Latest News
ਸੀ ਪੀ ਆਈ ਦੀ ਨਵੀਂ ਲੀਡਰਸ਼ਿਪ

Published on 22 Jul, 2019 11:27 AM.


ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੀ ਤਿੰਨ ਦਿਨਾ ਮੀਟਿੰਗ 19 ਤੋਂ 21 ਜੁਲਾਈ ਤੱਕ ਪਾਰਟੀ ਦੇ ਕੇਂਦਰੀ ਦਫ਼ਤਰ, ਅਜੈ ਭਵਨ, ਨਵੀਂ ਦਿੱਲੀ ਵਿੱਚ ਹੋਈ। ਇਹ ਮੀਟਿੰਗ ਇਸ ਲਈ ਮਹੱਤਵਪੂਰਨ ਸੀ ਕਿ ਇਹ ਉਦੋਂ ਹੋ ਰਹੀ ਸੀ, ਜਦੋਂ ਹਾਲੀਆ ਲੋਕ ਸਭਾ ਚੋਣਾਂ ਵਿੱਚ ਸਿਰਫ਼ ਸੀ ਪੀ ਆਈ ਹੀ ਨਹੀਂ, ਸਗੋਂ ਸਮੁੱਚੀਆਂ ਖੱਬੀਆਂ ਧਿਰਾਂ ਨੂੰ ਵੱਡੀ ਸੱਟ ਵੱਜੀ ਸੀ। ਇਨ੍ਹਾਂ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਘਟ ਕੇ ਸਿਰਫ਼ 5 ਰਹਿ ਗਈ, ਜਿਹੜੀ ਅਜ਼ਾਦੀ ਤੋਂ ਬਾਅਦ ਦੀ ਸਭ ਤੋਂ ਕਮਜ਼ੋਰ ਕਾਰਗੁਜ਼ਾਰੀ ਹੈ। ਸੀ ਪੀ ਆਈ ਤੇ ਸੀ ਪੀ ਐੱਮ ਨੂੰ ਦੋ-ਦੋ ਸੀਟਾਂ ਤਾਮਿਲਨਾਡੂ ਵਿੱਚ ਡੀ ਐੱਮ ਕੇ ਦੀ ਅਗਵਾਈ ਵਾਲੇ ਗਠਜੋੜ ਦੇ ਹਿੱਸੇ ਵਜੋਂ ਮਿਲੀਆਂ ਤੇ ਸੀ ਪੀ ਐਮ ਇੱਕ ਸੀਟ ਕੇਰਲਾ ਵਿੱਚੋਂ ਜਿੱਤਣ ਵਿੱਚ ਕਾਮਯਾਬ ਰਹੀ। ਇਹੋ ਨਹੀਂ ਕਮਿਊਨਿਸਟਾਂ ਦੇ ਮਜ਼ਬੂਤ ਅਧਾਰ ਵਾਲੇ ਸੂਬਿਆਂ ਪੱਛਮੀ ਬੰਗਾਲ ਤੇ ਕੇਰਲਾ ਵਿੱਚ ਇਨ੍ਹਾਂ ਪਾਰਟੀਆਂ ਦੇ ਵੋਟ ਸ਼ੇਅਰ ਵਿੱਚ ਵੀ ਵੱਡੀ ਕਮੀ ਆਈ। ਪੱਛਮੀ ਬੰਗਾਲ ਵਿੱਚ ਖੱਬੇ ਮੋਰਚੇ ਦਾ ਵੋਟ ਸ਼ੇਅਰ 25 ਫ਼ੀਸਦੀ ਤੋਂ ਘਟ ਕੇ 7 ਫ਼ੀਸਦੀ ਤੱਕ ਪੁੱਜ ਗਿਆ, ਜਿਹੜਾ ਇਨ੍ਹਾਂ ਪਾਰਟੀਆਂ ਲਈ ਅਲਾਰਮ ਦੀ ਘੰਟੀ ਸੀ। ਇਸੇ ਤਰ੍ਹਾਂ ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਯੂ ਡੀ ਐੱਫ ਦੇ ਵੋਟ ਸ਼ੇਅਰ 47 ਫ਼ੀਸਦੀ ਦੇ ਮੁਕਾਬਲੇ ਖੱਬੇ ਫਰੰਟ ਦਾ ਵੋਟ ਸ਼ੇਅਰ 35 ਫ਼ੀਸਦੀ ਰਹਿ ਗਿਆ। ਇਹ ਉਦੋਂ ਵਾਪਰਿਆ, ਜਦੋਂ ਕੇਰਲਾ ਵਿੱਚ ਖੱਬੇ ਮੋਰਚੇ ਦੀ ਸਰਕਾਰ ਹੈ। ਪਹਿਲਾਂ ਕਦੇ ਵੀ ਦੋਹਾਂ ਮੋਰਚਿਆਂ ਦੇ ਵੋਟ ਸ਼ੇਅਰ ਦਾ ਅੰਤਰ 2 ਫ਼ੀਸਦੀ ਤੋਂ ਵਧ ਨਹੀਂ ਸੀ ਰਿਹਾ ਤੇ ਹੁਣ ਇਹ 12 ਫ਼ੀਸਦੀ ਹੋ ਗਿਆ ਹੈ। ਇਸ ਹਾਲਤ ਨੇ ਇਨ੍ਹਾਂ ਪਾਰਟੀਆਂ ਦੇ ਕਾਡਰ ਤੇ ਹਮਦਰਦਾਂ ਵਿੱਚ ਨਿਰਾਸ਼ਾ ਤੇ ਬੇਚੈਨੀ ਪੈਦਾ ਕਰ ਦਿੱਤੀ ਸੀ। ਹਾਲਤ ਦੀ ਮੰਗ ਸੀ ਕਿ ਖੱਬੀਆਂ ਪਾਰਟੀਆਂ ਆਪਣੇ-ਆਪਣੇ ਫੋਰਮਾਂ ਵਿੱਚ ਇਸ ਚੈਲਿੰਜ ਭਰੀ ਸਥਿਤੀ ਦਾ ਸਾਹਮਣਾ ਕਰਨ ਲਈ ਡੂੰਘਾ ਮੰਥਨ ਕਰਕੇ ਨਵੀਂ ਊਰਜਾ ਨਾਲ ਮੈਦਾਨ ਵਿੱਚ ਨਿਤਰਣ।
ਸੀ ਪੀ ਆਈ ਨੇ ਆਪਣੀ ਮੀਟਿੰਗ ਵਿੱਚ ਹੋਰ ਫੈਸਲਿਆਂ ਦੇ ਨਾਲ-ਨਾਲ ਦੋ ਬੜੇ ਹੀ ਅਹਿਮ ਫ਼ੈਸਲੇ ਕੀਤੇ ਹਨ। ਪਹਿਲੇ ਫੈਸਲੇ ਵਿੱਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਉਨ੍ਹਾ ਦੀ ਥਾਂ ਕਾਮਰੇਡ ਡੀ ਰਾਜਾ ਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ ਹੈ। ਦੂਜੇ ਅਹਿਮ ਫ਼ੈਸਲੇ ਵਿੱਚ ਨੌਜਵਾਨ ਆਗੂ ਕਨੱ੍ਹਈਆ ਕੁਮਾਰ ਨੂੰ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਯਾਦ ਰਹੇ ਕਿ ਕਨੱ੍ਹਈਆ ਕੁਮਾਰ ਇੱਕ ਸਾਲ ਪਹਿਲਾਂ ਹੋਈ ਪਾਰਟੀ ਦੀ ਕੌਮੀ ਕਾਂਗਰਸ ਵਿੱਚ ਪਹਿਲੀ ਵਾਰ ਕੌਂਸਲ ਮੈਂਬਰ ਚੁਣੇ ਗਏ ਸਨ। ਸ਼ਾਇਦ ਇਹ ਕਨੱ੍ਹਈਆ ਕੁਮਾਰ ਹੀ ਹਨ, ਜਿਹੜੇ ਇੱਕ ਸਾਲ ਕੌਮੀ ਕੌਂਸਲ ਦੇ ਮੈਂਬਰ ਰਹਿਣ ਦੇ ਬਾਅਦ ਏਨੀ ਛੇਤੀ ਪਾਰਟੀ ਦੀ ਨੀਤੀ ਘੜਨ ਵਾਲੀ ਸਭ ਤੋਂ ਉਤਲੀ ਕਮੇਟੀ ਕੌਮੀ ਕਾਰਜਕਾਰਨੀ ਦੇ ਮੈਂਬਰ ਬਣੇ ਹੋਣ। ਇਨ੍ਹਾਂ ਨਿਯੁਕਤੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੀ ਪੀ ਆਈ ਦੀ ਕੌਮੀ ਲੀਡਰਸ਼ਿਪ ਪਾਰਟੀ ਦੇ ਵਿਕਾਸ ਵਿੱਚ ਆਈ ਖੜੋਤ ਨੂੰ ਤੋੜਣ ਲਈ ਪੂਰੀ ਤਰ੍ਹਾਂ ਗੰਭੀਰ ਹੈ।
ਸੀ ਪੀ ਆਈ ਦੇ ਨਵੇਂ ਬਣੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਆਪਣਾ ਸਿਆਸੀ ਸਫ਼ਰ ਵਿਦਿਆਰਥੀ ਲਹਿਰ ਤੋਂ ਸ਼ੁਰੂ ਕੀਤਾ ਸੀ। ਉਨ੍ਹਾ ਵਿਦਿਆਰਥੀ ਫੈਡਰੇਸ਼ਨ ਦੇ ਨਾਲ-ਨਾਲ ਯੂਥ ਫੈਡਰੇਸ਼ਨ ਨੂੰ ਤਕੜਾ ਕਰਨ ਵਿੱਚ ਵੀ ਸ਼ਲਾਘਾਯੋਗ ਹਿੱਸਾ ਪਾਇਆ। ਆਪਣੇ ਪਾਰਟੀ ਕੰਮਾਂ ਦੀ ਬਦੌਲਤ ਉਹ ਇੱਕ ਤੋਂ ਦੂਜੇ ਅਹੁਦੇ ਉੱਤੇ ਪਹੁੰਚਦਿਆਂ ਆਖਰ ਪਾਰਟੀ ਦੇ ਸਰਵ ਉੱਚ ਅਹੁਦੇ ਉੱਤੇ ਪਹੁੰਚ ਗਏ ਹਨ। ਕਾਮਰੇਡ ਡੀ. ਰਾਜਾ ਨੇ ਜਨਰਲ ਸਕੱਤਰ ਚੁਣੇ ਜਾਣ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਤਾਨਾਸ਼ਾਹੀ ਰਾਜ ਦੌਰਾਨ ਮੁਲਕ ਬੇਹੱਦ ਗੰਭੀਰ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ। ਖੱਬੇ-ਪੱਖੀ ਬੇਸ਼ੱਕ ਲੋਕ ਸਭਾ ਵਿੱਚ ਸੀਮਤ ਤਾਕਤ ਬਣ ਗਏ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਦੇਸ਼ ਵਿੱਚ ਵੀ ਸੀਮਤ ਹੋ ਗਏ ਹਾਂ। ਸਾਡੀ ਪਾਰਟੀ ਦੇਸ਼ ਦੇ ਲੋਕਾਂ ਲਈ ਇੱਕ ਆਸ ਹੈ ਤੇ ਅਸੀਂ ਇਸ ਆਸ ਉੱਤੇ ਪੂਰਾ ਉਤਰਾਂਗੇ। ਉਨ੍ਹਾ ਕਿਹਾ ਕਿ ਉਹ ਸਭ ਖੱਬੀਆਂ ਪਾਰਟੀਆਂ ਨੂੰ ਸੱਦਾ ਦਿੰਦੇ ਹਨ ਕਿ ਇਕੱਠੇ ਹੋ ਕੇ ਆਪਣੀਆਂ ਨੀਤੀਆਂ 'ਤੇ ਮੁੜ ਵਿਚਾਰ ਕਰੀਏ, ਤਾਂ ਜੋ ਮੌਜੂਦਾ ਸਰਕਾਰ ਦੀਆਂ ਪਿਛਾਂਹ-ਖਿੱਚੂ ਨੀਤੀਆਂ ਨੂੰ ਹਾਰ ਦਿੱਤੀ ਜਾ ਸਕੇ। ਜਿਸ ਤਰ੍ਹਾਂ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਦਾ ਸਿਆਸੀ ਪਿਛੋਕੜ ਵਿਦਿਆਰਥੀ ਜੀਵਨ ਨਾਲ ਸੰਬੰਧ ਰੱਖਦਾ ਹੈ, ਉਸੇ ਤਰ੍ਹਾਂ ਹੀ ਕਨੱ੍ਹਈਆ ਕੁਮਾਰ ਵੀ ਵਿਦਿਆਰਥੀ ਸੰਘਰਸ਼ਾਂ ਵਿੱਚੋਂ ਪੱਕ ਕੇ ਹੀ ਕਾਰਜਕਾਰਨੀ ਦੇ ਅਹੁਦੇ ਤੱਕ ਪੁੱਜੇ ਹਨ। ਡੀ. ਰਾਜਾ ਇੱਕ ਚੰਗੇ ਪਾਰਲੀਮੈਂਟੇਰੀਅਨ ਹਨ ਤੇ ਉਹ 12 ਸਾਲ ਤੱਕ ਰਾਜ ਸਭਾ ਦੇ ਮੈਂਬਰ ਰਹੇ ਹਨ। ਉਨ੍ਹਾ ਦਾ ਪਾਰਟੀ ਤੋਂ ਬਾਹਰ ਵੀ ਇੱਕ ਵਿਸ਼ਾਲ ਸਿਆਸੀ ਘੇਰਾ ਹੈ। ਇਸੇ ਤਰ੍ਹਾਂ ਹੀ ਕਨੱ੍ਹਈਆ ਕੁਮਾਰ ਸਮੁੱਚੇ ਦੇਸ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਬੁੱਧੀਜੀਵੀਆਂ ਵਿੱਚ ਬੇਹੱਦ ਹਰਮਨ-ਪਿਆਰੇ ਹਨ। ਜੇ ਐੱਨ ਯੂ ਦੇ ਵਿਦਿਆਰਥੀਆਂ ਦੀ ਅਗਵਾਈ ਕਰਦਿਆਂ ਜਿਸ ਤਰ੍ਹਾਂ ਉਨ੍ਹਾ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਟੱਕਰ ਲਈ, ਉਸ ਨੇ ਉਨ੍ਹਾ ਨੂੰ ਘੱਟ ਗਿਣਤੀਆਂ, ਦਲਿਤਾਂ ਤੇ ਹੋਰ ਦੱਬੇ-ਕੁਚਲੇ ਲੋਕਾਂ ਦੀ ਅੱਖ ਦਾ ਤਾਰਾ ਬਣਾ ਦਿੱਤਾ ਹੈ। ਆਸ ਕਰਨੀ ਬਣਦੀ ਹੈ ਕਿ ਕਾਮਰੇਡ ਡੀ. ਰਾਜਾ ਦੀ ਅਗਵਾਈ ਵਿੱਚ ਪਾਰਟੀ ਦੀ ਕੌਮੀ ਟੀਮ ਦੇਸ਼ ਦੇ ਰੌਸ਼ਨ ਭਵਿੱਖ ਲਈ ਨਵੀਂ ਊਰਜਾ ਨਾਲ ਮੈਦਾਨ ਵਿੱਚ ਨਿਤਰੇਗੀ।

911 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper