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper