ਵਲਿੰਗਟਨ : ਨਸਲਵਾਦ ਵਿਰੁੱਧ ਸਟੈਂਡ ਲੈਣ ਵਾਲੀ ਨਿਊ ਜ਼ੀਲੈਂਡ ਦੀ ਟਰੇਨ ਕੰਡਕਟਰ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹੋਇਆ ਇਹ ਕਿ ਵਲਿੰਗਟਨ ਤੋਂ ਅਪਰ ਹਟ ਜਾ ਰਹੀ ਮੈਟਲਿੰਕ ਲੋਕਲ ਟਰੇਨ ਵਿਚ ਆਪਣੀ ਪਤਨੀ ਨਾਲ ਫੋਨ 'ਤੇ ਹਿੰਦੀ ਵਿਚ ਗੱਲਾਂ ਕਰ ਰਹੇ ਬੰਦੇ 'ਤੇ 16 ਸਾਲ ਦੀ ਕੁੜੀ ਨੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਜੇ ਉਹ ਅੰਗਰੇਜ਼ੀ ਨਹੀਂ ਬੋਲ ਸਕਦਾ ਤਾਂ ਆਪਣੇ ਮੁਲਕ ਚਲਾ ਜਾਵੇ। ਡਰਾਈਵਰ ਨੇ ਗੱਡੀ ਰੋਕ ਕੇ ਕੁੜੀ ਨੂੰ ਉੱਤਰ ਜਾਣ ਲਈ ਕਿਹਾ, ਪਰ ਉਹ ਨਹੀਂ ਮੰਨੀ। ਇਸੇ ਦੌਰਾਨ ਜੇ ਜੇ ਫਿਲਿਪਸ ਨਾਂਅ ਦੀ ਕੰਡਕਟਰ ਟਰੇਨ ਵਿਚ ਚੜ੍ਹੀ ਤਾਂ ਇਕ ਮੁਸਾਫਰ ਨੇ ਉਸ ਨੂੰ ਸਾਰੀ ਕਹਾਣੀ ਦੱਸੀ। ਉਹ ਉਸ ਕੋਚ ਵਿਚ ਗਈ, ਪਰ ਕੁੜੀ ਨਸਲਵਾਦੀ ਬੋਲੀ ਬੋਲਣੋਂ ਨਹੀਂ ਹਟੀ। ਇਸ 'ਤੇ ਕੰਡਕਟਰ ਨੇ ਉਸ ਨੂੰ ਕਿਹਾ ਕਿ ਉਹ ਥੱਲੇ ਉੱਤਰ ਜਾਵੇ। ਕੁੜੀ ਫਿਰ ਨਹੀਂ ਮੰਨੀ ਤਾਂ ਕੰਡਕਟਰ ਨੇ ਕਿਹਾ ਕਿ ਉਹ ਪੁਲਸ ਸੱਦਣ ਲੱਗੀ ਹੈ। ਮੁਸਾਫਰਾਂ ਨੇ ਹੀ ਨਹੀਂ ਸ਼ਹਿਰ ਦੇ ਮੇਅਰ ਨੇ ਵੀ ਕੰਡਕਟਰ ਦੇ ਸਟੈਂਡ ਦੀ ਸ਼ਲਾਘਾ ਕੀਤੀ ਹੈ।