Latest News
ਮੁੱਕੇਬਾਜ਼ੀ ਫੈਡਰੇਸ਼ਨ ਫਾਊਲ ਖੇਡੀ

Published on 09 Aug, 2019 11:46 AM.


ਤਿੰਨ ਅਕਤੂਬਰ ਤੋਂ ਰੂਸ ਵਿੱਚ ਹੋਣ ਜਾ ਰਹੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 10 ਮੈਂਬਰੀ ਭਾਰਤੀ ਟੀਮ ਫਾਈਨਲ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਪੰਜ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੀਆਂ ਹਨ। ਟੀਮ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀ ਕੋਮ (51 ਕਿਲੋ) ਤੇ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ) ਵੀ ਸ਼ਾਮਲ ਹਨ। ਅੱਠ ਦੀ ਚੋਣ ਟਰਾਇਲ ਜ਼ਰੀਏ ਹੋਈ, ਪਰ ਮੈਰੀ ਕੋਮ ਤੇ ਲਵਲੀਨਾ ਨੂੰ ਬਿਨਾਂ ਟਰਾਇਲ ਦੇ ਹੀ ਚੁਣ ਲਿਆ ਗਿਆ। ਮੈਰੀ ਕੋਮ ਦੀਆਂ ਪ੍ਰਾਪਤੀਆਂ 'ਤੇ ਦੇਸ਼ ਮਾਣ ਕਰਦਾ ਹੈ, ਪਰ ਉਸ ਦੀ ਤੇ ਲਵਲੀਨਾ ਦੀ ਬਿਨਾਂ ਟਰਾਇਲ ਚੋਣ ਨੇ ਹੋਰਨਾਂ ਦਾਅਵੇਦਾਰਾਂ ਦਾ ਦਿਲ ਦੁਖਾਇਆ ਹੈ। ਟਰਾਇਲ ਦੌਰਾਨ ਉਹ ਹਾਰ ਜਾਂਦੀਆਂ ਤਾਂ ਬੇਸ਼ੱਕ ਹਾਰ ਜਾਂਦੀਆਂ, ਪਰ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ ਉਨ੍ਹਾਂ ਨੂੰ ਮੌਕਾ ਨਾ ਦੇ ਕੇ ਦੂਹਰਾ ਪੈਮਾਨਾ ਅਪਣਾਇਆ ਹੈ। ਟਰਾਇਲ ਮੰਗਲਵਾਰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਸ਼ੁਰੂ ਹੋਏ ਸਨ। ਮੈਰੀ ਕੋਮ ਵਾਲੇ 51 ਕਿਲੋ ਭਾਰ ਵਰਗ ਵਿੱਚ ਟਰਾਇਲ ਦੇਣ ਦੀ ਇਛੁੱਕ ਨਿਕਹਤ ਜ਼ਰੀਨ ਨੂੰ ਐਨ ਮੌਕੇ 'ਤੇ ਕਹਿ ਦਿੱਤਾ ਗਿਆ ਕਿ ਮੈਰੀ ਕੋਮ ਚੁਣ ਲਈ ਗਈ ਹੈ ਤੇ ਤੇਰਾ ਟਰਾਇਲ ਨਹੀਂ ਹੋਣਾ। ਨਿਕਹਤ ਮੁਤਾਬਕ ਫੈਡਰੇਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਸ ਦਾ ਟਰਾਇਲ ਜ਼ਰੂਰ ਕਰਾਇਆ ਜਾਵੇਗਾ, ਪਰ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਜਿਨ੍ਹਾਂ ਕੈਟੇਗਰੀਆਂ ਦੇ ਟਰਾਇਲਾਂ ਦੀ ਲਿਸਟ ਜਾਰੀ ਕੀਤੀ ਗਈ, ਉਸ ਵਿੱਚ ਉਸ ਦੀ ਕੈਟੇਗਰੀ ਗਾਇਬ ਸੀ। ਚੋਣ ਕਮੇਟੀ ਦੇ ਚੇਅਰਮੈਨ ਰਾਜੇਸ਼ ਭੰਡਾਰੀ ਨੇ ਕਿਹਾ ਕਿ ਮੈਰੀ ਕੋਮ ਦੇ ਰਿਕਾਰਡ ਨੂੰ ਦੇਖਦਿਆਂ 51 ਕਿਲੋ ਵਾਲਾ ਟਰਾਇਲ ਨਾ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਮੈਰੀ ਕੋਮ ਦੇ ਕੋਚ ਛੋਟੇ ਲਾਲ ਯਾਦਵ ਨੇ ਚੋਣ ਕਮੇਟੀ ਨੂੰ ਲਿਖਿਆ ਸੀ ਕਿ 51 ਕਿਲੋ ਦੇ ਟਰਾਇਲ ਦੀ ਲੋੜ ਨਹੀਂ, ਕਿਉਂਕਿ ਮੈਰੀ ਕੌਮ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਚੋਣ ਕਮੇਟੀ ਨੇ ਉਨ੍ਹਾਂ ਦੀ ਗੱਲ ਮੰਨ ਲਈ। ਚੋਣ ਕਮੇਟੀ ਦੀ ਰਾਇ ਹੈ ਕਿ ਮੈਰੀ ਕੋਮ ਨੇ ਵਿਸ਼ਵ ਚੈਂਪੀਅਨਸ਼ਿਪ ਤੇ ਉਲੰਪਿਕ ਦੇ ਕੁਆਲੀਫਾਈਂਗ ਗੇੜ ਲਈ ਤਿਆਰੀ ਕਰਨੀ ਹੈ, ਇਸ ਲਈ ਉਸ ਨੇ ਆਪਣਾ ਪਲੈਨ ਬਣਾਇਆ ਹੋਇਆ ਹੈ। ਇਨ੍ਹਾਂ ਦੋਹਾਂ ਮੁਕਾਬਲਿਆਂ ਉਤੇ ਧਿਆਨ ਕੇਂਦਰਤ ਕਰ ਰਹੀ ਮੈਰੀ ਕੋਮ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਨਹੀਂ ਲਿਆ ਸੀ। ਰਾਜੇਸ਼ ਭੰਡਾਰੀ ਨੇ ਆਪਣੇ ਫ਼ੈਸਲੇ ਦੇ ਹੱਕ ਵਿੱਚ ਇਹ ਦਲੀਲ ਵੀ ਦਿੱਤੀ ਕਿ ਮੈਰੀ ਕੋਮ ਇਸ ਸਾਲ ਦੇ ਸ਼ੁਰੂ ਵਿੱਚ ਨਿਕਹਤ ਨੂੰ ਇੰਡੀਆ ਓਪਨ ਟੂਰਨਾਮੈਂਟ ਵਿੱਚ ਹਰਾ ਚੁੱਕੀ ਹੈ ਤੇ ਨਿਕਹਤ ਨੇ ਇਸ ਟੂਰਨਾਮੈਂਟ ਵਿੱਚ ਸਿਰਫ਼ ਕਾਂਸੀ ਦਾ ਤਮਗਾ ਜਿੱਤਿਆ ਸੀ। ਮੈਰੀ ਕੋਮ 46 ਤੇ 51 ਕਿਲੋ ਭਾਰ ਵਰਗ ਵਿੱਚ ਹਿੱਸਾ ਲੈਂਦੀ ਹੈ ਤੇ ਦੋਹਾਂ ਵਰਗਾਂ ਵਿੱਚ ਉਹ ਤਿੰਨ-ਤਿੰਨ ਵਾਰ ਵਿਸ਼ਵ ਚੈਂਪੀਅਨ ਬਣੀ ਹੈ। ਨਿਕਹਤ ਜ਼ਰੀਨ ਨੇ 2016 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ 54 ਕਿਲੋ ਭਾਰ ਵਰਗ 'ਚ ਹਿੱਸਾ ਲਿਆ ਸੀ ਤੇ 2017 ਵਿੱਚ ਉਹ 51 ਕਿਲੋ ਭਾਰ ਵਰਗ ਵਿੱਚ ਹਿੱਸਾ ਲੈਣ ਲੱਗ ਪਈ ਸੀ। ਪਿਛਲੇ ਸਾਲ ਉਸ ਨੇ ਬੁਲਗਾਰੀਆ ਵਿੱਚ ਸਤਰੰਜਾ ਯਾਦਗਾਰੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਸਾਲ ਅਪ੍ਰੈਲ ਵਿੱਚ ਉਸ ਨੇ ਬੈਂਕਾਕ ਵਿੱਚ ਏਸ਼ੀਆਈ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗਾ ਜਿੱਤਿਆ। ਹਾਲਾਂਕਿ ਇੱਥੇ ਉਹ ਸੈਮੀਫਾਈਨਲ 'ਚ ਵੀਅਤਨਾਮ ਦੀ ਨਗੁਏਨ ਥੀ ਤਾਮ ਤੋਂ ਹਾਰ ਗਈ ਸੀ, ਪਰ ਕੁਆਰਟਰ ਫਾਈਨਲ 'ਚ ਉਸ ਨੇ 48 ਕਿਲੋ ਭਾਰ ਵਰਗ ਵਿੱਚ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਕਜ਼ਾਖਸਤਾਨ ਦੀ ਨਜ਼ੀਮ ਕਿਜ਼ੈਬੇ ਨੂੰ ਹਰਾ ਦਿੱਤਾ ਸੀ। ਮਹਿਲਾ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਰਾਫੇਲ ਬਰਗਾਮਾਸਕੋ ਇਸ ਰਾਇ ਦੇ ਸਨ ਕਿ ਸਾਰੀਆਂ ਕੈਟੇਗਰੀਆਂ ਦੇ ਟਰਾਇਲ ਹੋਣੇ ਚਾਹੀਦੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਵੀ ਨਾਮੀ ਪਹਿਲਵਾਨਾਂ ਦੇ ਹੱਕ 'ਚ ਅਜਿਹੇ ਫੈਸਲੇ ਕਰਦੀ ਰਹਿੰਦੀ ਹੈ। ਬਾਅਦ 'ਚ ਭਾਵੇਂ ਉਨ੍ਹਾਂ ਦਾ ਪ੍ਰਦਰਸ਼ਨ ਹਲਕਾ ਹੀ ਰਹੇ। ਟਰਾਇਲ ਹੋ ਜਾਂਦਾ ਤਾਂ ਨਿਕਹਤ ਜ਼ਰੀਨ ਦਾ ਦਿਲ ਤਾਂ ਨਾ ਦੁਖਦਾ। ਆਖਰ ਉਹ ਵੀ ਤਾਂ ਦੇਸ਼ ਲਈ ਹੀ ਪਸੀਨਾ ਵਹਾਉਂਦੀ ਹੈ। ਇਸ ਮਾਮਲੇ ਵਿੱਚ ਵਿਸ਼ਵ ਕੱਪ ਤੇ ਉਲੰਪਿਕ ਵਿੱਚ ਤਮਗਿਆਂ ਨੂੰ ਹੂੰਝਾ ਫੇਰਨ ਵਾਲੇ ਦੇਸ਼ਾਂ ਤੋਂ ਸਬਕ ਲੈਣ ਦੀ ਲੋੜ ਹੈ, ਜਿਹੜੇ ਹਰ ਟੂਰਨਾਮੈਂਟ ਲਈ ਟਰਾਇਲ ਕਰਾਉਂਦੇ ਹਨ। ਉਲੰਪਿਕ ਵਿੱਚ 23 ਸੋਨ ਤਮਗੇ ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ 26 ਸੋਨ ਤਮਗੇ ਜਿੱਤਣ ਵਾਲੇ ਤੈਰਾਕ ਫੇਲੱਪਸ ਤੇ ਉਲੰਪਿਕ 'ਚ 4 ਸੋਨ ਤਮਗੇ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ 14 ਸੋਨ ਤਮਗੇ ਜਿੱਤਣ ਵਾਲੀ ਜਿਮਨਾਸਟ ਸਿਮੋਨ ਬਾਈਲਜ਼ ਵੀ ਲਾਜ਼ਮੀ ਟਰਾਇਲ ਦਿੰਦੇ ਰਹੇ ਹਨ। ਹਾਲਾਂਕਿ ਜਮਾਇਕਾ ਵੀ ਭਾਰਤ ਵਾਂਗ ਕਰਦਾ ਹੈ, ਪਰ ਮਹਾਨ ਐਥਲੀਟ ਉਸੈਨ ਬੋਲਟ ਨੇ ਇਸ ਤਰ੍ਹਾਂ ਕੁਆਲੀਫਾਈ ਕਰਨਾ ਚੰਗਾ ਨਹੀਂ ਸਮਝਿਆ ਸੀ। ਉਸ ਨੇ ਫਿਟਨੈੱਸ ਸਾਬਤ ਕਰਨ ਲਈ ਲੰਡਨ ਐਨੀਵਰਸਰੀ ਗੇਮਜ਼ ਵਿੱਚ ਹਿੱਸਾ ਲੈ ਕੇ ਰੀਓ ਉਲੰਪਿਕ ਲਈ ਕੁਆਲੀਫਾਈ ਕੀਤਾ ਸੀ।

224 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper