Latest News
ਲੋਕਤੰਤਰ ਨਹੀਂ, ਭੀੜਤੰਤਰ

Published on 08 Aug, 2019 10:47 AM.


ਪਿਛਲੇ 5 ਸਾਲਾਂ ਦੀਆਂ ਘਟਨਾਵਾਂ ਨੂੰ ਜੇ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਭਾਸਦਾ ਹੈ ਕਿ ਭਾਰਤੀ ਲੋਕਤੰਤਰ ਹੁਣ ਭੀੜਤੰਤਰ ਵਿੱਚ ਬਦਲ ਚੁੱਕਾ ਹੈ ਤੇ ਇਸ ਭੀੜਤੰਤਰ ਨੂੰ ਹਾਕਮਾਂ ਦੀ ਸਰਪ੍ਰਸਤੀ ਹਾਸਲ ਹੈ। ਹਰ ਸ਼ਹਿਰ, ਪਿੰਡ ਤੇ ਗਲੀ-ਮੁਹੱਲੇ ਵਿੱਚ ਭੀੜ ਦਾ ਰਾਜ ਹੈ। ਇਸ ਭੀੜ ਨੂੰ ਨਾ ਸੰਸਦੀ ਪ੍ਰਣਾਲੀ ਵਿੱਚ ਵਿਸ਼ਵਾਸ ਹੈ, ਨਾ ਸੰਵਿਧਾਨ ਦੀ ਪਾਸਦਾਰੀ ਹੈ ਤੇ ਨਾ ਅਮਨ-ਕਾਨੂੰਨ ਦੀ ਮਸ਼ੀਨਰੀ ਦਾ ਡਰ ਹੈ। ਭੀੜ ਖੁਦ ਨਿਆਂ ਪਾਲਿਕਾ ਬਣ ਬੈਠੀ ਹੈ। ਭੀੜ ਨਿਸਚਿੰਤ ਹੈ, ਕਿਉਂਕਿ ਇਸ ਦੇ ਪ੍ਰਿਤਪਾਲਕ ਉਪਰਲੀਆਂ ਕੁਰਸੀਆਂ ਉੱਤੇ ਬਿਰਾਜਮਾਨ ਹਨ। ਭੀੜ ਦਾ ਇੱਕੋ ਮੁੱਖ ਕੰਮ ਹੈ, ਆਪਣੇ ਪ੍ਰਿਤਪਾਲਕਾਂ ਦੇ ਦੁਸ਼ਮਣਾਂ ਨੂੰ ਲੱਭਣਾ, ਉਨ੍ਹਾਂ ਨੂੰ ਡਰਾਉਣਾ ਤੇ ਲੋੜ ਹੋਵੇ ਤਾਂ ਟਿਕਾਣੇ ਲਾ ਦੇਣਾ। ਇਹ ਭੀੜ ਫ਼ੈਸਲਾ ਕਰ ਰਹੀ ਹੈ ਕਿ ਕੌਣ ਦੇਸ਼ ਭਗਤ ਹੈ ਤੇ ਕੌਣ ਦੇਸ਼ ਧ੍ਰੋਹੀ।
ਇਹ ਭੀੜ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਨੂੰ ਦੇਸ਼ ਧ੍ਰੋਹੀ ਐਲਾਨ ਕੇ ਦੇਸ਼ ਦੀ ਸਰਵ-ਉੱਚ ਅਦਾਲਤ ਵਿੱਚ ਉਸ ਉਪਰ ਹਮਲਾ ਕਰ ਸਕਦੀ ਹੈ। ਮੁਹੰਮਦ ਅਖਲਾਕ, ਪਹਿਲੂ ਖਾਂ ਤੇ ਜੂਨੇਦ ਖਾਂ ਵਰਗਿਆਂ ਦੇ ਕਤਲ ਕਰਨ ਲਈ ਇਸ ਭੀੜ ਨੂੰ ਕੇਂਦਰੀ ਹਾਕਮ ਸਨਮਾਨਤ ਕਰਦੇ ਹਨ। ਕੋਈ ਦਲਿਤ ਮੁੱਛ ਰੱਖ ਸਕਦਾ ਹੈ ਜਾਂ ਨਹੀਂ, ਘੋੜੀ ਚੜ੍ਹ ਸਕਦਾ ਹੈ ਕਿ ਨਹੀਂ, ਇਸ ਦਾ ਫ਼ੈਸਲਾ ਇਹ ਭੀੜ ਕਰਦੀ ਹੈ।
ਇਨ੍ਹਾਂ ਦੀ ਨਿਯਮਾਵਲੀ ਵਿੱਚ ਸਰਕਾਰ ਵਿਰੁੱਧ ਬੋਲਣ ਵਾਲਾ, ਉਸ ਦੇ ਫ਼ੈਸਲਿਆਂ ਦੀ ਅਲੋਚਨਾ ਕਰਨ ਵਾਲਾ ਹੀ ਨਹੀਂ, ਸਰਕਾਰ ਦੇ ਹੱਕ ਵਿੱਚ ਨਾ ਖੜਨ ਵਾਲਾ ਵੀ ਦੇਸ਼ ਧ੍ਰੋਹੀ ਹੈ। ਜੰਮੂ-ਕਸ਼ਮੀਰ ਨੂੰ ਵੰਡਣ ਤੇ ਧਾਰਾ 370 ਹਟਾਏ ਜਾਣ ਦੇ ਫ਼ੈਸਲੇ ਸੰਬੰਧੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਲਏ ਪੈਂਤੜੇ ਤੋਂ ਬਾਅਦ ਤਾਂ ਇਹੋ ਲੱਗਦਾ ਹੈ ਕਿ ਹਰ ਕੋਈ ਇਸ ਭੀੜਤੰਤਰ ਤੋਂ ਡਰ ਚੁੱਕਾ ਹੈ। ਇਹ ਡਰ ਭੀੜ ਦੀ ਵੋਟਾਂ ਹਾਸਲ ਕਰਨ ਦੀ ਸ਼ਕਤੀ ਦਾ ਵੀ ਹੋ ਸਕਦਾ ਹੈ, ਤੇ ਦੇਸ਼ਧ੍ਰੋਹੀ ਗਰਦਾਨੇ ਜਾਣ ਦਾ ਵੀ।
ਦੇਸ਼ ਦੀ ਸਭ ਤੋਂ ਪੁਰਾਣੀ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂਆਂ ਵਿੱਚ ਤਾਂ ਇਸ ਭੀੜ ਦੇ ਪਿੱਛੇ ਲੱਗਣ ਦੀ ਇੱਕ ਹੋੜ ਜਿਹੀ ਲੱਗ ਗਈ ਸੀ। ਜਿਉਤਿਰਾਦਿੱਤਯ ਸਿੰਦੀਆ, ਭੁਵਨੇਸ਼ਵਰ ਕਲੀਤਾ, ਅਦਿੱਤੀ ਸਿੰਘ, ਰੰਜੀਤ ਰੰਜਨ, ਦਿਪੇਂਦਰ ਹੁੱਡਾ, ਅਨਿਲ ਸ਼ਾਸ਼ਤ੍ਰੀ, ਮਿਲਿੰਦ ਦੇਵੜਾ, ਅਸ਼ਵਨੀ ਕੁਮਾਰ, ਜਨਾਰਦਨ ਦਿਵੈਦੀ ਸਭ ਨੇ ਪਾਰਟੀ ਦੇ ਅਧਿਕਾਰਤ ਰੁਖ ਤੋਂ ਹਟ ਕੇ ਅਮਿਤ ਸ਼ਾਹ ਅੱਗੇ ਘੁਟਨੇ ਟੇਕ ਦਿੱਤੇ। ਬਹਾਨਾ ਘੜਿਆ ਲੋਕਾਂ ਤੋਂ ਟੁੱਟ ਜਾਣ ਦਾ, ਭਾਵ ਭੀੜਤੰਤਰ ਤੇਰੀ ਜੈ-ਜੈ ਕਾਰ।
ਕਾਂਗਰਸੀ ਸ਼ਾਇਦ ਇਹ ਭੁੱਲ ਗਏ ਕਿ ਜਦੋਂ ਵੀ ਕਾਂਗਰਸ ਆਪਣੇ ਅਧਿਕਾਰਤ ਸਟੈਂਡ ਤੋਂ ਹਟ ਕੇ ਲੋਕ ਵਹਿਣ ਵਿੱਚ ਵਹੀ, ਇਹ ਹਮੇਸ਼ਾ ਰਸਾਤਲ ਵੱਲ ਗਈ। ਜਦੋਂ 1992 ਵਿੱਚ ਨਰਸਿਮਹਾ ਰਾਓ ਨੇ ਬਾਬਰੀ ਮਸਜਿਦ ਢਹਿਣ ਉੱਤੇ ਚੁੱਪ ਵੱਟ ਲਈ ਤਾਂ ਯੂ ਪੀ ਵਿੱਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਅਤੇ ਅੱਜ ਤੱਕ ਵੀ ਉਸ ਦੇ ਪੈਰ ਨਹੀਂ ਲੱਗ ਸਕੇ।
ਕਾਂਗਰਸ ਵਾਂਗ ਹੀ ਖੇਤਰੀ ਪਾਰਟੀਆਂ ਵੀ ਇਸੇ ਵਹਿਣ ਵਿੱਚ ਵਹਿ ਗਈਆਂ। ਹਮੇਸ਼ਾ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੀਆਂ ਇਹ ਪਾਰਟੀਆਂ ਇੱਕ ਪੂਰੇ ਰਾਜ ਦੀ ਬਲੀ ਦੇਣ ਵਾਲਿਆਂ ਦੀ ਕਤਾਰ ਵਿੱਚ ਜਾ ਖੜੀਆਂ। ਅਕਾਲੀ ਦਲ, ਬਿਜੂ ਜਨਤਾ ਦਲ, ਵਾਈ ਐੱਸ ਆਰ ਕਾਂਗਰਸ ਤੇ ਟੀ ਆਰ ਐੱਸ ਵੱਲੋਂ ਲਿਆ ਗਿਆ ਸਟੈਂਡ ਮੌਕਾਪ੍ਰਸਤੀ ਦੀ ਕੋਝੀ ਮਿਸਾਲ ਬਣ ਗਿਆ ਹੈ। ਜਨਤਾ ਦਲ (ਯੂ) ਜਿਸ ਨੇ ਸਰਕਾਰ ਦੇ ਵਿਰੁੱਧ ਸਟੈਂਡ ਲਿਆ ਸੀ, ਹੁਣ ਹਾਸੋਹੀਣੀ ਦਲੀਲ ਪੇਸ਼ ਕਰਕੇ ਪਿਛਲਖੁਰੀ ਮੁੜ ਆਇਆ ਹੈ। ਉਸ ਨੇ ਕਿਹਾ ਹੈ ਕਿ ਜੇਕਰ ਅਸੀਂ ਸੰਸਦ ਵਿੱਚ ਬਿੱਲ ਦਾ ਸਮੱਰਥਨ ਕਰ ਦਿੰਦੇ ਤਾਂ ਜਾਰਜ ਫਰਨਾਂਡੇਜ਼ ਦੀ ਆਤਮਾ ਨੂੰ ਦੁੱਖ ਪਹੁੰਚਣਾ ਸੀ, ਪਾਸ ਹੋਣ ਤੋਂ ਬਾਅਦ ਅਸੀਂ ਕਾਨੂੰਨ ਦੇ ਨਾਲ ਹਾਂ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਲੀਲ ਹੋਰ ਵੀ ਦਿਲਚਸਪ ਹੈ। ਉਸ ਦੇ ਬੁਲਾਰੇ ਨੇ ਕਿਹਾ ਹੈ ਕਿ ਆਨੰਦਪੁਰ ਮਤੇ ਵਿੱਚ ਇਹ ਕਦੋਂ ਲਿਖਿਆ ਕਿ ਧਾਰਾ 370 ਨਹੀਂ ਹਟਾਈ ਜਾਣੀ ਚਾਹੀਦੀ। ਸੰਸਦ ਵਿੱਚ ਜੇਕਰ ਇਸ ਬਿੱਲ ਦੀ ਡਟ ਕੇ ਵਿਰੋਧਤਾ ਕੀਤੀ ਤਾਂ ਉਹ ਕਮਿਊਨਿਸਟ ਪਾਰਟੀਆਂ ਤੇ ਸਮਾਜਵਾਦੀ ਪਾਰਟੀ ਸੀ। ਤ੍ਰਿਣਮੂਲ ਕਾਂਗਰਸ ਤੇ ਡੀ ਐੱਮ ਕੇ ਨੇ ਵੀ ਇਸ ਦੇ ਵਿਰੋਧ ਵਿੱਚ ਸਟੈਂਡ ਲਿਆ।
ਬਿੱਲ ਪਾਸ ਹੋ ਗਿਆ। ਦੇਸ਼ ਭਰ ਦੀ ਭੀੜ ਖੁਸ਼ੀਆਂ ਮਨਾ ਰਹੀ ਹੈ। ਜਿਹੜੇ ਆਗੂਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ, ਉਨ੍ਹਾਂ ਵਿਰੁੱਧ ਦੇਸ਼ ਧ੍ਰੋਹੀ ਦੇ ਫਤਵੇ ਦੇ ਰਹੀ ਹੈ। ਆਗਰਾ ਵਿੱਚ ਹਿੰਦੂਤਵੀ ਭੀੜ ਰਾਹੁਲ ਗਾਂਧੀ, ਸੀਤਾ ਰਾਮ ਯੇਚੁਰੀ, ਅਖਿਲੇਸ਼ ਯਾਦਵ, ਮਹਿਬੂਬਾ ਮੁਫ਼ਤੀ ਤੇ ਕਪਿਲ ਸਿੱਬਲ ਦੇ ਵੱਡੇ-ਵੱਡੇ ਪੋਸਟਰ ਬਣਾ ਕੇ ਉਨ੍ਹਾਂ ਦੇ ਮੂੰਹ ਉਪਰ ਥੁੱਕ ਰਹੀ ਹੈ। ਇਸ ਭੀੜ ਨੂੰ ਆਸ ਹੋਵੇਗੀ ਕਿ ਇਸ ਤਰ੍ਹਾਂ ਕਰਨ ਨਾਲ ਉਪਰਲੀਆਂ ਕੁਰਸੀਆਂ ਉੱਤੇ ਬੈਠੇ ਦੋ 'ਮਹਾਨ' ਵਿਅਕਤੀਆਂ ਦੀ ਉਨ੍ਹਾਂ ਉੱਤੇ ਸਵੱਲੀ ਨਜ਼ਰ ਰਹੇਗੀ। ਬਿੱਲ ਦੀ ਹਮਾਇਤ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਇਦ ਚੰਗਾ-ਚੰਗਾ ਮਹਿਸੂਸ ਕਰਦੇ ਹੋਣ ਕਿ ਚਲੋ ਭੀੜਤੰਤਰ ਤੋਂ ਤਾਂ ਬਚੇ।

1866 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper