ਚੋਹਲਾ ਸਾਹਿਬ (ਤੇਜਿੰਦਰ ਖਾਲਸਾ, ਰਮਨ ਚੱਡਾ)
ਸੀ ਪੀ ਆਈ ਬਲਾਕ ਨੌਸ਼ਹਿਰਾ, ਚੋਹਲਾ ਸਾਹਿਬ ਦੇ ਕਮਿਊਨਿਸਟ ਆਗੂਆਂ ਨੇ 370 ਧਾਰਾ ਖਤਮ ਕਰਕੇ ਜੰਮੂ-ਕਸ਼ਮੀਰ ਦੇ ਦੋ ਹਿੱਸੇ ਕਰਨ ਅਤੇ ਬਿਜਲੀ ਦੇ ਬਿੱਲਾਂ ਦੇ ਵਾਧੇ ਵਿਰੁੱਧ ਚੋਹਲਾ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦੇ ਪੁਤਲੇ ਫੂਕੇ ਗਏ। ਰੋਸ ਮੁਜ਼ਾਹਰੇ ਤੋਂ ਪਹਿਲਾਂ ਮਹਾਨ ਦੇਸ਼ ਭਗਤ ਗ਼ਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਹਾਲ ਵਿੱਚ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਜੰਮੂ-ਕਸ਼ਮੀਰ ਚੋਂ 370 ਧਾਰਾ ਖਤਮ ਕਰਕੇ ਜਮਹੂਰੀਅਤ ਦਾ ਘਾਣ ਕੀਤਾ ਹੈ।ਇਹ ਭਾਰਤ ਦੇ ਸੰਵਿਧਾਨ 'ਤੇ ਬੜਾ ਵੱਡਾ ਹਮਲਾ ਹੈ।ਜੰਮੂ-ਕਸ਼ਮੀਰ ਸੂਬੇ ਨੂੰ ਤੋੜ ਕੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣਾ ਅੱਤ ਮੰਦਭਾਗਾ ਹੈ। ਕੇਂਦਰ ਸਰਕਾਰ ਨੇ 370 ਧਾਰਾ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਜੰਮੂ-ਕਸ਼ਮੀਰ ਦੇ ਕੁਦਰਤੀ ਸੋਮਿਆਂ ਨੂੰ ਲੁੱਟਣ ਦੀ ਖੁੱਲ੍ਹ ਦੇ ਦਿੱਤੀ ਹੈ। ਇੰਝ ਕਰਕੇ ਕੇਂਦਰ ਦੀ ਸਰਕਾਰ ਨੇ ਦੇਸ਼ ਦੀ ਏਕਤਾ ਤੇ ਧਰਮ-ਨਿਰਪੱਖਤਾ 'ਤੇ ਵੱਡੀ ਸੱਟ ਮਾਰੀ ਹੈ। ਲੋੜ ਤਾਂ ਇਹ ਸੀ ਕਿ ਕਸ਼ਮੀਰ ਦੇ ਲੋਕਾਂ ਦਾ ਦਿਲ ਜਿੱਤਿਆ ਜਾਂਦਾ, ਪਰ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਲੋਕਾਂ 'ਤੇ ਡਿਕਟੇਟਰਸ਼ਿਪ ਥੋਪ ਦਿੱਤੀ ਹੈ।
ਮਾੜੀਮੇਘਾ ਨੇ ਕਿਹਾ ਕਿ ਦਹਿਸ਼ਤਗਰਦੀ ਇੱਕ ਭਿਆਨਕ ਸਮੱਸਿਆ ਹੈ, ਇਸ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਹੱਲ ਸਖਤੀ ਨਾਲ ਨਹੀਂ ਗੱਲਬਾਤ ਰਾਹੀਂ ਹੋ ਸਕਦਾ ਹੈ। ਦਹਿਸ਼ਤਗਰਦੀ ਪੈਦਾ ਹੋਣ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਅੱਤਵਾਦੀ ਸਰਗਨੇ ਲਾਲਚ ਵਿੱਚ ਫਸਾ ਕੇ ਅੱਤਵਾਦੀ ਬਣਾਉਂਦੇ ਹਨ। ਇਹ ਵਰਤਾਰਾ ਬਾਰਡਰ ਦੇ ਸੂਬਿਆਂ ਵਿੱਚ ਵਧੇਰੇ ਵਾਪਰਦਾ ਹੈ। ਸਾਡੇ ਦੇਸ਼ ਵਿੱਚ ਗਰੀਬੀ ਦੇ ਕਾਰਨ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਖੁਰਾਕ, ਘਰ, ਸਿਹਤ ਅਤੇ ਵਿੱਦਿਆ ਦੀ ਪੂਰਤੀ ਨਹੀਂ ਹੋ ਰਹੀ। ਕਾਰਪੋਰੇਟ ਘਰਾਣੇ ਦੇਸ਼ ਦੀ ਜਨਤਾ ਦਾ ਖੂਨ ਚੂਸ ਰਹੇ ਹਨ, ਪਰ ਕੇਂਦਰ ਸਰਕਾਰ ਉਹਨਾਂ ਨੂੰ ਮਾਲਾਮਾਲ ਕਰ ਰਹੀ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ, ਮਜ਼ਦੂਰ ਅਤੇ ਛੋਟੇ ਦੁਕਾਨਦਾਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਉੱਤੋਂ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲਾਂ ਵਿਚ ਅਥਾਹ ਵਾਧਾ ਕਰਕੇ ਲੋਕਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਪੰਜਾਬ ਸਰਕਾਰ ਬਿਜਲੀ ਦੇ ਬਿੱਲਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲਵੇ, ਨਰੇਗਾ ਕਾਨੂੰਨ ਅਧੀਨ 100 ਦਿਨ ਕੰਮ ਦੀ ਥਾਂ 200 ਦਿਨ ਕੰਮ ਦਿੱਤਾ ਜਾਵੇ। ਕੰਮ ਦਿਹਾੜੀ ਘੱਟ ਤੋਂ ਘੱਟ 500 ਰੁਪਏ ਪ੍ਰਤੀ ਦਿਨ ਹੋਵੇ। ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ।
ਪ੍ਰੋਗਰਾਮ ਨੂੰ ਸੀ ਪੀ ਆਈ ਬਲਾਕ ਨੌਸ਼ਹਿਰਾ-ਚੋਹਲਾ ਸਾਹਿਬ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ, ਸੀ ਪੀ ਆਈ ਦੀ ਸੂਬਾ ਕੌਂਸਲ ਮੈਂਬਰ ਦੇਵੀ ਕੁਮਾਰੀ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜੈਮਲ ਸਿੰਘ ਬਾਠ, ਸੀ ਪੀ ਆਈ ਦੇ ਜ਼ਿਲਾ ਕੌਂਸਲ ਮੈਂਬਰ ਬਾਬਾ ਪਰਮਜੀਤ ਸਿੰਘ ਚੋਹਲਾ ਸਾਹਿਬ, ਬੂਟਾ ਸਿੰਘ ਢੋਟੀਆਂ, ਅਮਰੀਕ ਸਿੰਘ ਤੇ ਅਵਤਾਰ ਸਿੰਘ ਚੋਹਲਾ ਸਾਹਿਬ, ਸੂਬੇਦਾਰ ਲੇਖ ਸਿੰਘ, ਜਤਿੰਦਰ ਸਿੰਘ ਖਾਰਾ, ਲਖਵਿੰਦਰ ਸਿੰਘ ਗੰਡੀਵਿੰਡ ਆਗੂਆਂ ਨੇ ਵੀ ਸੰਬੋਧਨ ਕੀਤਾ।