ਅੰਮ੍ਰਿਤਸਰ (ਅਵਤਾਰ ਸਿੰਘ ਆਨੰਦ)
ਕਨਿਸ਼ਕ ਇੰਟਰਪ੍ਰਾਈਜ਼ਸ ਕੰਪਨੀ ਦੇ ਮਾਲਕ ਅਤੇ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੀ ਹੁਣ ਤੱਕ ਦੀ ਸਭ ਤੋਂ ਵੱਡੇ ਖੇਪ ਮਾਮਲੇ 'ਚ ਗ੍ਰਿਫਤਾਰ ਗੁਰਪਿੰਦਰ ਸਿੰਘ ਦੀ ਪੁਲਸ ਹਿਰਾਸਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਪਿੰਦਰ ਬਿਮਾਰ ਸੀ ਤੇ ਅੱਜ ਅੰਮ੍ਰਿਤਸਰ ਜੇਲ੍ਹ 'ਚ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਪਿੰਦਰ ਸਿੰਘ ਪਾਕਿਸਤਾਨ ਤੋਂ ਸਮਾਨ ਦੀ ਦਰਾਮਦ ਕਰਨ ਦਾ ਲਾਈਸੰਸ ਧਾਰਕ ਸੀ। ਬੀਤੀ 29 ਜੂਨ ਨੂੰ ਅਟਾਰੀ ਸਰਹੱਦ 'ਤੇ ਫੜੀ ਲੂਣ ਵਿੱਚ ਲੁਕਾ ਕੇ ਭਾਰਤ ਭੇਜੀ 532 ਕਿੱਲੋਗ੍ਰਾਮ ਹੈਰੋਇਨ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਮਾਂਤਰੀ ਬਾਜ਼ਾਰ ਵਿੱਚ ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਗਈ ਸੀ। ਇਸ ਲੂਣ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸ਼ਕ ਇੰਟਰਪ੍ਰਾਈਜ਼ ਤੋਂ ਹੀ ਕੀਤਾ ਗਿਆ ਸੀ।
ਇੱਥੇ ਵਰਨਣਯੋਗ ਹੈ ਕਿ ਕਸਟਮ ਵਿਭਾਗ ਵੱਲੋਂ ਇੰਟੀਗ੍ਰੇਟਿਡ ਚੈੱਕ ਪੋਸਟ (ਆਈ ਪੀ ਸੀ) ਅਟਾਰੀ 'ਤੇ ਇੱਕ ਟਰੱਕ 'ਚੋਂ 2700 ਕਰੋੜ ਰੁਪਏ ਦੀ (532 ਕਿਲੋਗ੍ਰਾਮ) ਹੈਰੋਇਨ ਬਰਾਮਦ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਲੂਣ ਵਪਾਰੀ ਗੁਰਪਿੰਦਰ ਸਿੰਘ ਬੱਬਰ (29) ਥੋੜ੍ਹੇ ਜਿਹੇ ਸਮੇਂ ਵਿੱਚ ਹੀ ਕਾਫੀ ਨਾਂਅ ਕਮਾ ਗਿਆ ਸੀ। ਦੂਜੇ ਪਾਸੇ ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਇਸ ਮਾਮਲੇ 'ਚ ਫਸਾਇਆ ਗਿਆ ਸੀ। ਨਸ਼ੀਲੇ ਪਦਾਰਥਾਂ ਦੀ ਤੱਸਕਰੀ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ 'ਤੇ ਵੀ ਸ਼ੱਕ ਜਾਹਰ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ।