Latest News
ਲੇਖਕਾਂ ਨੂੰ ਸੰਘਰਸ਼ ਕਰਦੇ ਲੋਕਾਂ ਕੋਲ ਜਾਣ ਦਾ ਸੱਦਾ

Published on 12 Aug, 2019 11:58 AM.


ਚੰਡੀਗੜ੍ਹ (ਗੁਰਜੀਤ ਬਿੱਲਾ)
'ਅਜੋਕੀ ਚੁਣੌਤੀਆਂ ਪੂਰਨ ਸਥਿਤੀ, ਜਿਸ ਵਿਚ ਅਸਹਿਮਤੀ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ, ਵਿਚ ਲੇਖਕਾਂ ਦੇ ਸੰਗਠਨ ਦੀ ਵੱਡੀ ਅਹਿਮੀਅਤ ਹੈ, ਜੋ ਬੰਦਸ਼ਾਂ ਤੋਂ ਮੁਕਤ ਹੋਵੇ ਅਤੇ ਸੰਘਰਸ਼ ਲੜ ਰਹੇ ਤਬਕਿਆਂ ਦੀ ਆਵਾਜ਼ ਨੂੰ ਆਪਣੀਆਂ ਕਲਮਾਂ ਦੇ ਬੋਲ ਦੇਵੇ।'
ਇਹ ਵਿਚਾਰ ਐਤਵਾਰ ਇਥੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਹੋਈ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਦੀ ਸੂਬਾ ਕਾਨਫਰੰਸ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਪੰਜਾਬੀ ਦੇ ਸਿਰਕੱਢ ਨਾਟਕਕਾਰ, ਵਿਦਵਾਨ ਅਤੇ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਡਾ. ਸਵਰਾਜਬੀਰ ਨੇ ਪ੍ਰਗਟ ਕੀਤੇ। ਬੁੱਲ੍ਹੇਸ਼ਾਹ, ਬਾਹੂ ਤੇ ਗੁਰਬਾਣੀ ਵਿਚੋਂ ਹਵਾਲੇ ਦਿੰਦਿਆਂ ਉਹਨਾ ਸੰਗਠਨ ਦੀ ਮਹੱਤਤਾ ਨੂੰ ਉਭਾਰ ਕੇ ਪੇਸ਼ ਕੀਤਾ। ਉਹਨਾ ਨਾਲ ਹੀ ਕਿਹਾ ਕਿ ਲੇਖਕ ਨੂੰ ਸਮਕਾਲੀ ਚੁਣੌਤੀਆਂ ਉਤੇ ਆਪਣੀ ਆਵਾਜ਼ ਕਲਾਮਈ ਢੰਗ ਨਾਲ ਚੁੱਕਣੀ ਚਾਹੀਦੀ ਹੈ ਅਤੇ ਪਾਰਟੀਆਂ ਤੋਂ ਵੱਖਰੀ ਆਵਾਜ਼ ਵੀ ਨਿਡਰ ਹੋ ਕੇ ਬੁਲੰਦ ਕਰਨੀ ਚਾਹੀਦੀ ਹੈ, ਜੋ ਲੋਕਾਂ ਦੀਆਂ ਉਮੰਗਾਂ ਦੀ ਪੂਰਤੀ ਕਰਦੀ ਹੋਵੇ।
ਡਾ. ਤੇਜਵੰਤ ਗਿੱਲ, ਡਾ. ਸਵਰਾਜਬੀਰ, ਪ੍ਰੋ. ਅਲੀ ਜਾਵੇਦ ਤੇ ਡਾ. ਸੁਖਦੇਵ ਸਿੰਘ 'ਤੇ ਆਧਾਰਤ ਪ੍ਰਧਾਨਗੀ ਮੰਡਲ ਹੇਠ ਕਨਵੈਨਸ਼ਨ ਸੈਂਟਰ ਦੇ ਖਚਾਖਚ ਭਰੇ ਸੈਮੀਨਾਰ ਹਾਲ ਵਿਚ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਚੰਡੀਗੜ੍ਹ ਤੋਂ ਆਏ ਲੇਖਕ ਡੈਲੀਗੇਟਾਂ ਨੂੰ ਆਰੰਭ ਵਿਚ ਜੀ ਆਇਆਂ ਆਖਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਦੇ ਸਮੇਂ ਕਲਮਾਂ ਦਾ ਚੁੱਪ ਰਹਿਣਾ ਇਕ ਗੁਨਾਹ ਹੋਵੇਗਾ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੁਲ-ਹਿੰਦ ਕਾਰਜਕਾਰੀ ਪ੍ਰਧਾਨ ਪ੍ਰੋ. ਅਲੀ ਜਾਵੇਦ ਨੇ ਕਿਹਾ ਕਿ ਜੇ ਸੰਗਠਨ ਉਸਾਰੂ ਸੇਧ ਦੇਣ ਵਿਚ ਅਸਫਲ ਰਹੇ ਤਾਂ ਦਿਸ਼ਾਹੀਣ ਤੇ ਬੇਕਾਰ ਨੌਜਵਾਨਾਂ ਦੀ ਭੀੜ ਖਤਰਨਾਕ ਲੋਕਾਂ ਰਾਹੀਂ ਗੁੰਮਰਾਹ ਹੋ ਜਾਂਦੀ ਹੈ ਅਤੇ ਖਤਰਨਾਕ ਰਸਤਾ ਅਖਤਿਆਰ ਕਰ ਸਕਦੀ ਹੈ। ਉਹਨਾ ਕਿਹਾ ਸੱਤਾ-ਪੱਖ ਲੇਖਕਾਂ, ਬੁੱਧੀਜੀਵੀਆਂ ਤੋਂ ਡਰਦਾ ਹੈ, ਇਸ ਲਈ ਕਲਬੁਰਗੀ, ਪਨਸਰੇ, ਦਬੋਲਕਰ, ਗੌਰੀ ਲੰਕੇਸ਼ ਵਰਗੇ ਨਿਡਰ ਲੇਖਕ ਸ਼ਹੀਦੀ ਪ੍ਰਾਪਤ ਕਰਦੇ ਹਨ। ਦੇਸ਼ ਵਿਚ ਬਣ ਰਹੇ ਸੰਵੇਦਨਹੀਣ ਮਾਹੌਲ ਵਿਚ ਜਥੇਬੰਦੀ ਦੀ ਅਹਿਮੀਅਤ ਬਹੁਤ ਵੱਡੀ ਹੈ। ਜੈਪੁਰ ਵਿਚ ਹੋਣ ਵਾਲੀ ਪ੍ਰਗਤੀਸ਼ੀਲ ਲੇਖਕ ਸੰਘ ਦੀ 13-14 ਤੇ 15 ਸਤੰਬਰ ਦੀ ਕੌਮੀ ਕਾਨਫਰੰਸ ਲੇਖਕਾਂ ਨੂੰ ਲਾਮਬੰਦੀ ਕਰਕੇ ਉਸਾਰੂ ਦਿਸ਼ਾ ਦੇਣ ਦਾ ਉਪਰਾਲਾ ਕਰੇਗੀ। ਇਸ ਪਹਿਲੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ ਜਨਰਲ ਸਕੱਤਰ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਨੇ ਕੀਤਾ।
ਦੂਸਰੇ ਜਥੇਬੰਦਕ ਸੈਸ਼ਨ ਵਿਚ ਪ੍ਰੋ. ਸੁਰਜੀਤ ਜੱਜ ਨੇ ਪੰਜਾਬ ਪੀ ਡਬਲਯੂ ਏ ਦੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਦੀ ਉਤਸ਼ਾਹਜਨਕ ਰਿਪੋਰਟ ਪੜ੍ਹੀ, ਜਿਸ ਦੌਰਾਨ ਸੂਬਾ ਟੀਮ ਨੂੰ ਸਰਗਰਮ ਕਰਕੇ ਪੰਜਾਬ ਦੇ 9 ਜ਼ਿਲ੍ਹਿਆਂ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਜ਼ਿਲ੍ਹਾ ਇਕਾਈਆਂ ਕਾਇਮ ਕੀਤੀਆਂ ਗਈਆਂ, ਪ੍ਰਗਟਾਵੇ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਅਤੇ ਲੇਖਕਾਂ ਨੂੰ ਨਰੋਈ ਸਾਹਿਤਕ ਸੇਧ ਦਿੱਤੀ ਗਈ। ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਡਾ. ਸੁਖਦੇਵ ਸਿੰਘ ਨੇ ਜੰਮੂ-ਕਸ਼ਮੀਰ ਦੀ ਇਕਾਈ ਨੂੰ 17 ਸਾਲ ਬਾਅਦ ਮੁੜ ਸਰਗਰਮ ਕਰਨ ਦੀ ਉਤਸ਼ਾਹਜਨਕ ਰਿਪੋਰਟ ਦਿੱਤੀ। ਕੇਂਦਰੀ ਟੀਮ ਨੂੰ ਦਿੱਤੇ ਫੰਡ ਦਾ ਜ਼ਿਕਰ ਕੀਤਾ। ਉਹਨਾ ਲੇਖਕਾਂ ਨੂੰ ਸੱਦਾ ਦਿੱਤਾ ਕਿ ਸਮਕਾਲੀ ਸਥਿਤੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵਕਤ ਦੀਆਂ ਵੰਗਾਰਾਂ ਦੇ ਸਨਮੁਖ ਲਿਖੀਏ।
ਰਿਪੋਰਟ ਉਤੇ ਸਰਵਸਾਥੀ ਡਾ. ਸੁਰਿੰਦਰ ਗਿੱਲ, ਅਰਵਿੰਦਰ ਕਾਲੜਾ, ਡਾ. ਕੁਲਦੀਪ ਦੀਪ, ਡਾ. ਸਵਰਾਜਬੀਰ, ਵਰਗਿਸ ਸਲਾਮਤ, ਨਵਤੇਜ ਗੜ੍ਹਦੀਵਾਲਾ, ਡਾ. ਅਨੂਪ ਸਿੰਘ, ਗੁਰਦਰਸ਼ਨ ਮਾਵੀ, ਡਾ. ਸਾਹਿਬ ਸਿੰਘ, ਜਸਪਾਲ ਮਾਨਖੇੜਾ, ਡਾ. ਲਾਭ ਸਿੰਘ ਖੀਵਾ, ਡਾ. ਗੁਲਜ਼ਾਰ ਪੰਧੇਰ, ਮਦਨਵੀਰਾ, ਭੂਪਿੰਦਰ ਸੰਧੂ, ਜਸਬੀਰ ਝੱਜ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਰਿਪੋਰਟ ਸਰਬਸਮੰਤੀ ਨਾਲ ਪਾਸ ਹੋਈ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ ਵੀ ਸ਼ਾਮਲ ਸਨ। ਮੰਚ ਸੰਚਾਲਨ ਡਾ. ਗੁਰਮੇਲ ਸਿੰਘ ਨੇ ਕੀਤਾ।
ਅੰਤ 'ਚ ਡਾ. ਤੇਜਵੰਤ ਗਿੱਲ ਪ੍ਰਧਾਨ, ਡਾ. ਸੁਰਜੀਤ ਬਰਾੜ ਕਾਰਜਕਾਰੀ ਪ੍ਰਧਾਨ, ਪ੍ਰੋ. ਸੁਰਜੀਤ ਜੱਜ ਜਨਰਲ ਸਕੱਤਰ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਅਤੇ ਡਾ. ਲਾਭ ਸਿੰਘ ਖੀਵਾ ਚੇਅਰਮੈਨ, ਡਾ. ਸਰਬਜੀਤ ਸਿੰਘ ਪ੍ਰਧਾਨ ਅਤੇ ਡਾ. ਗੁਰਮੇਲ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿਚ ਚੰਡੀਗੜ੍ਹ ਦੀ ਟੀਮ ਚੁਣੀ ਗਈ, ਜਿਹਨਾਂ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਨਾਮਵਰ ਵਿਦਵਾਨ ਅਤੇ ਨੌਜਵਾਨ ਲੇਖਕ ਵੀ ਸ਼ਾਮਲ ਕੀਤੇ ਗਏ।
ਅੰਤ ਇਹ ਕਾਨਫਰੰਸ ਲੇਖਕਾਂ ਨੂੰ ਸੰਗਰਾਮ ਕਰਦੇ ਲੋਕਾਂ ਕੋਲ ਜਾਣ, ਉਹਨਾਂ ਨਾਲ ਜੁੜਣ, ਆਵਾਜ਼ ਬੁਲੰਦ ਕਰਨ, ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਕਰਨ ਦੇ ਸੱਦੇ ਨਾਲ ਸਿਰੇ ਚੜ੍ਹ ਗਈ। ਕਾਨਫਰੰਸ ਨੇ ਜੰਮੂ-ਕਸ਼ਮੀਰ ਦੇ ਸੂਬੇ ਨੂੰ ਉਥੋਂ ਦੇ ਲੋਕਾਂ ਨੂੰ ਬਿਨਾਂ ਭਰੋਸੇ ਵਿਚ ਲਿਆਂ ਤੋੜਣ ਦੀ ਨਿਖੇਧੀ ਕੀਤੀ। ਆਸਾਮ ਦੇ ਮੀਆਂਤਾਬ 46 ਲੇਖਕਾਂ ਉਤੇ ਜਬਰ ਢਾਹੁਣ ਦੀ ਨਿੰਦਿਆ ਕੀਤੀ। ਜਸਬੀਰ ਝੱਜ, ਮੇਜਰ ਗਿੱਲ, ਜਸਪਾਲ ਮਾਨਖੇੜਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਕਾਨਫਰੰਸ ਵਿਚ ਉਪਰ ਜ਼ਿਕਰ ਹੋਏ ਲੇਖਕਾਂ ਵਿਦਵਾਨਾਂ ਤੋਂ ਇਲਾਵਾ ਸ਼ਮਸ਼ੇਰ ਮੋਹੀ, ਪ੍ਰੀਤ ਨੀਤਪੁਰ, ਹਰਦੀਪ ਢਿੱਲੋਂ, ਗੁਰਦੇਵ ਖੋਖਰ, ਅਵਤਾਰ ਸਿੰਘ ਪਤੰਗ, ਰਾਜਿੰਦਰ ਸਿੰਘ, ਅਵਤਾਰ ਪਾਲ, ਬਲਵਿੰਦਰ ਸਿੰਘ, ਵਾਹਿਦ, ਰਮੇਸ਼ ਯਾਦਵ, ਕਾਨਾ ਸਿੰਘ, ਸੰਤੋਖ ਸਿੰਘ ਸੁੱਖੀ, ਸਿਰੀ ਰਾਮ ਅਰਸ਼, ਜਗਦੀਪ ਸਿੱਧੂ, ਤਰਸੇਮ, ਰਮਨ ਸੰਧੂ, ਰਾਬਿੰਦਰ ਨਾਥ ਸ਼ਰਮਾ, ਦੇਵਿੰਦਰ ਬੋਹਾ, ਪ੍ਰਵੀਨ ਕੁਮਾਰ, ਵੀਰਪਾਲ ਕੌਰ, ਦਮਜੀਤ ਦਰਸ਼ਨ, ਰਣਬੀਰ ਰਾਣਾ, ਜੈਪਾਲ, ਹਰਬੰਸ ਹੀÀੁਂ, ਕਰਮ ਸਿੰਘ ਵਕੀਲ, ਗੁਰਨਾਮ ਕੰਵਰ, ਜੋਗਿੰਦਰ ਸਿੰਘ ਨਿਰਾਲਾ, ਦਲਬੀਰ ਲੁਧਿਆਣਵੀ, ਰਵੀ, ਸੁਨੀਤਾ ਅਤੇ ਬਹੁਤ ਹੋਰ ਲੇਖਕ ਸਾਥੀ ਹਾਜ਼ਰ ਸਨ।

108 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper