Latest News
ਕਰਨਾਟਕ ਦਾ ਅਜਲਾਸ ਸੋਮਵਾਰ ਤੱਕ ਮੁਲਤਵੀ

Published on 19 Jul, 2019 11:15 AM.

ਬੇਂਗਲੁਰੂ : ਕਰਨਾਟਕ ਦੇ ਸਪੀਕਰ ਨੇ ਹੰਗਾਮੇ ਦਰਮਿਆਨ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਭਰੋਸੇ ਦੇ ਮਤੇ 'ਤੇ ਬਹਿਸ ਦੌਰਾਨ ਹੁਕਮਰਾਨ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਨੇ ਸਾਰੇ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਦੇਣ ਲਈ ਬਹਿਸ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਰਾਜਪਾਲ ਵਜੂਭਾਈ ਵਾਲਾ ਨੇ ਸ਼ੁੱਕਰਵਾਰ ਕੁਮਾਰਸਵਾਮੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ। ਰਾਜਪਾਲ ਨੇ ਵੀਰਵਾਰ ਸਪੀਕਰ ਕੇ ਆਰ ਰਮੇਸ਼ ਕੁਮਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਡੇਢ ਵਜੇ ਭਰੋਸੇ ਦੇ ਮਤੇ 'ਤੇ ਵੋਟਿੰਗ ਕਰਾਉਣ। ਸਪੀਕਰ ਨੇ ਵੀਰਵਾਰ ਨੂੰ ਵੋਟਿੰਗ ਕਰਾਏ ਬਿਨਾਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਸੀ। ਵਿਰੋਧ ਵਿਚ ਭਾਜਪਾ ਦੇ ਵਿਧਾਇਕਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਰਾਤ ਭਰ ਅਸੰਬਲੀ ਦੇ ਅੰਦਰ ਧਰਨਾ ਦਿੱਤਾ। ਰਾਜਪਾਲ ਦਾ ਪੱਤਰ ਮਿਲਣ 'ਤੇ ਕੁਮਾਰਸਵਾਮੀ ਨੇ ਸਪੀਕਰ ਨੂੰ ਕਿਹਾ ਕਿ ਉਹ ਰਾਜਪਾਲ ਦਾ ਸਨਮਾਨ ਕਰਦੇ ਹਨ, ਪਰ ਉਨ੍ਹਾ ਦੇ ਦੂਜੇ ਲਵ ਲੈਟਰ ਨਾਲ ਉਨ੍ਹਾ ਨੂੰ ਦੁੱਖ ਪੁੱਜਾ ਹੈ। ਉਹ ਉਨ੍ਹਾ ਨੂੰ ਰਾਜਪਾਲ ਦੇ ਲਵ ਲੈਟਰ ਤੋਂ ਬਚਾਉਣ। ਇਸ ਦੇ ਬਾਅਦ ਉਨ੍ਹਾ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਬੀ ਐੱਸ ਯੇਦੀਯੁਰੱਪਾ ਦੇ ਪੀ ਏ ਸੰਤੋਸ਼ ਦੀ ਆਜ਼ਾਦ ਵਿਧਾਇਕ ਐੱਚ ਨਾਗੇਸ਼ ਨਾਲ ਹਵਾਈ ਜਹਾਜ਼ ਚੜ੍ਹਦੇ ਦੀ ਫੋਟੋ ਦਿਖਾਉਂਦਿਆਂ ਕਿਹਾ ਕਿ ਭਾਜਪਾ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰ ਰਹੀ ਹੈ। ਉਨ੍ਹਾ ਕਿਹਾ ਕਿ ਉਹ ਫਲੋਰ ਟੈਸਟ ਦਾ ਫੈਸਲਾ ਸਪੀਕਰ 'ਤੇ ਛੱਡਦੇ ਹਨ। ਉਹ ਸੋਮਵਾਰ ਲਈ ਤਿਆਰ ਹਨ। ਉਨ੍ਹਾ ਨਾਲ ਹੀ ਕਿਹਾ ਕਿ ਦਿੱਲੀ ਤੋਂ ਚੀਜ਼ਾਂ ਤੈਅ ਨਹੀਂ ਹੋਣਗੀਆਂ। ਕੁਮਾਰਸਵਾਮੀ ਨੇ ਰਾਜਪਾਲ ਵੱਲੋਂ ਵੋਟਿੰਗ ਦੀ ਡੈੱਡਲਾਈਨ ਤੈਅ ਕਰਨ ਦੇ ਖਿਲਾਫ ਸੁਪਰੀਮ ਕੋਰਟ ਵਿਚ ਅਪੀਲ ਵੀ ਦਾਖਲ ਕਰ ਦਿੱਤੀ ਹੈ। ਉਧਰ ਕਾਂਗਰਸ ਨੇ ਵੀ ਬਾਗੀ ਵਿਧਾਇਕਾਂ ਨੂੰ ਸਦਨ ਵਿਚ ਨਾ ਆਉਣ ਦੀ ਛੋਟ ਦੇਣ ਦੇ 17 ਜੁਲਾਈ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਵਿਚ ਅਰਜ਼ੀ ਦੇ ਕੇ ਕਿਹਾ ਕਿ ਸੁਪਰੀਮ ਕੋਰਟ ਨੇ ਹੀ ਆਪਣੇ ਇਕ ਪੁਰਾਣੇ ਆਦੇਸ਼ ਵਿਚ ਕਿਹਾ ਸੀ ਕਿ ਵਿਧਾਇਕਾਂ ਲਈ ਵਿੱ੍ਹਪ ਦੀ ਪਾਲਣਾ ਜ਼ਰੂਰੀ ਹੈ।

376 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper