Latest News
ਬੁੱਧੀਜੀਵੀਆਂ ਦੀ ਚਿੰਤਾ

Published on 24 Jul, 2019 11:10 AM.


ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੁੜ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਘੱਟ ਗਿਣਤੀ ਵਰਗਾਂ ਤੇ ਦਲਿਤਾਂ ਵਿਰੁੱਧ ਭੀੜਤੰਤਰ ਦੀਆਂ ਘਟਨਾਵਾਂ ਵਿੱਚ ਇਕਦਮ ਹੋਏ ਵਾਧੇ ਨੇ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਬੇਹੱਦ ਚਿੰਤਤ ਕੀਤਾ ਹੋਇਆ ਹੈ। ਇਨ੍ਹਾਂ ਘਟਨਾਵਾਂ ਤੋਂ ਦੁਖੀ ਦੇਸ਼ ਦੀਆਂ 49 ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਰਾਹੀਂ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।
ਇਨ੍ਹਾਂ ਹਸਤੀਆਂ, ਜਿਨ੍ਹਾਂ ਵਿੱਚ ਫ਼ਿਲਮ ਨਿਰਮਾਤਾ ਅਨੁਰਾਗ ਕਸ਼ੱਯਪ, ਮਨੀਰਤਨਮ, ਅਰਪਣਾ ਸੇਨ ਤੇ ਰਾਮਚੰਦਰ ਗੂਹਾ ਸਮੇਤ ਫ਼ਿਲਮੀ ਹਸਤੀਆਂ, ਇਤਿਹਾਸਕਾਰ, ਲੇਖਕ, ਵਿਗਿਆਨਕ ਤੇ ਸਮਾਜਿਕ ਕਾਰਜ ਕਰਤਾ ਸ਼ਾਮਲ ਹਨ, ਨੇ ਲਗਾਤਾਰ ਹੋ ਰਹੀਆਂ ਭੀੜਤੰਤਰੀ ਘਟਨਾਵਾਂ ਅਤੇ ਜੈ ਸ੍ਰੀ ਰਾਮ ਨਾਅਰੇ ਦੀ ਦੁਰਵਰਤੋਂ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਦੇਸ਼ ਭਰ ਵਿੱਚ ਲੋਕਾਂ ਨੂੰ ਜੈ ਸ੍ਰੀ ਰਾਮ ਦੇ ਨਾਅਰਿਆਂ ਦੇ ਅਧਾਰ ਉੱਤੇ ਘੱਟ-ਗਿਣਤੀਆਂ ਵਿਰੁੱਧ ਉਕਸਾਇਆ ਜਾ ਰਿਹਾ ਹੈ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਜੀ, ਨੇਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੇਖ ਕੇ ਅਸੀਂ ਹੈਰਾਨ ਹਾਂ। ਇਨ੍ਹਾਂ ਅੰਕੜਿਆਂ ਅਨੁਸਾਰ ਸੰਨ 2016 ਵਿੱਚ ਦਲਿਤਾਂ ਵਿਰੁੱਧ 840 ਹਿੰਸਕ ਘਟਨਾਵਾਂ ਹੋਈਆਂ ਸਨ। ਦੂਜੇ ਪਾਸੇ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਦੋਸ਼ੀ ਕਰਾਰ ਦੇਣ ਦੇ ਅੰਕੜਿਆਂ ਵਿੱਚ ਕਮੀ ਆਈ ਹੈ। ਅਸੀਂ ਤੁਹਾਥੋਂ ਮੰਗ ਕਰਦੇ ਹਾਂ ਕਿ ਮੁਸਲਿਮ, ਦਲਿਤ ਅਤੇ ਦੂਜੀਆਂ ਘੱਟ-ਗਿਣਤੀਆਂ ਵਿਰੁੱਧ ਭੀੜਤੰਤਰੀ ਹਿੰਸਾ ਤੁਰੰਤ ਬੰਦ ਹੋਣੀ ਚਾਹੀਦੀ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਸੰਸਦ ਵਿੱਚ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਸੀ, ਪ੍ਰੰਤੂ ਇਹ ਕਾਫ਼ੀ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਭੀੜਤੰਤਰੀ ਹਿੰਸਾ ਵਿਰੁੱਧ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤੇ ਅਜਿਹੇ ਅਪਰਾਧਾਂ ਨੂੰ ਗੈਰ ਜ਼ਮਾਨਤੀ ਸ਼੍ਰੇਣੀ ਵਿੱਚ ਰੱਖਿਆ ਜਾਵੇ।
ਚਿੱਠੀ ਵਿੱਚ ਜੈ ਸ੍ਰੀ ਰਾਮ ਦੇ ਨਾਅਰੇ ਦੇ ਦੁਰਉਪਯੋਗ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸਾਨੂੰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹੀਂ ਦਿਨੀਂ ਜੈ ਸ੍ਰੀ ਰਾਮ ਦਾ ਨਾਅਰਾ ਜੰਗ ਭੜਕਾਉਣ ਵਰਗਾ ਬਣ ਚੁੱਕਾ ਹੈ। ਕਾਨੂੰਨ ਤੇ ਵਿਵਸਥਾ ਨੂੰ ਤੋੜਨ ਤੇ ਬਹੁਤ ਵਾਰੀ ਭੀੜਤੰਤਰੀ ਹਿੰਸਾ ਸਮੇਂ ਵੀ ਇਸੇ ਨਾਅਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਹੈਰਾਨੀਜਨਕ ਹੈ ਕਿ ਇਹ ਸਭ ਕੁਝ ਧਰਮ ਦੇ ਨਾਂਅ ਉੱਤੇ ਕੀਤਾ ਜਾ ਰਿਹਾ ਹੈ। ਰਾਮ ਦੇ ਨਾਂਅ ਉੱਤੇ ਕੀਤੇ ਜਾ ਰਹੇ ਅਜਿਹੇ ਅਪਰਾਧਾਂ ਉੱਤੇ ਲਗਾਮ ਲੱਗਣੀ ਚਾਹੀਦੀ ਹੈ।
ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੀ ਅਲੋਚਨਾ ਨੂੰ ਦੇਸ਼ ਦੀ ਅਲੋਚਨਾ ਵਜੋਂ ਪੇਸ਼ ਕਰਨ ਦੀ ਗਲਤ ਪ੍ਰਵਿਰਤੀ ਉਤਪੰਨ ਕੀਤੀ ਜਾ ਰਹੀ ਹੈ। ਦੇਸ ਦੀ ਸੱਤਾਧਾਰੀ ਪਾਰਟੀ ਦੀ ਅਲੋਚਨਾ ਕਰਨਾ ਦੇਸ਼ ਦੀ ਅਲੋਚਨਾ ਕਰਨ ਦੇ ਬਰਾਬਰ ਨਹੀਂ ਹੋ ਸਕਦਾ। ਕਿਸੇ ਵੀ ਦੇਸ ਦੀ ਸੱਤਾਧਾਰੀ ਪਾਰਟੀ ਸਮੁੱਚੇ ਰਾਸ਼ਟਰ ਦੇ ਬਰਾਬਰ ਸਮਾਨੰਤਰ ਨਹੀਂ ਹੋ ਸਕਦੀ। ਸੱਤਾਧਾਰੀ ਪਾਰਟੀ ਦੇਸ਼ ਦੀਆਂ ਬਹੁਤ ਸਾਰੀਆਂ ਪਾਰਟੀਆਂ ਵਿੱਚੋਂ ਸਿਰਫ਼ ਇੱਕ ਪਾਰਟੀ ਹੁੰਦੀ ਹੈ। ਇਸ ਲਈ ਸਰਕਾਰ ਵਿਰੁੱਧ ਚੁੱਕੇ ਗਏ ਕਦਮ ਨੂੰ ਦੇਸ਼ ਵਿਰੁੱਧ ਉਠਾਇਆ ਗਿਆ ਕਦਮ ਕਰਾਰ ਨਹੀਂ ਦਿੱਤਾ ਜਾ ਸਕਦਾ।
ਭੀੜਤੰਤਰ ਹਿੰਸਾ ਵਿਰੁੱਧ ਦੇਸ਼ ਦੇ ਬੁੱਧੀਜੀਵੀ ਵਰਗ ਵੱਲੋਂ ਚੁੱਕੀ ਗਈ ਇਸ ਅਵਾਜ਼ ਨੂੰ ਅੰਜਾਮ ਤੱਕ ਪੁਚਾਉਣ ਲਈ ਇੱਕ ਲੋਕ ਲਹਿਰ ਬਣਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਸੱਤਾਧਾਰੀਆਂ ਤੋਂ ਇਹ ਉਮੀਦ ਰੱਖਣੀ ਬੇਮਾਅਨੀ ਹੈ ਕਿ ਉਹ ਸੌਖੇ ਤੌਰ ਉੱਤੇ ਹੀ ਉਸ ਵੰਡ-ਪਾਊ ਸਿਆਸਤ ਨੂੰ ਤਿਆਗ ਦੇਣਗੇ, ਜਿਸ ਦੇ ਕੰਧਾੜਿਆਂ ਉੱਤੇ ਚੜ੍ਹ ਕੇ ਉਹ ਸੱਤਾਸੀਨ ਹੋਏ ਹਨ। ਪਿਛਲੇ ਦਿਨੀਂ ਕੇਂਦਰ ਦੀ ਸਰਕਾਰ ਵਿੱਚ ਸ਼ਾਮਲ ਦੋ ਭਾਜਪਾ ਆਗੂਆਂ ਦੇ ਬਿਆਨ ਇਸੇ ਗੱਲ ਦੀ ਗਵਾਹੀ ਭਰਦੇ ਹਨ। ਕੇਂਦਰੀ ਮੰਤਰੀ ਗਿਰੀਰਾਜ ਨੇ ਸਿੱਧੇ ਤੌਰ ਉੱਤੇ ਕਹਿ ਦਿੱਤਾ ਸੀ ਕਿ ਲਿਚਿੰਗ ਵਿਚਿੰਗ ਤਾਂ ਸਿਰਫ਼ ਧਰਮ ਨਿਰਪੱਖਤਾ ਵਾਲਿਆਂ ਵੱਲੋਂ ਘੜੇ ਗਏ ਸ਼ਬਦ ਹਨ ਭਾਵ ਇਸ ਦੀ ਜ਼ਮੀਨੀ ਸੱਚਾਈ ਕੁਝ ਨਹੀਂ ਹੈ। ਇਸੇ ਤਰ੍ਹਾਂ ਹੀ ਕੇਂਦਰੀ ਮੰਤਰੀ ਮੁਖਤਿਆਰ ਅਬਾਸ ਨਕਵੀ ਨੇ ਵੀ ਭੀੜਤੰਤਰੀ ਹਿੰਸਾ ਦੀ ਸੱਚਾਈ ਤੋਂ ਇਨਕਾਰ ਕਰਦਿਆਂ ਕਹਿ ਦਿੱਤਾ ਹੈ ਕਿ ਅਜਿਹੀਆਂ ਬਹੁਤੀਆਂ ਘਟਨਾਵਾਂ ਜਾਂਚ ਤੋਂ ਬਾਅਦ ਝੂਠੀਆਂ ਸਾਬਤ ਹੁੰਦੀਆਂ ਹਨ। ਅਜਿਹੇ ਵਿੱਚ ਪ੍ਰਧਾਨ ਮੰਤਰੀ ਕੋਲੋਂ ਇਹ ਆਸ ਰੱਖਣੀ ਨਿਰਾਰਥਕ ਹੈ ਕਿ ਉਹ ਅਜਿਹਾ ਕਾਨੂੰਨ ਘੜਨ ਵਿੱਚ ਪਹਿਲ-ਕਦਮੀ ਕਰਨਗੇ, ਜਿਹੜਾ ਭੀੜਤੰਤਰੀ ਹਿੰਸਾ ਨੂੰ ਕਾਬੂ ਕਰ ਸਕੇ। ਇਸ ਲਈ ਜ਼ਰੂਰੀ ਹੈ ਕਿ ਸਭ ਜਮਹੂਰੀਅਤ ਪਸੰਦ ਪਾਰਟੀਆਂ, ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਇਸ ਅਣਮਨੁੱਖੀ ਵਰਤਾਰੇ ਵਿਰੁੱਧ ਇੱਕਮੁੱਠ ਘੋਲ ਅਰੰਭਣ। ਇੱਕ ਲੋਕ ਲਹਿਰ ਹੀ ਭੀੜਤੰਤਰੀ ਹਿੰਸਾ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬ ਹੋ ਸਕਦੀ ਹੈ।

956 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper