Latest News
ਕਾਂਗਰਸ ਰਾਜ 'ਚ ਰੱਖੀ ਨੀਂਹ ਨਾਲ ਹੀ ਭਾਰਤ 50 ਖਰਬ ਡਾਲਰ ਦੀ ਅਰਥ-ਵਿਵਸਥਾ ਬਣੇਗਾ : ਪ੍ਰਣਬ

Published on 19 Jul, 2019 11:11 AM.

ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਅਧੁਨਿਕ ਭਾਰਤ ਦੀ ਨੀਂਹ ਉਨ੍ਹਾ ਨੇ ਰੱਖੀ ਸੀ, ਜਿਨ੍ਹਾ ਦਾ ਯੋਜਨਾਬੱਧ ਅਰਥਵਿਵਸਥਾ ਵਿਚ ਮਜ਼ਬੂਤ ਭਰੋਸਾ ਸੀ, ਜਿਹਾ ਕਿ ਅੱਜਕੱਲ੍ਹ ਨਹੀਂ ਹੈ। ਹੁਣ ਤਾਂ ਯੋਜਨਾ ਕਮਿਸ਼ਨ ਹੀ ਖਤਮ ਕਰ ਦਿੱਤਾ ਗਿਆ ਹੈ।'
ਇਥੇ ਵੀਰਵਾਰ ਇਕ ਪ੍ਰੋਗਰਾਮ ਵਿਚ ਉਨ੍ਹਾ ਕਿਹਾ, 'ਜਿਹੜੇ ਲੋਕ 55 ਸਾਲ ਦੇ ਕਾਂਗਰਸ ਰਾਜ ਦੀ ਅਲੋਚਨਾ ਕਰਦੇ ਹਨ, ਉਹ ਇਹ ਗੱਲ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਆਜ਼ਾਦੀ ਦੇ ਵਕਤ ਭਾਰਤ ਕਿੱਥੇ ਸੀ ਅਤੇ ਹੁਣ ਅਸੀਂ ਕਿੰਨਾ ਅੱਗੇ ਵਧ ਚੁੱਕੇ ਹਾਂ। ਹਾਂ, ਹੋਰਨਾਂ ਲੋਕਾਂ ਨੇ ਵੀ ਯੋਗਦਾਨ ਪਾਇਆ, ਪਰ ਆਧੁਨਿਕ ਭਾਰਤ ਦੀ ਨੀਂਹ ਸਾਡੇ ਉਨ੍ਹਾਂ ਬਾਨੀਆਂ ਨੇ ਰੱਖੀ, ਜਿਨ੍ਹਾਂ ਨੂੰ ਯੋਜਨਾਬੱਧ ਅਰਥਵਿਵਸਥਾ ਵਿਚ ਮਜ਼ਬੂਤ ਭਰੋਸਾ ਸੀ, ਜਦਕਿ ਹੁਣ ਅਜਿਹਾ ਨਹੀਂ। ਹੁਣ ਤਾਂ ਯੋਜਨਾ ਕਮਿਸ਼ਨ ਹੀ ਖਤਮ ਕਰ ਦਿੱਤਾ ਗਿਆ ਹੈ।' ਮੁਖਰਜੀ ਨੇ ਕਿਹਾ, 'ਜਿਹੜੇ 50-55 ਸਾਲ ਦੇ ਕਾਂਗਰਸ ਰਾਜ ਦੀ ਅਲੋਚਨਾ ਕਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਅਸੀਂ ਕਿਥੋਂ ਸ਼ੁਰੂ ਕੀਤਾ ਸੀ ਤੇ ਕਿਥੇ ਜਾ ਕੇ ਛੱਡਿਆ ਸੀ। ਜੇ ਭਾਰਤ ਦੀ ਅਰਥਵਿਵਸਥਾ ਨੂੰ 50 ਖਰਬ ਅਮਰੀਕੀ ਡਾਲਰ ਤੱਕ ਲਿਜਾਣਾ ਹੈ ਤਾਂ ਅਸੀਂ 18 ਖਰਬ ਡਾਲਰ ਦੀ ਮਜ਼ਬੂਤ ਨੀਂਹ ਛੱਡੀ ਸੀ, ਜੋ ਲੱਗਭੱਗ ਸਿਫਰ ਤੋਂ ਸ਼ੁਰੂ ਹੋਈ ਸੀ।' ਉਨ੍ਹਾ ਕਿਹਾ ਕਿ ਭਾਰਤ ਨੂੰ ਭਵਿੱਖ ਵਿਚ 50 ਖਰਬ ਅਮਰੀਕੀ ਡਾਲਰ ਦੀ ਅਰਥ-ਵਿਵਸਥਾ ਬਣਾਉਣ ਦੀ ਨੀਂਹ ਪਿਛਲੀਆਂ ਸਰਕਾਰਾਂ ਨੇ ਰੱਖੀ ਸੀ, ਜਿਨ੍ਹਾਂ ਵਿਚ ਜਵਾਹਰ ਲਾਲ ਨਹਿਰੂ, ਡਾ. ਮਨਮੋਹਨ ਸਿੰਘ ਤੇ ਪੀ ਵੀ ਨਰਸਿਮ੍ਹਾ ਰਾਓ ਦੀਆਂ ਸਰਕਾਰਾਂ ਵੀ ਸ਼ਾਮਲ ਸਨ।
ਸਾਬਕਾ ਰਾਸ਼ਟਰਪਤੀ ਨੇ ਕਿਹਾ, 'ਵਿੱਤ ਮੰਤਰੀ ਨੇ ਬੱਜਟ ਪੇਸ਼ ਕਰਦਿਆਂ ਕਿਹਾ ਸੀ ਕਿ 2024 ਤੱਕ ਭਾਰਤ ਦੀ ਅਰਥਵਿਵਸਥਾ 50 ਖਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗੀ, ਪਰ ਇਹ ਦਰਜਾ ਅਸਮਾਨ ਤੋਂ ਉੱਤਰ ਕੇ ਨਹੀਂ ਆਏਗਾ। ਇਸ ਲਈ ਮਜ਼ਬੂਤ ਨੀਂਹ ਮਜ਼ਬੂਤ ਹੈ ਅਤੇ ਉਹ ਨੀਂਹ ਅੰਗਰੇਜ਼ਾਂ ਨੇ ਨਹੀਂ ਰੱਖੀ, ਆਜ਼ਾਦੀ ਤੋਂ ਬਾਅਦ ਹਿੰਦੁਸਤਾਨੀਆਂ ਨੇ ਹੀ ਰੱਖੀ ਸੀ।'
ਮੁਖਰਜੀ ਨੇ ਕਿਹਾ, 'ਭਾਰਤ ਨੇ ਤੇਜ਼ੀ ਨਾਲ ਤਰੱਕੀ ਕੀਤੀ, ਕਿਉਂਕਿ ਜਵਾਹਰ ਲਾਲ ਨਹਿਰੂ ਤੇ ਹੋਰਨਾਂ ਨੇ ਆਈ ਆਈ ਟੀ, ਇਸਰੋ, ਆਈ ਆਈ ਐੱਮ, ਬੈਂਕਿੰਗ ਨੱੈਟਵਰਕ ਦੀ ਸਥਾਪਨਾ ਕੀਤੀ। ਇਸ ਨੂੰ ਡਾ. ਮਨਮੋਹਨ ਸਿੰਘ ਤੇ ਨਰਸਿਮ੍ਹਾ ਰਾਓ ਵੱਲੋਂ ਅਰਥਵਿਵਸਥਾ ਦਾ ਉਦਾਰੀਕਰਨ ਕਰਨ ਨਾਲ ਵੀ ਮਦਦ ਮਿਲੀ, ਜਿਸ ਨਾਲ ਭਾਰਤ ਦੀਆਂ ਆਰਥਕ ਸੰਭਾਵਨਾਵਾਂ ਬੇਹੱਦ ਵਧ ਗਈਆਂ। ਉਸੇ ਬੁਨਿਆਦ 'ਤੇ ਵਿੱਤ ਮੰਤਰੀ ਅੱਜ ਇਹ ਦਾਅਵਾ ਕਰ ਸਕਦੇ ਹਨ ਕਿ ਭਾਰਤ 50 ਖਰਬ ਅਮਰੀਕੀ ਡਾਲਰ ਦੀ ਅਰਥ-ਵਿਵਸਥਾ ਬਣ ਜਾਵੇਗਾ।'

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper