Latest News
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦੇਹਾਂਤ

Published on 20 Jul, 2019 11:22 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਸ੍ਰੀਲਾ ਦੀਕਸ਼ਤ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਫਿਲਹਾਲ ਕਾਂਗਰਸ ਨੇ ਉਨ੍ਹਾ ਨੂੰ ਦਿੱਲੀ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਰੱਖੀ ਸੀ। 15 ਸਾਲ ਰਾਜਧਾਨੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਦਾ ਦਿੱਲੀ ਦੇ ਐਸਕਾਰਟ ਹਸਪਤਾਲ 'ਚ ਦੇਹਾਂਤ ਹੋ ਗਿਆ।
ਜ਼ਿਕਰਯੋਗ ਹੈ ਕਿ ਦੇਹਾਂਤ ਤੋਂ ਕੁਝ ਦਿਨ ਪਹਿਲਾਂ ਉਹ ਰਾਜਨੀਤੀ 'ਚ ਕਾਫ਼ੀ ਸਰਗਰਮ ਸਨ ਅਤੇ ਹਾਲ ਹੀ 'ਚ ਉਨ੍ਹਾ ਦਿੱਲੀ 'ਚ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਵੀ ਕੀਤੀ ਸੀ। ਇਹੀ ਨਹੀਂ ਕਾਂਗਰਸ ਦਿੱਲੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 'ਚ ਉਨ੍ਹਾ ਨੂੰ ਮੁੱਖ ਮੰਤਰੀ ਦੇ ਚੇਹਰੇ ਦੇ ਤੌਰ 'ਤੇ ਉਤਾਰਨ ਦੀ ਤਿਆਰੀ 'ਚ ਵੀ ਸੀ। ਦਿੱਲੀ 'ਚ ਕਾਂਗਰਸ ਦੀ ਸਰਕਾਰ ਜਾਣ ਤੋਂ ਬਾਅਦ ਉਹ ਕੇਰਲ ਦੇ ਰਾਜਪਾਲ ਵੀ ਰਹੇ। ਇਸ ਤੋਂ ਇਲਾਵਾ ਕਾਂਗਰਸ ਨੇ ਯੂ ਪੀ ਵਿਧਾਨ ਸਭਾ ਚੋਣਾਂ 'ਚ ਉਨ੍ਹਾ ਨੂੰ ਮੁੱਖ ਮੰਤਰੀ ਦੇ ਚੇਹਰੇ ਦੇ ਤੌਰ 'ਤੇ ਵੀ ਪੇਸ਼ ਕੀਤਾ ਸੀ। ਸ਼ੀਲਾ ਨੂੰ ਹਮੇਸ਼ਾ ਤੋਂ ਗਾਂਧੀ-ਨਹਿਰੂ ਪਰਵਾਰ ਦਾ ਕਰੀਬੀ ਮੰਨਿਆ ਜਾਂਦਾ ਸੀ।
ਸ੍ਰੀਮਤੀ ਸ਼ੀਲਾ ਦੀਕਸ਼ਤ ਦਾ ਸ਼ੁਮਾਰ ਕਾਂਗਰਸ ਦੇ ਪ੍ਰਮੁੱਖ ਆਗੂਆਂ ਵਿੱਚ ਹੁੰਦਾ ਸੀ। ਉਨ੍ਹਾਂ ਦਾ ਜਨਮ 31 ਮਾਰਚ, 1938 ਨੂੰ ਪੰਜਾਬ ਦੇ ਕਪੂਰਥਲਾ 'ਚ ਹੋਇਆ ਸੀ। ਉਨ੍ਹਾਂ ਦਿੱਲੀ ਦੇ ਕਾਨਵੈਂਟ ਆਫ਼ ਜੀਸਸ ਐਂਡ ਮੇਰੀ ਸਕੂਲ ਤੋਂ ਪੜ੍ਹਾਈ ਕੀਤੀ ਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਐੱਮ ਏ ਦੀ ਡਿਗਰੀ ਹਾਸਲ ਕੀਤੀ।
ਸ਼ੀਲਾ ਦੀਕਸ਼ਤ 1984 ਤੋਂ 1989 ਤੱਕ ਉੱਤਰ ਪ੍ਰਦੇਸ਼ ਦੇ ਕਨੌਜ ਤੋਂ ਵੀ ਐੱਮ ਪੀ ਰਹੇ।ਉਹ ਸੰਸਦ ਮੈਂਬਰ ਵਜੋਂ ਲੋਕ ਸਭਾ ਦੀ ਐਸਟੀਮੇਟਸ ਕਮੇਟੀ ਦਾ ਹਿੱਸਾ ਵੀ ਰਹੇ। ਸ਼ੀਲਾ ਦੀਕਸ਼ਤ ਨੂੰ ਦਿੱਲੀ ਦਾ ਚਿਹਰਾ ਬਦਲਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਦਿੱਲੀ 'ਚ ਬਹੁਤ ਸਾਰੇ ਵਿਕਾਸ ਕਾਰਜ ਹੋਏ ਸਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਸ਼ੀਲਾ ਦੀਕਸ਼ਤ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾ ਕਿਹਾ, 'ਸ਼ੀਲਾ ਦੀਕਸ਼ਤ ਦੇ ਦੇਹਾਂਤ ਨਾਲ ਬੇਹੱਦ ਦੁਖੀ ਹਾਂ। ਉਹ ਮਿਲਣਸਾਰ ਵਿਅਕਤੀਤਵ ਦੇ ਧਨੀ ਸਨ। ਦਿੱਲੀ ਦੇ ਵਿਕਾਸ ਲਈ ਉਨ੍ਹਾ ਬਹੁਤ ਕੰਮ ਕੀਤੇ।'
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੀਲਾ ਦੀਕਸ਼ਤ ਦੇ ਦੇਹਾਂਤ 'ਤੇ ਸ਼ੋਕ ਪ੍ਰਗਟ ਕੀਤਾ ਹੈ। ਉਨ੍ਹਾ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਲਿਖਿਆ, 'ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਦੇ ਦੇਹਾਂਤ ਦੀ ਖ਼ਬਰ ਨਾਲ ਦੁਖੀ ਹਾਂ। ਉਨ੍ਹਾ ਦਾ ਕਾਰਜਕਾਲ ਦਿੱਲੀ 'ਚ ਬਦਲਾਅ ਦਾ ਦੌਰ ਸੀ, ਜਿਸ ਲਈ ਉਨ੍ਹਾ ਨੂੰ ਯਾਦ ਕੀਤਾ ਜਾਵੇਗਾ।' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ੀਲਾ ਦੀਕਸ਼ਤ ਨੂੰ ਸ਼ਰਧਾਂਜਲੀ ਦਿੱਤੀ ਹੈ।
ਕਾਂਗਰਸ ਪਾਰਟੀ ਨੇ ਟਵੀਟ ਕੀਤਾ, 'ਸਾਨੂੰ ਸ਼ੀਲਾ ਦੀਕਸ਼ਤ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹਨਾ ਜੀਵਨ ਭਰ ਕਾਂਗਰਸ ਦੀ ਮੈਂਬਰ ਅਤੇ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ 'ਚ ਰਹਿ ਕੇ ਦਿੱਲੀ ਦਾ ਚੇਹਰਾ ਬਦਲ ਦਿੱਤਾ। ਉਨ੍ਹਾ ਦੇ ਪਰਵਾਰ ਅਤੇ ਦੋਸਤਾਂ ਪ੍ਰਤੀ ਸਾਡੀ ਸੰਵੇਦਨਾ ਹੈ। ਇਸ ਦੁੱਖ ਦੀ ਘੜੀ 'ਚ ਪ੍ਰਮਾਤਮਾ ਉਨ੍ਹਾਂ ਨੂੰ ਹੌਸਲਾ ਬਖ਼ਸ਼ੇ।'
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸ਼ੀਲਾ ਦੀਕਸ਼ਤ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਮੈਂ ਸਦਮੇ 'ਚ ਹਾਂ।
ਉਨ੍ਹਾ ਦੀ ਮੌਤ ਨਾਲ ਦੇਸ਼ ਨੇ ਦਿੱਗਜ਼ ਕਾਂਗਰਸ ਨੇਤਾ ਨੂੰ ਖੋਹ ਦਿੱਤਾ। ਦਿੱਲੀ ਦੀ ਜਨਤਾ ਉਨ੍ਹਾ ਨੂੰ ਦਿੱਲੀ ਦੇ ਵਿਕਾਸ ਲਈ ਹਮੇਸ਼ਾ ਯਾਦ ਕਰੇਗੀ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਮੈਂ ਕਾਂਗਰਸ ਪਾਰਟੀ ਦੀ ਇੱਕ ਪਿਆਰੀ ਬੇਟੀ ਸ਼ੀਲਾ ਦੀਕਸ਼ਤ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਨਿਰਾਸ਼ ਹਾਂ, ਮੈਂ ਵਿਅਕਤੀਗਤ ਰੂਪ 'ਚ ਉਨ੍ਹਾ ਦੇ ਬੇਹੱਦ ਕਰੀਬ ਸੀ। ਇਸ ਦੁੱਖ ਦੀ ਘੜੀ 'ਚ ਉਨ੍ਹਾ ਦੇ ਪਰਵਾਰ ਅਤੇ ਦਿੱਲੀ ਦੇ ਨਾਗਰਿਕਾਂ ਪ੍ਰਤੀ ਮੇਰੀ ਸੰਵੇਦਨਾ ਹੈ, ਜਿਨ੍ਹਾਂ ਦੀ ਉਨ੍ਹਾ 3 ਵਾਰ ਮੁੱਖ ਮੰਤਰੀ ਰਹਿੰਦੇ ਹੋਏ ਨਿਰਸਵਾਰਥ ਸੇਵਾ ਕੀਤੀ।'

247 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper