Latest News
ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ

Published on 20 Jul, 2019 11:24 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਐੱਸ ਬਦਨੌਰ ਨੇ ਨਵਜੋਤ ਸਿੰਘ ਸਿੱਧੂ ਦਾ ਇੱਕ ਸੱਤਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ, ਜਿਸ ਨਾਲ ਉਹ ਰਸਮੀ ਤੌਰ 'ਤੇ ਪੰਜਾਬ ਮੰਤਰੀ ਮੰਡਲ ਵਿਚੋਂ ਬਾਹਰ ਹੋ ਗਏ ਹਨ। ਮੁੱਖ ਮੰਤਰੀ ਵੱਲੋਂ ਅਸਤੀਫਾ ਪੱਤਰ ਰਾਜਪਾਲ ਨੂੰ ਭੇਜੇ ਜਾਣ ਤੋਂ ਕੁਝ ਘੰਟਿਆਂ ਵਿਚ ਹੀ ਉਨ੍ਹਾ ਇਸ ਨੂੰ ਪ੍ਰਵਾਨ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ।
ਸਰਕਾਰੀ ਬੁਲਾਰੇ ਅਨੁਸਾਰ ਬਿਜਲੀ ਮੰਤਰਾਲਾ ਹਾਲ ਦੀ ਘੜੀ ਮੁੱਖ ਮੰਤਰੀ ਕੋਲ ਰਹੇਗਾ। ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਦੋ ਦਿਨ ਕੁਝ ਢਿੱਲੇ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਅਸਤੀਫਾ ਪੱਤਰ ਦੇਖਿਆ ਅਤੇ ਉਨ੍ਹਾ ਰਸਮੀ ਪ੍ਰਵਾਨਗੀ ਲਈ ਇਸ ਨੂੰ ਬਦਨੌਰ ਕੋਲ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਲੀ ਵਿਖੇ ਕਿਹਾ ਸੀ ਕਿ ਉਨ੍ਹਾ ਦੀ ਗੈਰ-ਹਾਜ਼ਰੀ ਵਿਚ ਉਨ੍ਹਾ ਦੇ ਚੰਡੀਗੜ੍ਹ ਨਿਵਾਸ ਅਸਥਾਨ ਉੱਤੇ ਪਹੁੰਚੇ ਅਸਤੀਫੇ ਨੂੰ ਉਹ ਜਾ ਕੇ ਦੇਖਣਗੇ ਅਤੇ ਇਸ ਬਾਰੇ ਫੈਸਲਾ ਲੈਣਗੇ। ਇਸ ਪੱਤਰ ਵਿਚ ਸਿੱਧੂ ਨੇ ਇੱਕ ਸੱਤਰ ਵਿਚ ਆਪਣਾ ਅਸਤੀਫਾ ਦਿੱਤਾ ਹੈ ਅਤੇ ਇਸ ਦਾ ਕੋਈ ਵੀ ਸਪੱਸ਼ਟੀਕਰਨ ਜਾਂ ਵਿਸਥਾਰ ਨਹੀਂ ਦਿੱਤਾ।
ਸਿੱਧੂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜਿਆ ਸੀ ਅਤੇ ਇਸ ਤੋਂ ਬਾਅਦ ਤਕਰੀਬਨ ਇੱਕ ਮਹੀਨੇ ਪਿੱਛੋਂ ਉਨ੍ਹਾ ਇਸ ਬਾਰੇ ਟਵੀਟ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾ ਫਿਰ ਆਪਣੇ ਟਵੀਟ ਵਿਚ ਕਿਹਾ ਸੀ ਕਿ ਉਹ ਰਸਮੀ ਤੌਰ 'ਤੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦੇਣਗੇ, ਜਿਨ੍ਹਾ ਲੋਕ ਸਭਾ ਚੋਣਾਂ ਤੋਂ ਬਾਅਦ ਕੀਤੇ ਫੇਰਬਦਲ ਦੇ ਹਿੱਸੇ ਵਜੋਂ ਉਨ੍ਹਾ ਨੂੰ ਬਿਜਲੀ ਮੰਤਰਾਲਾ ਅਲਾਟ ਕੀਤਾ ਸੀ। ਆਖਰ ਉਨ੍ਹਾ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਅਸਥਾਨ ਉੱਤੇ ਆਪਣਾ ਅਸਤੀਫਾ ਭੇਜ ਦਿੱਤਾ, ਜਦਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦਿੱਲੀ ਵਿਖੇ ਸਨ। ਗੌਰਤਲਬ ਹੈ ਕਿ ਸਿੱਧੂ ਨੇ ਆਪਣਾ ਨਵਾਂ ਵਿਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨੂੰ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਖੁਦ ਮੁੱਖ ਮੰਤਰੀ ਦੇਖ ਰਹੇ ਸਨ। ਇਸ ਅਹਿਮ ਮੌਕੇ ਸੂਬੇ ਵਿਚ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਸੀ।

411 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper