Latest News
3 ਸਾਲ, 11 ਮਹੀਨੇ ਤੇ 6 ਦਿਨ ਬਾਅਦ ਹੋਈ ਆਊਟ, ਬਣਾ'ਤਾ ਇਤਿਹਾਸ

Published on 19 Jul, 2019 11:09 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕ੍ਰਿਕਟ ਦੀ ਦੁਨੀਆ 'ਚ ਇੱਕ ਆਸਟ੍ਰੇਲੀਅਨ ਕ੍ਰਿਕਟਰ ਨੇ ਕਮਾਲ ਕਰ ਦਿੱਤਾ। ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਏਲਿਸ ਪੈਰੀ ਟੈਸਟ 'ਚ ਲੱਗਭੱਗ ਚਾਰ ਸਾਲ ਬਾਅਦ ਆਊਟ ਹੋਈ। ਇੰਗਲੈਂਡ ਖਿਲਾਫ਼ ਮਹਿਲਾ ਏਸ਼ੇਜ ਟੈਸਟ ਦੇ ਦੂਜੇ ਦਿਨ ਪੈਰੀ ਨੂੰ ਲੌਰਾ ਮਾਰਸ਼ ਨੇ ਆਊਟ ਕੀਤਾ। ਆਸਟ੍ਰੇਲੀਆਈ ਬੱਲੇਬਾਜ਼ 116 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਈ, ਪਰ ਇਸ 'ਚ ਵੀ ਇਤਿਹਾਸ ਬਣ ਗਿਆ, ਕਿਉਂਕਿ ਉਹ ਇਸ ਤੋਂ ਪਹਿਲਾਂ ਟੈਸਟ ਕ੍ਰਿਕਟ 'ਚ ਸਾਲ 2015 'ਚ ਆਊਟ ਹੋਈ ਸੀ। ਇਸ ਤੋਂ ਬਾਅਦ 3 ਸਾਲ 11 ਮਹੀਨੇ ਅਤੇ 6 ਦਿਨ 'ਚ ਉਨ੍ਹਾ 655 ਗੇਂਦਾਂ ਦਾ ਸਾਹਮਣਾ ਕੀਤਾ ਅਤੇ 329 ਦੌੜਾਂ ਬਣਾਈਆਂ। ਇੰਗਲੈਂਡ ਖਿਲਾਫ਼ ਚੱਲ ਰਹੇ ਟੈਸਟ ਮੈਚ ਤੋਂ ਪਹਿਲਾਂ ਉਹਨਾ ਦੋਹਰਾ ਸੈਂਕੜਾ ਲਾਇਆ ਸੀ। 2017 'ਚ ਉਨ੍ਹਾ ਨਾਬਾਦ 213 ਦੌੜਾਂ ਦੀ ਪਾਰੀ ਖੇਡੀ ਸੀ। ਪੈਰੀ ਦੇ ਰਿਕਾਰਡ 'ਚ ਇੱਕ ਤੱਥ ਇਹ ਵੀ ਹੈ ਕਿ ਪਿਛਲੇ ਚਾਰ ਸਾਲ 'ਚ ਉਨ੍ਹਾ ਦਾ ਤੀਸਰਾ ਹੀ ਟੈਸਟ ਮੈਚ ਹੈ। 2015 'ਚ ਉਹ 11 ਅਗਸਤ ਨੂੰ ਇੰਗਲੈਂਡ ਖਿਲਾਫ਼ 13 ਦੌੜਾਂ ਬਣਾ ਕੇ ਆਊਟ ਹੋਈ ਸੀ। ਇਸ ਤੋਂ ਬਾਅਦ ਨਵੰਬਰ 2017 'ਚ ਖੇਡੇ ਗਏ ਟੈਸਟ ਉਨ੍ਹਾ ਨਾਬਾਦ ਸੈਂਕੜਾ ਮਾਰਿਆ। ਜ਼ਿਕਰਯੋਗ ਹੈ ਕਿ ਮਰਦ ਕ੍ਰਿਕਟ ਦੀ ਤੁਲਨਾ 'ਚ ਮਹਿਲਾ ਕ੍ਰਿਕਟ 'ਚ ਗਿਣਤੀ ਦੇ ਟੈਸਟ ਮੈਚ ਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਪੈਰੀ ਨੇ ਆਪਣੇ 11 ਸਾਲ ਦੇ ਟੈਸਟ ਕੈਰੀਅਰ 'ਚ ਹਾਲੇ ਤੱਕ ਕੇਵਲ 8 ਟੈਸਟ ਮੈਚ ਹੀ ਖੇਡੇ। ਮਜ਼ੇਦਾਰ ਗੱਲ ਇਹ ਹੈ ਕਿ 16 ਸਾਲ ਦੀ ਉਮਰ 'ਚ ਹੀ ਉਨ੍ਹਾ ਆਸਟ੍ਰੇਲੀਆ ਦੀ ਮਹਿਲਾ ਫੁੱਟਬਾਲ ਟੀਮ 'ਚ ਵੀ ਜਗ੍ਹਾ ਬਣਾ ਲਈ ਸੀ। ਬਾਅਦ 'ਚ ਕਈ ਸਾਲਾਂ ਤੱਕ ਉਹ ਦੋਵਾਂ ਟੀਮਾਂ ਲਈ ਖੇਡਦੀ ਰਹੀ। ਹਾਲਾਂਕਿ ਫਿਰ ਉਨ੍ਹਾ ਕ੍ਰਿਕਟ ਨੂੰ ਹੀ ਆਪਣਾ ਕੈਰੀਅਰ ਬਣਾ ਲਿਆ। 2017 'ਚ ਉਨ੍ਹਾ ਨੂੰ 'ਆਈ ਸੀ ਸੀ ਮਹਿਲਾ ਕ੍ਰਿਕਟਰ ਆਫ਼ ਦਿ ਯੀਅਰ' ਵੀ ਚੁਣਿਆ ਗਿਆ। ਏਲਿਸ ਪੈਰੀ ਨੇ 8 ਟੈਸਟਾਂ 'ਚ 68.50 ਦੀ ਔਸਤ ਨਾਲ 548 ਦੌੜਾਂ ਬਣਾਈਆਂ, ਜਿਸ 'ਚ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ। ਨਾਬਾਦ 213 ਦੌੜਾਂ ਉਨ੍ਹਾ ਦੀਆਂ ਸਭ ਤੋਂ ਜ਼ਿਆਦਾ ਦੌੜਾਂ ਹਨ।

200 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper