Latest News
ਕਸ਼ਮੀਰ ਜੇਲ੍ਹਬੰਦ ਹੈ

Published on 11 Aug, 2019 11:09 AM.


ਪਿਛਲੇ ਇੱਕ ਹਫ਼ਤੇ ਤੋਂ ਸਮੁੱਚੀ ਕਸ਼ਮੀਰ ਘਾਟੀ ਜੇਲ੍ਹਬੰਦ ਹੈ। ਇੰਟਰਨੈੱਟ ਸੇਵਾਵਾਂ, ਮੋਬਾਇਲ ਤੇ ਟੈਲੀਫ਼ੋਨ ਸਭ ਬੰਦ ਹਨ। ਕਸ਼ਮੀਰ ਤੋਂ ਛਪਣ ਵਾਲੇ ਅਖ਼ਬਾਰ ਛਪ ਨਹੀਂ ਰਹੇ, ਸਾਰੀ ਘਾਟੀ ਵਿੱਚ ਦਿਨ-ਰਾਤ ਦਾ ਕਰਫਿਊ ਲੱਗਾ ਹੋਇਆ ਹੈ। ਇਸ ਤਰ੍ਹਾਂ ਲੱਗ ਰਿਹਾ ਹੈ, ਜਿਵੇਂ ਜੰਨਤ ਨੂੰ ਲਕਵਾ ਮਾਰ ਗਿਆ ਹੋਵੇ। ਸਰਕਾਰ ਤੇ ਇਸ ਦਾ ਧੂਤੂ ਮੀਡੀਆ ਕਹਿ ਰਿਹਾ ਹੈ, 'ਦੇਖੋ ਕਸ਼ਮੀਰ ਵਿੱਚ ਕਿੰਨੀ ਸ਼ਾਂਤੀ ਹੈ।' ਸੁਰੱਖਿਆ ਫੋਰਸਾਂ ਦੇ ਬੁਲਾਰੇ ਕਹਿ ਰਹੇ ਹਨ, 'ਪਿਛਲੇ 6 ਦਿਨਾਂ ਤੋਂ ਉੱਥੇ ਇੱਕ ਵੀ ਗੋਲੀ ਨਹੀਂ ਚੱਲੀ।' ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸੁੰਨੀਆਂ ਗਲੀਆਂ ਵਿੱਚ ਭਲਵਾਨੀ ਗੇੜੇ ਕੱਢ ਰਿਹਾ ਹੈ। ਮੀਡੀਆ ਦਾ ਵੱਡਾ ਹਿੱਸਾ ਉਸ ਦੀਆਂ ਅੱਧੀਆਂ-ਅਧੂਰੀਆਂ ਵੀਡੀਓ ਦਿਖਾ ਕੇ ਇਹ ਦੱਸਣ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਹੈ ਕਿ ਦੇਖੋ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰੀ ਕਿੰਨੇ ਖੁਸ਼ ਹਨ। ਇਹ ਨਿਰਾ ਕੁਫਰ ਹੈ। ਕਸ਼ਮੀਰ ਸੁਲਗ ਰਿਹਾ ਹੈ। ਇਹ ਕਿਸੇ ਸਮੇਂ ਵੀ ਭਾਂਬੜ ਦਾ ਰੂਪ ਲੈ ਸਕਦਾ ਹੈ।
ਬੀ ਬੀ ਸੀ ਦੀ ਪੱਤਰਕਾਰ ਗੀਤਾ ਪਾਂਡੇ ਨੇ ਕਸ਼ਮੀਰ ਦੇ ਸੰਵੇਦਨਸ਼ੀਲ ਹਿੱਸਿਆਂ ਵਿੱਚ ਜਾ ਕੇ ਜੋ ਰਿਪੋਰਟ ਦਿੱਤੀ ਹੈ, ਉਹ ਆਉਣ ਵਾਲੀ ਭਿਆਨਕ ਤਰਾਸਦੀ ਦੀ ਨਿਸ਼ਾਨਦੇਹੀ ਕਰਦੀ ਹੈ। ਉਹ ਲਿਖਦੀ ਹੈ, ''ਸ੍ਰੀਨਗਰ ਦੇ ਵਿੱਚੋ-ਵਿੱਚ ਖਾਂਯਾਰ ਇਲਾਕਾ ਹੈ, ਜੋ ਭਾਰਤ ਵਿਰੋਧੀ ਮੁਜ਼ਾਹਰਿਆਂ ਲਈ ਬਦਨਾਮ ਹੈ। 24 ਘੰਟੇ ਕਰਫ਼ਿਊ ਹੋਣ ਕਾਰਨ ਉੱਥੇ ਪਹੁੰਚਣ ਲਈ ਸਾਨੂੰ ਇੱਕ ਦਰਜਨ ਬੈਰੀਕੇਡਾਂ ਨੂੰ ਪਾਰ ਕਰਨਾ ਪਿਆ। ਇੱਕ ਬੈਰੀਕੇਡ ਕੋਲ ਮੈਂ ਤਸਵੀਰ ਖਿੱਚਣ ਲਈ ਆਪਣੀ ਕਾਰ ਵਿੱਚੋਂ ਉੱਤਰੀ। ਉਸੇ ਵੇਲੇ ਗਲੀ ਵਿੱਚੋਂ ਕੁਝ ਲੋਕ ਸਾਡੇ ਕੋਲ ਇਹ ਦੱਸਣ ਲਈ ਆਏ ਕਿ ਉਹ ਜ਼ਬਰਦਸਤ ਘੇਰਾਬੰਦੀ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਬਜ਼ੁਰਗ ਵਿਅਕਤੀ ਨੇ ਕਿਹਾ, 'ਸਰਕਾਰ ਵੱਲੋਂ ਇਹ ਭਿਅੰਕਰ ਠੱਗੀ ਹੈ।' ਪੁਲਸ ਨੇ ਸਾਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵਿਅਕਤੀ ਆਪਣੀ ਗੱਲ ਪੂਰੀ ਕਰਨਾ ਚਾਹੁੰਦਾ ਸੀ। ਉਸ ਨੇ ਚੀਕ ਕੇ ਕਿਹਾ, 'ਤੁਸੀਂ ਸਾਨੂੰ ਦਿਨੇ ਵੀ ਬੰਦ ਰੱਖਦੇ ਹੋ ਤੇ ਰਾਤ ਨੂੰ ਵੀ ਬੰਦ ਰੱਖਦੇ ਹੋ।' ਪੁਲਸ ਵਾਰ-ਵਾਰ ਕਹਿ ਰਹੀ ਸੀ ਕਿ ਇਸ ਸਮੇਂ ਕਰਫਿਊ ਹੈ ਤੇ ਉਨ੍ਹਾਂ ਨੂੰ ਘਰਾਂ ਵਿੱਚ ਚਲੇ ਜਾਣਾ ਚਾਹੀਦਾ ਹੈ। ਪਰ ਬਜ਼ੁਰਗ ਪੁਲਸ ਨੂੰ ਚੁਣੌਤੀ ਦੇਣ ਦੇ ਅੰਦਾਜ਼ ਵਿੱਚ ਉਥੇ ਹੀ ਖੜ੍ਹਾ ਰਿਹਾ। ਠੀਕ ਉਸੇ ਸਮੇਂ ਮੈਨੂੰ ਉਥੋਂ ਜਾਣ ਲਈ ਕਿਹਾ ਗਿਆ। ਜਦੋਂ ਅਸੀਂ ਤੁਰਨ ਲੱਗੇ, ਇੱਕ ਨੌਜਵਾਨ, ਜਿਸ ਨੇ ਆਪਣੇ ਬੱਚੇ ਨੂੰ ਗੋਦ ਵਿੱਚ ਚੁੱਕਿਆ ਹੋਇਆ ਸੀ ਨੇ ਮੈਨੂੰ ਕਿਹਾ, 'ਮੈਂ ਭਾਰਤ ਨਾਲ ਲੜਨ ਲਈ ਬੰਦੂਕ ਚੁੱਕਣ ਲਈ ਤਿਆਰ ਹਾਂ।' ਉਸ ਨੇ ਅੱਗੇ ਕਿਹਾ, 'ਇਹ ਮੇਰਾ ਇਕਲੌਤਾ ਬੇਟਾ ਹੈ, ਇਹ ਹਾਲੇ ਬਹੁਤ ਛੋਟਾ ਹੈ, ਪ੍ਰੰਤੂ ਮੈਂ ਇਸ ਨੂੰ ਵੀ ਬੰਦੂਕ ਚੁੱਕਣ ਲਈ ਤਿਆਰ ਕਰਾਂਗਾ।' ਉਹ ਨੌਜਵਾਨ ਏਨਾ ਗੁੱਸੇ ਵਿੱਚ ਸੀ ਕਿ ਉਸ ਨੂੰ ਇਹ ਵੀ ਡਰ ਨਹੀਂ ਸੀ ਕਿ ਉਹ ਇਹ ਸਭ ਪੁਲਸ ਦੇ ਸਾਹਮਣੇ ਕਹਿ ਰਿਹਾ।''
''ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿੱਚ ਮੈਂ ਅਜਿਹੇ ਲੋਕਾਂ ਨੂੰ ਮਿਲੀ, ਜਿਨ੍ਹਾਂ ਕਿਹਾ ਕਿ ਉਹ ਸੁਰੱਖਿਆ ਫੋਰਸਾਂ ਦੇ ਡਰ ਦੇ ਸਾਏ ਹੇਠ ਹੁਣ ਹੋਰ ਨਹੀਂ ਰਹਿਣਾ ਚਾਹੁੰਦੇ। ਪਿਛਲੇ 30 ਸਾਲਾਂ ਤੋਂ ਕਸ਼ਮੀਰ ਵਿੱਚ ਹਿੰਸਾ ਜਾਰੀ ਹੈ, ਪਰ ਦਿੱਲੀ ਦੇ ਫੈਸਲੇ ਤੋਂ ਬਾਅਦ, ਜਿਸ ਨੂੰ ਲੋਕ ਤਾਨਾਸ਼ਾਹੀ ਵਾਲਾ ਫਰਮਾਨ ਕਹਿ ਰਹੇ ਹਨ, ਉਹ ਲੋਕ ਵੀ ਹਾਸ਼ੀਏ ਉੱਤੇ ਧੱਕ ਦਿੱਤੇ ਗਏ ਹਨ, ਜਿਨ੍ਹਾਂ ਕਦੇ ਵੀ ਵੱਖਵਾਦ ਦਾ ਸਮੱਰਥਨ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਤੇ ਭਾਰਤ ਦੋਹਾਂ ਲਈ ਇਸ ਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ। ਜਿੱਥੇ ਵੀ ਮੈਂ ਗਈ, ਇਹ ਭਾਵਨਾ ਪ੍ਰਬਲ ਦਿਸੀ, ਡਰ ਅਤੇ ਚਿੰਤਾ ਦੇ ਨਾਲ ਗੁੱਸਾ ਅਤੇ ਕੇਂਦਰ ਦੇ ਫ਼ੈਸਲੇ ਦੇ ਵਿਰੋਧ ਦਾ ਪੱਕਾ ਇਰਾਦਾ ਦਿੱਸਿਆ।''
''ਬੀਤੇ ਸੋਮਵਾਰ ਸਵੇਰ ਤੋਂ ਹੀ ਸ੍ਰੀਨਗਰ ਪੂਰੀ ਤਰ੍ਹਾਂ ਬੰਦ ਹੈ ਅਤੇ ਸ਼ਹਿਰ ਪੂਰੀ ਤਰ੍ਹਾਂ ਭੂਤ ਬੰਗਲਾ ਲੱਗ ਰਿਹਾ ਹੈ। ਦੁਕਾਨਾਂ, ਸਕੂਲ, ਕਾਲਜ ਤੇ ਦਫ਼ਤਰ ਸਭ ਕੁਝ ਬੰਦ ਹਨ ਤੇ ਸੜਕੀ ਆਵਾਜਾਈ ਠੱਪ ਹੈ। ਸੜਕਾਂ ਉੱਤੇ ਥਾਂ-ਥਾਂ ਕੰਡਿਆਲੀ ਤਾਰ ਰਾਹੀਂ ਬੈਰੀਕੇਡ ਲਾਏ ਗਏ ਹਨ। ਸੁੰਨਸਾਨ ਸੜਕਾਂ ਉੱਤੇ ਹਜ਼ਾਰਾਂ ਬੰਦੂਕਧਾਰੀ ਪੁਲਸ ਜਵਾਨ ਗਸ਼ਤ ਕਰ ਰਹੇ ਹਨ। ਸਾਰੇ ਸ਼ਹਿਰੀ ਘਰਾਂ ਵਿੱਚ ਬੰਦ ਹਨ। ਲੱਗਭੱਗ ਇੱਕ ਹਫ਼ਤਾ ਹੋ ਚੁੱਕਾ ਹੈ। ਦੋ ਸਾਬਕਾ ਮੁੱਖ ਮੰਤਰੀ ਹਿਰਾਸਤ ਵਿੱਚ ਹਨ, ਜਦੋਂ ਕਿ ਤੀਜਾ, ਜੋ ਸਾਂਸਦ ਵੀ ਹੈ, ਘਰ ਵਿੱਚ ਨਜ਼ਰਬੰਦ ਹੈ। ਸੈਂਕੜੇ ਹੋਰ ਲੋਕ ਵੀ ਹਿਰਾਸਤ ਵਿੱਚ ਹਨ, ਜਿਨ੍ਹਾਂ ਵਿੱਚ ਸਮਾਜਿਕ ਕਾਰਜਕਰਤਾ, ਉਦਯੋਗ ਜਗਤ ਦੇ ਲੋਕ ਤੇ ਪ੍ਰੋਫ਼ੈਸਰ ਸ਼ਾਮਲ ਹਨ। ਇਨ੍ਹਾਂ ਨੂੰ ਅਸਥਾਈ ਜੇਲ੍ਹ ਵਿੱਚ ਰੱਖਿਆ ਗਿਆ ਹੈ।''
''ਰਿਜ਼ਵਾਨ ਮਲਿਕ ਕਹਿੰਦੇ ਹਨ ਕਿ ਪੂਰਾ ਕਸ਼ਮੀਰ ਹੀ ਜੇਲ੍ਹ ਵਿੱਚ ਤਬਦੀਲ ਹੋ ਗਿਆ ਹੈ, ਇੱਕ ਖੁੱਲ੍ਹੀ ਜੇਲ੍ਹ। ਸੋਮਵਾਰ ਨੂੰ ਜਦੋਂ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਬਾਰੇ ਆਪਣੀ ਯੋਜਨਾ ਪੇਸ਼ ਕੀਤੀ, ਉਸ ਦੇ 48 ਘੰਟੇ ਦੇ ਅੰਦਰ ਹੀ ਰਿਜ਼ਵਾਨ ਦਿੱਲੀ ਤੋਂ ਸ੍ਰੀਨਗਰ ਦੀ ਉਡਾਨ ਫੜ ਕੇ ਇੱਥੇ ਪੁੱਜ ਗਏ। ਸ੍ਰੀਨਗਰ ਵਿੱਚ ਆਪਣੇ ਘਰ ਵਿੱਚ ਉਸ ਨੇ ਮੈਨੂੰ ਦੱਸਿਆ, ਇਹ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨਾਲ ਸੰਪਰਕ ਕਰਨ ਦਾ ਕੋਈ ਢੰਗ ਨਹੀਂ ਹੈ।''
''ਰਿਜ਼ਵਾਨ ਇਸ ਗੱਲੋਂ ਗੁੱਸੇ ਵਿੱਚ ਹੈ ਕਿ ਭਾਰਤ ਨੇ ਬਿਨਾਂ ਰਾਜ ਦੇ ਲੋਕਾਂ ਤੋਂ ਸਲਾਹ ਲਏ, ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ, ਜਿਸ ਤਹਿਤ ਇਸ ਇਲਾਕੇ ਨੂੰ ਇੱਕ ਹੱਦ ਤੱਕ ਖੁਦਮੁਖਤਿਆਰੀ ਹਾਸਲ ਸੀ ਤੇ ਜਿਸ ਦੀ ਵਜ੍ਹਾ ਨਾਲ ਇਸ ਇਲਾਕੇ ਦਾ ਰਿਸ਼ਤਾ ਭਾਰਤ ਨਾਲ ਨੱਥੀ ਸੀ। ਰਿਜ਼ਵਾਨ ਅਜਿਹਾ ਵਿਅਕਤੀ ਨਹੀਂ ਹੈ, ਜਿਸ ਦਾ ਵੱਖਵਾਦ ਵਿੱਚ ਭਰੋਸਾ ਹੋਵੇ ਜਾਂ ਉਸ ਨੇ ਪ੍ਰਦਰਸ਼ਨ ਦੌਰਾਨ ਕਦੇ ਸੈਨਾਵਾਂ ਉੱਤੇ ਪੱਥਰ ਸੁੱਟੇ ਹੋਣ। ਉਹ 25 ਸਾਲ ਦਾ ਨੌਜਵਾਨ ਹੈ, ਜੋ ਦਿੱਲੀ ਵਿੱਚ ਅਕਾਊਂਟੈਂਟ ਦੀ ਪੜ੍ਹਾਈ ਕਰਦਾ ਹੈ। ਉਹ ਕਹਿੰਦਾ ਹੈ, ਉਹ ਲੰਮੇ ਸਮੇਂ ਤੋਂ 'ਭਾਰਤ ਦੇ ਵਿਚਾਰ' ਵਿੱਚ ਭਰੋਸਾ ਰੱਖਦਾ ਸੀ, ਕਿਉਂਕਿ ਉਸ ਨੂੰ ਇਸ ਦੀ ਆਰਥਿਕ ਸਫ਼ਲਤਾ ਦੀ ਕਹਾਣੀ ਵਿੱਚ ਯਕੀਨ ਸੀ। ਹੁਣ ਉਹ ਕਹਿੰਦਾ ਹੈ, ਜੇਕਰ ਭਾਰਤੀ ਚਾਹੁੰਦੇ ਹਨ ਕਿ ਅਸੀਂ ਇਹ ਵਿਸ਼ਵਾਸ ਕਰੀਏ ਕਿ ਇਹ ਇੱਕ ਲੋਕਤੰਤਰ ਹੈ ਤਾਂ ਉਹ ਮੂਰਖਾਂ ਦੀ ਦੁਨੀਆਂ 'ਚ ਰਹਿ ਰਹੇ ਹਨ। ਕਸ਼ਮੀਰ ਦੇ ਭਾਰਤ ਨਾਲ ਇੱਕ ਲੰਮੇ ਸਮੇਂ ਤੋਂ ਤਣਾਅਪੂਰਨ ਸੰਬੰਧ ਬਣੇ ਹੋਏ ਹਨ, ਪਰ ਸਾਡਾ ਵਿਸ਼ੇਸ਼ ਦਰਜਾ ਹੀ ਉਹ ਪੁਲ ਸੀ, ਜੋ ਸਾਨੂੰ ਦੋਹਾਂ ਨੂੰ ਜੋੜਦਾ ਸੀ, ਇਸ ਨੂੰ ਖ਼ਤਮ ਕਰਕੇ ਉਨ੍ਹਾਂ ਸਾਡੀ ਪਛਾਣ ਖੋਹ ਲਈ ਹੈ। ਕਿਸੇ ਵੀ ਕਸ਼ਮੀਰੀ ਨੂੰ ਇਹ ਮਨਜ਼ੂਰ ਨਹੀਂ ਹੈ। ਉਹ ਅੱਗੇ ਕਹਿੰਦਾ ਹੈ, ਜਦੋਂ ਇਹ ਪਾਬੰਦੀਆਂ ਹਟਣਗੀਆਂ ਅਤੇ ਲੋਕ ਸੜਕਾਂ ਉੱਤੇ ਪ੍ਰਦਰਸ਼ਨ ਕਰਨ ਉਤਰਨਗੇ ਤਾਂ ਹਰ ਕਸ਼ਮੀਰੀ ਉਨ੍ਹਾਂ ਦਾ ਸਾਥ ਦੇਵੇਗਾ। ਇਹ ਕਿਹਾ ਜਾਂਦਾ ਸੀ ਕਿ ਹਰ ਪਰਵਾਰ ਵਿੱਚ ਇੱਕ ਭਰਾ ਵੱਖਵਾਦੀਆਂ ਨਾਲ ਹੈ ਤੇ ਦੂਸਰਾ ਭਰਾ ਮੁੱਖ ਧਾਰਾ (ਭਾਰਤ) ਨਾਲ। ਹੁਣ ਭਾਰਤ ਸਰਕਾਰ ਨੇ ਦੋਹਾਂ ਭਰਾਵਾਂ ਨੂੰ ਇੱਕਜੁੱਟ ਕਰ ਦਿੱਤਾ ਹੈ।''
''ਕਸ਼ਮੀਰ ਯੂਨੀਵਰਸਿਟੀ ਵਿੱਚ ਆਰਕੀਟੈਕਟ ਦੀ ਵਿਦਿਆਰਥਣ ਰਿਜ਼ਵਾਨ ਦੀ 20 ਸਾਲਾ ਭੈਣ ਰੁਖਸਾਰ ਰਾਸ਼ਿਦ ਕਹਿੰਦੀ ਹੈ, ਜਦੋਂ ਅਸੀਂ ਟੀ ਵੀ ਉੱਤੇ ਗ੍ਰਹਿ ਮੰਤਰੀ ਦਾ ਭਾਸ਼ਣ ਸੁਣਿਆ ਤਾਂ ਮੇਰੇ ਹੱਥ ਕੰਬਣ ਲੱਗੇ ਅਤੇ ਕੋਲ ਬੈਠੀ ਮੇਰੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਕਹਿ ਰਹੀ ਸੀ ਕਿ ਇਸ ਨਾਲੋਂ ਤਾਂ ਮਰ ਜਾਣਾ ਚੰਗਾ। ਮੈਂ ਬੇਚੈਨੀ ਨਾਲ ਟਹਿਲ ਰਹੀ ਸੀ। ਮੇਰੇ ਦਾਦਾ-ਦਾਦੀ, ਜੋ ਸ਼ਹਿਰ ਦੇ ਬਟਮਾਲੂ ਇਲਾਕੇ ਵਿੱਚ ਰਹਿੰਦੇ ਹਨ, ਕਹਿੰਦੇ ਹਨ ਕਿ ਇਹ ਅਫ਼ਗਾਨਿਸਤਾਨ ਬਣ ਗਿਆ ਹੈ।''
''ਪੁਲਵਾਮਾ ਵਿੱਚ ਰਹਿਣ ਵਾਲੇ ਵਕੀਲ ਜ਼ਾਹਿਦ ਹੁਸੈਨ ਕਹਿੰਦੇ ਹਨ, ਇਸ ਸਮੇਂ ਕਸ਼ਮੀਰ ਪੂਰੀ ਤਰ੍ਹਾਂ ਬੰਦ ਹੈ, ਜਦੋਂ ਬੰਦੀ ਹਟੇਗੀ ਤਾਂ ਪ੍ਰੇਸ਼ਾਨੀ ਸ਼ੁਰੂ ਹੋਵੇਗੀ। ਕੁਝ ਭਾਰਤ ਮੀਡੀਆ ਵਿੱਚ ਰਿਪੋਰਟ ਆਈ ਹੈ ਕਿ ਕਿਉਂਕਿ ਘਾਟੀ ਵਿੱਚ ਕੋਈ ਵੱਡਾ ਪ੍ਰਦਰਸ਼ਨ ਨਹੀਂ ਹੋਇਆ, ਇਸ ਲਈ ਲੋਕਾਂ ਨੇ ਸਰਕਾਰ ਦਾ ਫ਼ੈਸਲਾ ਮਨਜ਼ੂਰ ਕਰ ਲਿਆ ਹੈ, ਪਰ ਜਿਸ ਕਸ਼ਮੀਰ ਨੂੰ ਮੈਂ ਦੇਖਿਆ ਹੈ, ਉਹ ਅੰਦਰੋ-ਅੰਦਰ ਉਬਲ ਰਿਹਾ ਹੈ। ਮੈਂ ਪਿਛਲੇ 20 ਸਾਲਾਂ ਤੋਂ ਇੱਥੇ ਰਿਪੋਰਟਿੰਗ ਲਈ ਆਉਂਦੀ ਰਹੀ ਹਾਂ, ਪ੍ਰੰਤੂ ਜਿਸ ਤਰ੍ਹਾਂ ਦਾ ਗੁੱਸਾ ਤੇ ਬੇਚੈਨੀ ਲੋਕ ਜ਼ਾਹਿਰ ਕਰ ਰਹੇ ਹਨ, ਉਹ ਹੈਰਾਨ ਕਰਨ ਵਾਲਾ ਹੈ।''
ਉਕਤ ਸਾਰੀ ਰਿਪੋਰਟ ਸਥਿਤੀ ਦੀ ਗੰਭੀਰਤਾ ਨੂੰ ਪ੍ਰਗਟ ਕਰਦੀ ਹੈ। ਭਾਜਪਾ ਤੇ ਇਸ ਦੇ ਛੋਟੇ-ਵੱਡੇ ਆਗੂ ਖੁਸ਼ੀਆਂ ਮਨਾ ਰਹੇ ਹਨ। ਕਦੇ ਕਸ਼ਮੀਰ ਵਿੱਚ ਕੋਠੀਆਂ ਪਾਉਣ ਦੀ ਗੱਲ ਕਰਦੇ ਹਨ ਤੇ ਕਦੇ ਨੀਚਤਾ ਦੀਆਂ ਹੱਦਾਂ ਪਾਰ ਕਰਕੇ ਉੱਥੋਂ ਦੀਆਂ ਗੋਰੀਆਂ ਕੁੜੀਆਂ ਨੂੰ ਬਹੂਆਂ ਬਣਾਉਣ ਦੀ ਗੱਲ ਕਰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਇਸ ਅਹਿਮਕਾਨਾ ਫੈਸਲੇ ਨੇ ਕਸ਼ਮੀਰੀਆਂ ਨੂੰ ਭਾਰਤ ਤੋਂ ਕਿੰਨਾ ਦੂਰ ਕਰ ਦਿੱਤਾ ਹੈ। ਭਾਜਪਾ ਵੱਲੋਂ ਕੀਤੇ ਗਏ ਇਸ ਗੁਨਾਹ ਲਈ ਇਤਿਹਾਸ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ।

1714 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper