Latest News
ਹਾਦਸਾ ਜਾਂ ਸਾਜ਼ਿਸ਼

Published on 29 Jul, 2019 11:09 AM.


ਉੱਤਰ ਪ੍ਰਦੇਸ਼ ਦੇ ਉਨਾਵ ਬਲਾਤਕਾਰ ਕਾਂਡ ਵਿੱਚ ਉਸ ਸਮੇਂ ਦੁਖਦਾਈ ਮੋੜ ਆ ਗਿਆ ਹੈ, ਜਦੋਂ ਬੀਤੇ ਐਤਵਾਰ ਨੂੰ ਇੱਕ ਟਰੱਕ ਨੇ ਉਸ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਬਲਾਤਕਾਰ ਦੀ ਸ਼ਿਕਾਰ ਲੜਕੀ ਤੇ ਉਸ ਦੇ ਪਰਵਾਰ ਦੇ ਮੈਂਬਰ ਸਵਾਰ ਸਨ। ਇਸ ਹਾਦਸੇ ਵਿੱਚ ਪੀੜਤ ਲੜਕੀ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਅਤੇ ਪੀੜਤ ਲੜਕੀ ਤੇ ਉਸ ਦੇ ਵਕੀਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਡਾਕਟਰਾਂ ਮੁਤਾਬਕ ਦੋਹਾਂ ਜ਼ਖ਼ਮੀਆਂ ਦੀ ਹਾਲਤ ਅਤੀ ਨਾਜ਼ੁਕ ਬਣੀ ਹੋਈ ਹੈ, ਬਚਣ ਦੀ ਉਮੀਦ ਬਹੁਤ ਘੱਟ ਹੈ।
ਇਸ ਸਮੇਂ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਹ ਹਾਦਸਾ ਇੱਕ ਆਮ ਸੜਕ ਦੁਰਘਟਨਾ ਸੀ ਜਾਂ ਫਿਰ ਸੋਚੀ-ਸਮਝੀ ਸਾਜ਼ਿਸ਼। ਇਸ ਬਹੁ-ਚਰਚਿਤ ਕੇਸ ਦੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਕੜੀਆਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਬਹੁਤ ਸੰਭਾਵਨਾ ਇਹੋ ਲੱਗਦੀ ਹੈ ਕਿ ਇਹ ਇੱਕ ਵਿਉਂਤਬੰਦ ਢੰਗ ਨਾਲ ਕੀਤੇ ਗਏ ਕਤਲ ਹਨ। ਘਟਨਾਵਾਂ ਦਾ ਵੇਰਵਾ ਦੇਖੋ: ਇਸ ਬਲਾਤਕਾਰ ਕਾਂਡ ਦਾ ਮੁੱਖ ਦੋਸ਼ੀ ਬਾਂਗਰਮਊ ਤੋਂ ਭਾਜਪਾ ਦਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਹੈ। ਮਿਤੀ 4 ਜੂਨ 2017 ਨੂੰ ਉਨਾਵ ਦੀ ਰਹਿਣ ਵਾਲੀ ਇੱਕ 17 ਸਾਲਾ ਲੜਕੀ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਆਪਣੀ ਇੱਕ ਰਿਸ਼ਤੇਦਾਰ ਨਾਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਘਰ ਨੌਕਰੀ ਮੰਗਣ ਗਈ ਸੀ ਤਾਂ ਵਿਧਾਇਕ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਪੀੜਤ ਲੜਕੀ ਅਚਾਨਕ ਗਾਇਬ ਹੋ ਗਈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸ ਦੀ ਮਾਂ ਵੱਲੋਂ 12 ਜੂਨ ਨੂੰ ਦਰਜ ਕਰਾਈ ਗਈ। 20 ਜੂਨ ਨੂੰ ਪੁਲਸ ਨੇ ਲੜਕੀ ਨੂੰ ਔਰਈਆ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ ਬਰਾਮਦ ਕਰ ਲਿਆ। 22 ਜੂਨ ਨੂੰ ਪੁਲਸ ਨੇ ਪੀੜਤਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਬਿਆਨ ਦਰਜ ਕਰਾਏ, ਪਰ ਇਨ੍ਹਾਂ ਬਿਆਨਾਂ ਵਿੱਚ ਵਿਧਾਇਕ ਕੁਲਦੀਪ ਸੇਂਗਰ ਦਾ ਨਾਂਅ ਨਹੀਂ ਸੀ। ਬਾਅਦ ਵਿੱਚ ਪੀੜਤ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਉਸ ਉੱਤੇ ਵਿਧਾਇਕ ਦਾ ਨਾਂਅ ਨਾ ਲੈਣ ਲਈ ਦਬਾਅ ਪਾਇਆ ਗਿਆ ਸੀ। 30 ਜੂਨ ਨੂੰ ਪੁਲਸ ਨੇ ਪੀੜਤਾ ਨੂੰ ਪਰਵਾਰ ਦੇ ਹਵਾਲੇ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਪੁਲਸ ਵੱਲੋਂ ਕੁੜੀ ਨੂੰ ਟਾਰਚਰ ਕੀਤਾ ਗਿਆ ਸੀ। ਉਸ ਉਪਰੰਤ 17 ਅਗਸਤ 2017 ਨੂੰ ਪੀੜਤਾ ਨੇ ਵੱਖ-ਵੱਖ ਪੱਧਰਾਂ ਉੱਤੇ 4 ਜੂਨ ਦੀ ਘਟਨਾ ਦਾ ਵੇਰਵਾ ਦੇ ਕੇ ਸ਼ਿਕਾਇਤ ਪੱਤਰ ਦਿੱਤੇ, ਪਰ ਪੁਲਸ ਨੇ ਫਿਰ ਵੀ ਵਿਧਾਇਕ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਆਖ਼ਰ 24 ਫ਼ਰਵਰੀ 2018 ਨੂੰ ਪੀੜਤਾ ਦੀ ਮਾਂ ਨੇ ਉਨਾਵ ਦੀ ਚੀਫ਼ ਮੈਜਿਸਟ੍ਰੇਟ ਅਦਾਲਤ ਵਿੱਚ ਅਰਜੀ ਦੇ ਕੇ ਐੱਫ਼ ਆਈ ਆਰ ਦਰਜ ਕਰਨ ਦੀ ਮੰਗ ਕੀਤੀ। 3 ਅਪ੍ਰੈਲ ਨੂੰ ਇਸ ਅਰਜ਼ੀ ਉੱਤੇ ਸੁਣਵਾਈ ਸ਼ੁਰੂ ਹੋਈ। ਇਸੇ ਦਿਨ ਹੀ ਪੁਲਸ ਨੇ ਪਰਵਾਰ ਉੱਤੇ ਦਬਾਅ ਬਣਾਉਣ ਲਈ ਪੀੜਤਾ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਆਂਦਾ। ਉੱਥੇ ਉਸ ਨੂੰ ਵਿਧਾਇਕ ਦੇ ਭਰਾ ਅਤੁਲ ਕੁਮਾਰ ਤੇ ਉਸ ਦੇ ਸਾਥੀਆ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ 5 ਅਪ੍ਰੈਲ ਨੂੰ ਜੇਲ੍ਹ ਭੇਜ ਦਿੱਤਾ। ਜੇਲ੍ਹ ਭੇਜੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੇ ਪਿਤਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਤੋਂ ਪਹਿਲਾਂ ਹੀ ਲੜਕੀ ਦੇ ਪਿਤਾ ਦਾ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਵਿਧਾਇਕ ਦੇ ਭਰਾ ਤੇ ਉਸ ਦੇ ਸਾਥੀਆਂ ਨੇ ਪੁਲਸ ਸਾਹਮਣੇ ਹੀ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। 8 ਅਪ੍ਰੈਲ ਨੂੰ ਪੀੜਤਾ ਨੇ ਵਿਧਾਇਕ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਸਰਕਾਰੀ ਘਰ ਅੱਗੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਮਾਮਲਾ ਤੂਲ ਫੜ ਗਿਆ। ਉਪਰਲੇ ਹੁਕਮ ਆਉਣ ਉੱਤੇ ਸੰਬੰਧਤ ਥਾਣੇ ਦੇ ਮੁਖੀ ਸਮੇਤ 6 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਵਿਧਾਇਕ ਦੇ ਭਰਾ ਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਮਾਮਲੇ ਵਿੱਚ ਉੱਠੇ ਰੋਹ ਤੋਂ ਬਾਅਦ ਅਲਾਹਾਬਾਦ ਹਾਈ ਕੋਰਟ ਨੇ ਕੇਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਰਾਜ ਸਰਕਾਰ ਨੇ ਵੀ ਮਾਮਲੇ ਨੂੰ ਵਧਦਾ ਵੇਖ ਕੇ ਇਸ ਕੇਸ ਨੂੰ ਸੀ ਬੀ ਆਈ ਨੂੰ ਸੌਂਪਣ ਦਾ ਆਦੇਸ਼ ਦੇ ਦਿੱਤਾ। ਸੀ ਬੀ ਆਈ ਨੇ 13 ਅਪ੍ਰੈਲ ਨੂੰ ਕੁਲਦੀਪ ਸੇਂਗਰ ਨੂੰ ਪੁੱਛ-ਪੜਤਾਲ ਲਈ ਆਪਣੀ ਹਿਰਾਸਤ ਲੈ ਲਿਆ। ਬਾਅਦ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਉੱਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੀ ਬੀ ਆਈ ਨੇ 11 ਜੁਲਾਈ ਨੂੰ ਕੁਲਦੀਪ ਸੇਂਗਰ ਵਿਰੁੱਧ ਚਾਰਜਸ਼ੀਟ ਦਾਖਲ ਕਰ ਦਿੱਤੀ ਅਤੇ 12 ਜੁਲਾਈ ਨੂੰ ਪੀੜਤਾ ਦੇ ਪਿਤਾ ਦੀ ਹੱਤਿਆ ਦੇ ਕੇਸ ਵਿੱਚ ਕੁਲਦੀਪ ਸੇਂਗਰ, ਉਸ ਦੇ ਭਰਾ ਤੇ ਤਿੰਨ ਪੁਲਸ ਮੁਲਾਜ਼ਮਾਂ ਵਿਰੁੱਧ ਦੂਜੀ ਚਾਰਜਸ਼ੀਟ ਦਾਖਲ ਕੀਤੀ ਗਈ। 18 ਅਗਸਤ 2018 ਨੂੰ ਇਸ ਕੇਸ ਦੇ ਇੱਕ ਗਵਾਹ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਅਤੇ ਬਿਨਾਂ ਪੋਸਟ-ਮਾਰਟਮ ਦੇ ਹੀ ਉਸ ਦਾ ਜਲਦਬਾਜ਼ੀ ਵਿੱਚ ਸਸਕਾਰ ਕਰ ਦਿੱਤਾ ਗਿਆ।
ਉਕਤ ਸਾਰੇ ਘਟਨਾਕ੍ਰਮ ਤੋਂ ਇਹੋ ਸਿੱਟਾ ਨਿਕਲਦਾ ਹੈ ਕਿ ਪੀੜਤਾ ਤੇ ਪਰਵਾਰ ਨਾਲ ਹੋਇਆ ਇਹ ਜਾਨਲੇਵਾ ਹਾਦਸਾ ਮਹਿਜ਼ ਇੱਕ ਹਾਦਸਾ ਹੀ ਨਹੀਂ ਹੈ। ਟਰੱਕ ਦੀਆਂ ਨੰਬਰ ਪਲੇਟਾਂ ਉੱਤੇ ਗਰੀਸ ਲਾ ਕੇ ਬੇਪਛਾਣ ਕਰਨਾ, ਪੀੜਤਾ ਨੂੰ ਮਿਲੇ ਸੁਰੱਖਿਆ ਕਰਮਚਾਰੀਆਂ ਦਾ ਉਸ ਦੇ ਨਾਲ ਨਾ ਹੋਣਾ ਤੇ ਕਾਰ ਦੇ ਪਿੱਛੇ ਚੱਲ ਰਹੇ ਇੱਕ ਵਿਅਕਤੀ ਵੱਲੋਂ ਹਾਦਸੇ ਦੀ ਵੀਡੀਓ ਬਣਾ ਕੇ ਘਟਨਾ ਸਥੱਲ ਤੋਂ ਭੱਜ ਜਾਣਾ ਇਸੇ ਗੱਲ ਦੀ ਗਵਾਹੀ ਭਰਦਾ ਹੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਏਨੀ ਖੇਹ ਉਡਣ ਦੇ ਬਾਵਜੂਦ ਭਾਜਪਾ ਨੇ ਹਾਲੇ ਤੱਕ ਆਪਣੇ ਵਿਧਾਇਕ ਨੂੰ ਆਪਣੀ ਪਾਰਟੀ ਵਿੱਚ ਰੱਖਿਆ ਹੋਇਆ ਹੈ। ਏਨਾ ਹੀ ਨਹੀਂ, ਪਿਛਲੀਂ ਦਿਨੀਂ ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਜੇਲ੍ਹ ਵਿੱਚ ਜਾ ਕੇ ਕੁਲਦੀਪ ਸੇਂਗਰ ਨਾਲ ਮੁਲਾਕਾਤ ਕੀਤੀ ਤੇ ਉਸ ਦੀ ਉਸਤਤ ਦੇ ਸੋਹਲੇ ਗਾਏ ਸਨ। ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਜਪਾ ਸਾਡੇ ਲੋਕਤੰਤਰ ਨੂੰ ਅਪਰਾਧਤੰਤਰ ਵਿੱਚ ਤਬਦੀਲ ਕਰਨ ਲਈ ਹੋਰ ਕਿੰਨਾ ਕੁ ਅੱਗੇ ਜਾਵੇਗੀ?

1749 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper