Latest News
ਮੈਲੀ ਜ਼ਿੰਦਗੀ

Published on 25 Jul, 2019 11:19 AM.


ਬਰਨਾਲਾ 'ਚ ਅਕਸ਼ੈ ਕੁਮਾਰ ਸੀਵਰੇਜ ਦੀ ਸਫ਼ਾਈ ਕਰਨ ਲਈ ਢੱਕਣ ਖੋਲ੍ਹ ਕੇ ਹੇਠਾਂ ਉਤਰਿਆ ਤਾਂ ਜ਼ਹਿਰੀਲੀ ਗੈਸ ਨਾਲ ਬੇਹੋਸ਼ ਹੋ ਕੇ ਜਿਊਂਦਾ ਬਾਹਰ ਨਹੀਂ ਨਿਕਲ ਸਕਿਆ। ਇਹ ਸਭ ਤੋਂ ਘਟੀਆ ਕੰਮ ਕਰਨ ਵਾਲੇ ਬਹੁਤੇ ਕਰਮਚਾਰੀਆਂ ਵਾਂਗ ਉਹ ਵੀ ਪ੍ਰਾਈਵੇਟ ਠੇਕੇਦਾਰ ਕੋਲ ਲੱਗਿਆ ਹੋਇਆ ਸੀ। ਸੀਵਰੇਜ ਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਦੀਆਂ ਅਨਿਆਈ ਮੌਤਾਂ ਦੀਆਂ ਖ਼ਬਰਾਂ ਇਨ੍ਹਾਂ ਦੀ ਸੁਰੱਖਿਆ ਲਈ ਕਾਨੂੰਨ ਮੌਜੂਦ ਹੋਣ ਤੇ ਸਵੱਛ ਭਾਰਤ ਮੁਹਿੰਮ ਦੇ ਜ਼ਬਰਦਸਤ ਸ਼ੋਰ ਦੇ ਬਾਵਜੂਦ ਆਏ ਦਿਨ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਰਾਸ਼ਟਰੀ ਸਫ਼ਾਈ ਕਰਮਚਾਰੀ ਆਯੋਗ ਦੀ ਪਿਛਲੇ ਹਫ਼ਤੇ ਪਾਰਲੀਮੈਂਟ ਵਿੱਚ ਪੇਸ਼ ਰਿਪੋਰਟ 'ਚ ਦੱਸਿਆ ਗਿਆ ਕਿ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਅੱਠ ਰਾਜਾਂ ਪੰਜਾਬ, ਯੂ ਪੀ, ਹਰਿਆਣਾ, ਦਿੱਲੀ, ਗੁਜਰਾਤ, ਮਹਾਰਾਸ਼ਟਰ, ਕਰਨਾਟਕ ਤੇ ਤਾਮਿਲਨਾਡੂ ਵਿੱਚ 50 ਸਫ਼ਾਈ ਕਰਮਚਾਰੀਆਂ ਦੀਆਂ ਸੀਵਰੇਜ ਸਾਫ਼ ਕਰਦਿਆਂ ਮੌਤਾਂ ਹੋਈਆਂ ਹਨ। ਆਯੋਗ ਨੇ ਇਹ ਤੱਥ ਵੀ ਸਾਹਮਣੇ ਲਿਆਂਦਾ ਹੈ ਕਿ ਮਰਨ ਵਾਲੇ ਕਰਮਚਾਰੀਆਂ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਵਿਵਸਥਾ ਹੈ, ਪਰ ਬਹੁਤੀਆਂ ਸਰਕਾਰਾਂ ਦਾ ਇਸ ਮਾਮਲੇ ਵਿੱਚ ਰਿਕਾਰਡ ਬਹੁਤ ਖ਼ਰਾਬ ਹੈ। 2013 ਵਿੱਚ ਬਣੇ ਕਾਨੂੰਨ 'ਚ ਸਪੱਸ਼ਟ ਕਿਹਾ ਗਿਆ ਹੈ ਬਿਨਾਂ ਸੇਫਟੀ ਉਪਕਰਨਾਂ ਦੇ ਕਰਮਚਾਰੀ ਨੂੰ ਸੀਵਰੇਜ 'ਚ ਨਹੀਂ ਉਤਾਰਿਆ ਜਾ ਸਕਦਾ। ਪ੍ਰਾਈਵੇਟ ਠੇਕੇਦਾਰ ਇਸ ਕਾਨੂੰਨ ਦੀ ਪਰਵਾਹ ਨਹੀਂ ਕਰਦੇ। ਆਕਸੀਜਨ ਵਾਲਾ ਮਾਸਕ ਪਾ ਕੇ ਅਕਸ਼ੈ ਸੀਵਰੇਜ 'ਚ ਉਤਰਿਆ ਹੁੰਦਾ ਤਾਂ ਅੱਜ ਜਿਊਂਦਾ ਹੁੰਦਾ। ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਨਾ ਕਰਾਉਣ ਕਰਕੇ ਹੀ ਇਹ ਹਾਦਸੇ ਹੋ ਰਹੇ ਹਨ। ਗਰੀਬੀ ਕਾਰਨ ਕਰਮਚਾਰੀ ਬਿਨਾਂ ਸੇਫਟੀ ਉਪਕਰਨਾਂ ਦੇ ਸੀਵਰੇਜ 'ਚ ਉਤਰ ਜਾਂਦੇ ਹਨ। ਉਨ੍ਹਾਂ ਨੂੰ ਕਾਨੂੰਨ ਦਾ ਵੀ ਗਿਆਨ ਨਹੀਂ ਹੁੰਦਾ। ਕੁਝ ਮਾਮਲਿਆਂ 'ਚ ਹੀ ਠੇਕੇਦਾਰਾਂ ਦੀ ਗ੍ਰਿਫ਼ਤਾਰੀ ਹੁੰਦੀ ਹੈ। ਸਜ਼ਾ ਤੱਕ ਕੇਸ ਟਾਵਾਂ ਹੀ ਪੁੱਜਦਾ ਹੈ। ਰਾਸ਼ਟਰੀਆ ਗ੍ਰਾਮੀਣ ਅਭਿਆਨ ਦਾ ਅਧਿਐਨ ਦੱਸਦਾ ਹੈ ਕਿ ਤਿੰਨ ਵਿੱਚੋਂ ਇੱਕ 'ਚ ਹੀ ਪੁਲਸ ਕੇਸ ਦਰਜ ਕਰਦੀ ਹੈ। ਮੁਆਵਜ਼ਾ ਵੀ ਦਸਾਂ ਵਿੱਚੋਂ ਤਿੰਨਾਂ ਨੂੰ ਮਿਲਦਾ ਹੈ। ਇਹ ਹਾਦਸੇ ਬਹੁਤਾ ਧਿਆਨ ਇਸ ਕਰਕੇ ਨਹੀਂ ਖਿੱਚਦੇ ਕਿ ਸਫ਼ਾਈ ਕਰਮਚਾਰੀ ਬਹੁਤ ਹੀ ਪੱਛੜੇ ਤਬਕੇ ਦੇ ਹੁੰਦੇ ਹਨ। ਰਾਸ਼ਟਰੀਆ ਗ੍ਰਾਮੀਣ ਅਭਿਆਨ ਮੁਤਾਬਕ ਹੁਣ ਤੱਕ ਮਰਨ ਵਾਲਿਆਂ ਵਿੱਚੋਂ 94 ਫ਼ੀਸਦੀ ਅਨੁਸੂਚਿਤ ਜਾਤਾਂ, 4 ਫ਼ੀਸਦੀ ਹੋਰਨਾਂ ਪੱਛੜੀਆਂ ਜਾਤਾਂ ਤੇ ਬਾਕੀ ਅਨੁਸੂਚਤ ਕਬੀਲਿਆਂ ਦੇ ਹਨ। ਸਫ਼ਾਈ ਕਰਮਚਾਰੀ ਅੰਦੋਲਨ ਦੇ ਆਗੂ ਤੇ ਮੈਗਸੇਸੇ ਐਵਾਰਡ ਜੇਤੂ ਬੇਜਵਾੜਾ ਵਿਲਸਨ ਮੁਤਾਬਕ ਸਫ਼ਾਈ ਕਰਮਚਾਰੀਆਂ ਦੀਆਂ ਮੌਤਾਂ ਲਈ ਸਰਕਾਰਾਂ ਦੀ ਉਦਾਸੀਨਤਾ ਤੇ ਇੱਛਾ-ਸ਼ਕਤੀ ਦੀ ਕਮੀ ਜ਼ਿੰਮੇਦਾਰ ਹੈ। ਸਰਕਾਰ ਦੀ ਗੰਭੀਰਤਾ ਦਾ ਪਤਾ ਇਥੋਂ ਲੱਗ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਟਵੀਟ ਦਾ ਜਵਾਬ ਦੇਣ ਵਾਲੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਅੱਠ ਪੱਤਰਾਂ 'ਚੋਂ ਕਿਸੇ ਦਾ ਜਵਾਬ ਨਹੀਂ ਦਿੱਤਾ। 'ਆਦਿ ਧਰਮ ਸਮਾਜ' ਦੇ ਪ੍ਰਧਾਨ ਦਰਸ਼ਨ ਰਤਨ ਰਾਵਣ ਦਾ ਕਹਿਣਾ ਹੈ ਕਿ ਸਫਾਈ ਕਰਮਚਾਰੀਆਂ ਤੇ ਸੀਵਰਮੈਨ ਦੇ ਬਿਨਾਂ ਸਵੱਛ ਭਾਰਤ ਅਭਿਆਨ ਦੀ ਕਲਪਨਾ ਕਰਨੀ ਹੀ ਬੇਮਾਇਨੀ ਹੈ। ਪ੍ਰਧਾਨ ਮੰਤਰੀ ਵੱਲੋਂ ਕੁੰਭ ਇਸ਼ਨਾਨ ਦੌਰਾਨ ਸਫ਼ਾਈ ਕਰਮਚਾਰੀਆਂ ਦੇ ਪੈਰ ਧੋਹਣ ਨਾਲ ਹੀ ਸਮੱਸਿਆ ਦਾ ਹੱਲ ਨਹੀਂ ਹੋਣ ਲੱਗਿਆ। ਲੋੜ ਇਨ੍ਹਾਂ ਨੂੰ ਚਿੱਕੜ 'ਚੋਂ ਕੱਢਣ ਦੀ ਹੈ। ਇਹ ਜਤਨ ਕਰਨ ਦੀ ਲੋੜ ਹੈ ਕਿ ਸਫ਼ਾਈ ਕਰਮਚਾਰੀ ਦਾ ਬੱਚਾ ਸਫ਼ਾਈ ਕਰਮਚਾਰੀ ਨਾ ਬਣੇ। ਉਨ੍ਹਾਂ ਮੁਤਾਬਕ ਸਫ਼ਾਈ ਕਰਮਚਾਰੀਆਂ ਨੂੰ ਯੋਗ ਵੇਤਨ ਦਾ ਸੁਪਰੀਮ ਕੋਰਟ ਦਾ ਆਦੇਸ਼ ਅਜੇ ਵੀ ਸਾਰੇ ਰਾਜਾਂ 'ਚ ਲਾਗੂ ਨਹੀਂ ਹੋ ਸਕਿਆ । ਉਨ੍ਹਾਂ ਨੂੰ 5-7 ਹਜ਼ਾਰ ਰੁਪਏ ਮਹੀਨਾ ਹੀ ਮਿਲ ਰਹੇ ਹਨ। ਸੀਵਰੇਜ 'ਚ ਉਤਰਨ ਵਾਲੇ ਕਰਮਚਾਰੀ ਦੀ ਭੂਮਿਕਾ ਫ਼ੌਜੀ ਨਾਲੋਂ ਵੀ ਅਹਿਮ ਹੁੰਦੀ ਹੈ। ਜਿਵੇਂ ਕਿਤੇ ਬੰਬ ਮਿਲਦਾ ਹੈ ਤਾਂ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੱਦਿਆ ਜਾਂਦਾ ਹੈ, ਉਵੇਂ ਹੀ ਸੀਵਰੇਜ ਵੀ ਬੰਬ ਦੀ ਤਰ੍ਹਾਂ ਹੁੰਦਾ ਹੈ, ਜਿਸ 'ਚ ਕੈਮੀਕਲ, ਜ਼ਹਿਰਲੀ ਗੈਸ, ਕੱਚ ਤੇ ਲੋਹੇ ਦੇ ਟੁਕੜੇ ਵੀ ਹੁੰਦੇ ਹਨ। ਸਫ਼ਾਈ ਕਰਮਚਾਰੀ ਦੀ ਮੌਤ ਹਾਦਸਾ ਨਹੀਂ ਹੁੰਦੀ, ਸਗੋਂ ਸਰਕਾਰਾਂ, ਸਿਆਸੀ ਪਾਰਟੀਆਂ, ਪ੍ਰਸ਼ਾਸਨ ਤੇ ਕੌਂਸਲਰਾਂ ਦੀ ਲਾਪਰਵਾਹੀ ਨੂੰ ਦੇਖਦਿਆਂ ਇਸ ਨੂੰ ਹੱਤਿਆ ਮੰਨਿਆ ਜਾਣਾ ਚਾਹੀਦਾ ਹੈ। ਸਫਾਈ ਕਰਮਚਾਰੀਆਂ ਨੂੰ ਨਰਕ ਵਿੱਚੋਂ ਕੱਢਣ ਲਈ ਸਰਕਾਰ ਨੂੰ ਬਿਨਾਂ ਦੇਰੀ ਮੁਨਾਸਬ ਕਦਮ ਚੁੱਕਣੇ ਚਾਹੀਦੇ ਹਨ। ਉਸੇ ਤਰ੍ਹਾਂ ਦੀ ਤੇਜ਼ੀ ਦਿਖਾਉਣੀ ਚਾਹੀਦੀ ਹੈ, ਜਿਸ ਤਰ੍ਹਾਂ ਸੰਸਦ 'ਚ ਆਏ ਦਿਨ ਨਵੇਂ ਤੋਂ ਨਵਾਂ ਬਿੱਲ ਪੇਸ਼ ਕਰਨ ਲਈ ਦਿਖਾਈ ਜਾ ਰਹੀ ਹੈ। ਵਰਤਮਾਨ ਕਾਨੂੰਨ 'ਚ ਏਨੀ ਸੋਧ ਕਰਨੀ ਵੀ ਕਾਫ਼ੀ ਹੋਵੇਗੀ ਕਿ ਸਫ਼ਾਈ ਕਰਮਚਾਰੀਆਂ ਤੋਂ ਕੰਮ ਲੈਣ ਵਾਲੇ ਇਨ੍ਹਾਂ ਦੀਆਂ ਮੌਤਾਂ ਲਈ ਜ਼ਿੰਮੇਦਾਰ ਹੋਣਗੇ।

871 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper