Latest News
ਫਿਰਕਾਪ੍ਰਸਤੀ ਵਿਰੁੱਧ ਗੱਠਜੋੜ

Published on 12 Aug, 2019 11:45 AM.


ਖੱਬੇ ਮੁਹਾਜ਼ ਤੇ ਕਾਂਗਰਸ ਨੇ ਪੱਛਮੀ ਬੰਗਾਲ ਅਸੰਬਲੀ ਦੀਆਂ ਤਿੰਨ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਮਿਲ ਕੇ ਲੜਨ ਦਾ ਫ਼ੈਸਲਾ ਕੀਤਾ ਹੈ। 2016 ਦੀਆਂ ਅਸੰਬਲੀ ਚੋਣਾਂ ਵੀ ਦੋਹਾਂ ਨੇ ਮਿਲ ਕੇ ਲੜੀਆਂ ਸਨ, ਪਰ 2019 ਦੀਆਂ ਲੋਕ ਸਭਾ ਚੋਣਾਂ ਅੱਡ-ਅੱਡ। ਲੋਕ ਸਭਾ ਚੋਣਾਂ 'ਚ ਕਾਂਗਰਸ ਨੇ 42 ਵਿੱਚੋਂ 2 ਸੀਟਾਂ ਜਿੱਤੀਆਂ ਸਨ, ਜਦਕਿ ਖੱਬਾ ਮੁਹਾਜ਼ ਇੱਕ ਸੀਟ ਵੀ ਨਹੀਂ ਜਿੱਤ ਸਕਿਆ ਸੀ। ਸੀਟਾਂ ਦੀ ਐਡਜਸਟਮੈਂਟ ਹੋ ਜਾਂਦੀ ਤਾਂ ਹੋ ਸਕਦਾ ਸੀ ਕਿ ਦੋਵੇਂ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਤੋਂ ਕੁਝ ਹੋਰ ਸੀਟਾਂ ਖੋਹ ਲੈਂਦੇ। ਚੋਣ ਸਮਝੌਤਾ ਇਸ ਕਰ ਕੇ ਨਹੀਂ ਹੋ ਸਕਿਆ ਕਿ ਖੱਬੇ ਮੁਹਾਜ਼ ਦੇ ਸਥਾਨਕ ਆਗੂਆਂ ਨੇ ਸੂਬਾਈ ਲੀਡਰਸ਼ਿਪ ਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਅਸੰਬਲੀ ਚੋਣਾਂ 'ਚ ਉਨ੍ਹਾਂ ਨੇ ਤਾਂ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪੁਆ ਦਿੱਤੀਆਂ ਸਨ, ਪਰ ਕਾਂਗਰਸੀਆਂ ਦੀਆਂ ਵੋਟਾਂ ਖੱਬੇ ਮੁਹਾਜ਼ ਦੇ ਉਮੀਦਵਾਰਾਂ ਦੇ ਹੱਕ ਵਿੱਚ ਨਹੀਂ ਭੁਗਤੀਆਂ। ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਦੋਹਾਂ ਧਿਰਾਂ ਨੂੰ ਫਿਰ ਇਕੱਠੇ ਹੋਣ ਲਈ ਮਜਬੂਰ ਕਰ ਦਿੱਤਾ ਹੈ। ਮਾਰਕਸੀ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਕਮੇਟੀ ਦੇ ਮੈਂਬਰ ਸੁਜਾਨ ਚੱਕਰਵਰਤੀ ਨੇ ਉਪ ਚੋਣਾਂ ਲਈ ਸਮਝੌਤੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਦੇਸ਼ ਤੇ ਪੱਛਮੀ ਬੰਗਾਲ ਵਿੱਚ ਫਿਰਕਾਪ੍ਰਸਤੀ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ਦਾ ਮਾਹੌਲ ਤੇਜ਼ੀ ਨਾਲ ਜ਼ਹਿਰੀਲਾ ਹੋ ਰਿਹਾ ਹੈ। ਭਾਜਪਾ ਤਾਂ ਮਾਹੌਲ ਵਿਗਾੜ ਹੀ ਰਹੀ ਹੈ, ਤ੍ਰਿਣਮੂਲ ਕਾਂਗਰਸ ਵੀ ਬਰਾਬਰ ਦਾ ਹਿੱਸਾ ਪਾ ਰਹੀ ਹੈ। ਇਸ ਕਰਕੇ ਅਸੀਂ ਪਾਰਟੀ ਦੇ ਪਿਛਲੇ ਸਾਲ ਵਾਲੇ ਇਸ ਮਤੇ ਦੀ ਲਾਈਨ 'ਚ ਚੱਲਣ ਦਾ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਤਾਕਤਾਂ ਨਾਲ ਮਿਲ ਕੇ ਚੱਲਣ ਦੀ ਲੋੜ ਹੈ, ਜਿਹੜੀਆਂ ਇੱਕ ਹੱਦ ਤੱਕ ਜਮਹੂਰੀ ਹਨ। ਉਨ੍ਹਾ ਆਸ ਪ੍ਰਗਟਾਈ ਹੈ ਕਿ ਕਾਂਗਰਸ ਸਾਂਝੀਵਾਲ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਟਰਾਂਸਫਰ ਕਰਨ ਵਿੱਚ ਇਮਾਨਦਾਰੀ ਦਿਖਾਏਗੀ। ਖੱਬੇ ਮੁਹਾਜ਼ ਦੀ ਸਭ ਤੋਂ ਵੱਡੀ ਪਾਰਟੀ ਦੇ ਆਗੂ ਦੀ ਇਹ ਸੋਚ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚੋਂ ਉਪਜੀ ਲਗਦੀ ਹੈ। ਤ੍ਰਿਣਮੂਲ ਕਾਂਗਰਸ, ਭਾਜਪਾ, ਕਾਂਗਰਸ ਤੇ ਖੱਬੇ ਮੁਹਾਜ਼ ਵਿਚਾਲੇ ਮੁਕਾਬਲਾ ਚੌਕੋਣੇ ਬਣ ਜਾਣ ਕਾਰਨ ਵੋਟਰਾਂ ਦੀ ਕਤਾਰਬੰਦੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਹੋ ਗਈ ਸੀ ਤੇ ਇਸ ਦਾ ਭਾਜਪਾ ਨੂੰ ਕਾਫ਼ੀ ਫਾਇਦਾ ਹੋਇਆ। ਪੱਛਮੀ ਬੰਗਾਲ ਦਾ ਚੋਣ ਇਤਿਹਾਸ ਹੈ ਕਿ ਚੌਕੋਣਾ ਮੁਕਾਬਲੇ ਵਿੱਚ ਹੁਕਮਰਾਨ ਪਾਰਟੀ ਤੇ ਮੁੱਖ ਅਪੋਜ਼ੀਸ਼ਨ ਹੀ ਫਾਇਦੇ 'ਚ ਰਹਿੰਦੇ ਹਨ। ਸਮਝੌਤਾ ਟੁੱਟਣ ਵੇਲੇ ਕਾਂਗਰਸ ਦੇ ਸੂਬਾ ਪ੍ਰਧਾਨ ਸੋਮੇਨ ਮਿੱਤਰਾ ਨੇ ਮੰਨਿਆ ਸੀ ਕਿ ਇਸ ਨਾਲ ਵੋਟਰਾਂ ਦੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਕਤਾਰਬੰਦੀ ਹੋ ਜਾਵੇਗੀ। ਸੁਜਾਨ ਚੱਕਰਵਰਤੀ ਦੀ ਵੀ ਇਹੀ ਰਾਇ ਸੀ। ਸੋਮੇਨ ਮਿੱਤਰਾ ਨੇ ਹੁਣ ਵੀ ਕਿਹਾ ਹੈ ਕਿ ਕਾਂਗਰਸ ਤੇ ਖੱਬਾ ਮੁਹਾਜ਼ ਮਿਲ ਕੇ ਹੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਨੂੰ ਹਰਾ ਸਕਦੇ ਹਨ।
ਸੰਸਦ ਦੇ ਲੰਘੇ ਅਜਲਾਸ ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਧੜਾਧੜ ਜਿੰਨੇ ਬਿੱਲ ਪਾਸ ਕਰਵਾਏ, ਸਭ ਦਾ ਕਾਂਗਰਸ ਤੇ ਖੱਬੇ ਮੁਹਾਜ਼ ਜਾਂ ਇਸ ਦੀ ਭਾਈਵਾਲ ਡੀ ਐੱਮ ਕੇ ਨੇ ਹੀ ਡਟਵਾਂ ਵਿਰੋਧ ਕੀਤਾ। ਦੇਸ਼ ਦੀਆਂ ਵਰਤਮਾਨ ਪ੍ਰਸਥਿਤੀਆਂ, ਜਦੋਂ ਫ਼ਿਰਕੂ ਤੇ ਅੰਧਰਾਸ਼ਟਰਵਾਦ ਦੀਆਂ ਤਾਕਤਾਂ ਨੇ ਧਮੱਚੜ ਮਚਾਇਆ ਹੋਇਆ ਹੈ, ਵਿੱਚ ਖੱਬੀਆਂ-ਜਮਹੂਰੀ ਤਾਕਤਾਂ ਦਾ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਪੱਛਮੀ ਬੰਗਾਲ ਵਾਂਗ ਹੋਰਨਾਂ ਸੂਬਿਆਂ ਦੀਆਂ ਉਪ ਚੋਣਾਂ ਵੀ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਅਸੰਬਲੀ ਦੀਆਂ ਚੋਣਾਂ ਦੇ ਨਾਲ ਹੀ ਹੋਣੀਆਂ ਹਨ। ਇਨ੍ਹਾਂ ਵਿੱਚ ਪੰਜਾਬ ਦੀਆਂ ਤਿੰਨ ਸੀਟਾਂ ਜਲਾਲਾਬਾਦ, ਦਾਖਾ ਤੇ ਫਗਵਾੜਾ ਵੀ ਹਨ। ਜੇ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਬਾਰੇ ਸਪੀਕਰ ਨੇ ਫ਼ੈਸਲਾ ਲੈ ਲਿਆ ਤਾਂ ਉਨ੍ਹਾਂ ਦੀਆਂ ਉਪ ਚੋਣਾਂ ਵੀ ਹੋ ਸਕਦੀਆਂ ਹਨ। ਜੇ ਪੱਛਮੀ ਬੰਗਾਲ ਵਿੱਚ ਖੱਬਾ ਮੁਹਾਜ਼ ਤੇ ਕਾਂਗਰਸ ਵਰ੍ਹਿਆਂ ਦੀ ਕੜਵਾਹਟ ਮਿਟਾਉਣ ਲਈ ਰਾਜ਼ੀ ਹੋ ਗਏ ਹਨ ਤਾਂ ਹੋਰਨੀਂ ਥਾਈਂ ਵੀ ਹੋ ਸਕਦੇ ਹਨ। ਨੇੜ ਭਵਿੱਖ ਵਿੱਚ ਹੋਣ ਵਾਲੀਆਂ ਅਸੰਬਲੀ ਚੋਣਾਂ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਮਹਾਰਾਸ਼ਟਰ ਵਿੱਚ ਕਮਿਊਨਿਸਟਾਂ ਨੇ ਹਾਲ ਹੀ ਵਿੱਚ ਤਕੜੇ ਕਿਸਾਨ ਅੰਦੋਲਨਾਂ ਦੀ ਅਗਵਾਈ ਕੀਤੀ ਹੈ। ਰਾਹੁਲ ਗਾਂਧੀ ਵੀ ਕਿਸਾਨਾਂ ਦੀ ਗੱਲ ਕਰਦੇ ਆ ਰਹੇ ਹਨ। ਕਾਂਗਰਸ ਨੂੰ ਵੀ ਠੁੰਮ੍ਹਣੇ ਦੀ ਲੋੜ ਹੈ। ਖੱਬੀਆਂ ਪਾਰਟੀਆਂ ਨਾਲ ਗੱਠਜੋੜ ਉਸ ਨੂੰ ਲੱਗ ਰਹੇ ਖੋਰੇ ਨੂੰ ਰੋਕਣ 'ਚ ਸਹਾਈ ਹੋ ਸਕਦਾ ਹੈ।

1607 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper