Latest News
ਅੱਜ ਪੰਜਾਬ ਬੰਦ, ਪ੍ਰਦਰਸ਼ਨਕਾਰੀਆਂ ਨੂੰ ਅਮਨ ਬਣਾਈ ਰੱਖਣ ਦੀ ਅਪੀਲ

Published on 12 Aug, 2019 12:01 PM.


ਜਲੰਧਰ
(ਸ਼ੈਲੀ ਐਲਬਰਟ/ ਇਕਬਾਲ ਉਭੀ/ ਸੁਰਿੰਦਰ ਕੁਮਾਰ)
ਅੱਜ ਦੇ ਪੰਜਾਬ ਬੰਦ ਤੋਂ ਪਹਿਲਾਂ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰੁਣਾ ਚੌਧਰੀ ਨੇ ਸੋਮਵਾਰ ਐਲਾਨ ਕੀਤਾ ਕਿ ਨਵੀਂ ਦਿੱਲੀ ਵਿਖੇ ਢਾਹੇ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਦੀ ਮੁੜ ਉਸਾਰੀ ਲਈ ਸੂਬਾ ਸਰਕਾਰ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਆਰਥਕ ਸਹਾਇਤਾ ਮੁਹੱਈਆ ਕਰਵਾਏਗੀ।
ਦੋਵਾਂ ਮੰਤਰੀਆਂ ਨੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਸੁਸ਼ੀਲ ਕੁਮਾਰ ਰਿੰਕੂ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੰਦਰ ਦੇ ਮਸਲੇ ਨੂੰ ਹੱਲ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹਨ, ਦੇ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਕਮੇਟੀ ਨੇ ਨਵੀਂ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੇ ਜਾਣ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਸੇ ਜਗ੍ਹਾ 'ਤੇ ਮੰਦਰ ਉਸਾਰਨ ਲਈ ਪੂਰਾ ਜਾਂ ਜਿੰਨੀ ਵੀ ਭਾਈਚਾਰਾ ਚਾਹੇ ਓਨੀ ਆਰਥਕ ਮਦਦ ਕਰਨ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਨਿੱਜੀ ਤੌਰ 'ਤੇ ਗੱਲ ਕਰਕੇ ਉਹੀ ਜਗ੍ਹਾ ਮੁੜ ਭਾਈਚਾਰੇ ਨੂੰ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਭਾਈਚਾਰਾ ਉਸ ਉੱਤੇ ਮੰਦਰ ਅਤੇ ਸਰੋਵਰ ਦੀ ਉਸਾਰੀ ਕਰ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੂਰਾ ਤਰ੍ਹਾਂ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਖੜੀ ਹੈ। ਮੰਦਰ ਢਾਹੇ ਜਾਣ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਭਾਈਚਾਰੇ ਦੇ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਤਾਂ ਜੋ ਮੁੜ ਤੋਂ ਮੰਦਰ ਉਸੀ ਜਗ੍ਹਾ 'ਤੇ ਉਸਾਰਿਆ ਜਾ ਸਕੇ। ਉਨ੍ਹਾਂ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਦੇ ਨਾਲ ਕਰਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਇਸ ਸੰਘਰਸ਼ ਵਿਚ ਸਮਾਜ ਦੇ ਹੋਰ ਵਰਗਾਂ ਦੀ ਵੀ ਹਮਾਇਤ ਲਈ ਜਾਵੇ।ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਦਰ ਢਾਹੇ ਜਾਣ ਦੀ ਕਾਰਵਾਈ ਦੀ ਭਰਪੂਰ ਨਿੰਦਾ ਕੀਤੀ ਗਈ। ਨਾਲ ਹੀ ਇਹ ਵੀ ਪ੍ਰਣ ਕੀਤਾ ਗਿਆ ਕਿ ਸ਼ਾਂਤੀਪੂਰਵਕ ਢੰਗ ਨਾਲ ਜ਼ਮੀਨ ਦੁਬਾਰਾ ਹਾਸਲ ਕਰਕੇ ਉਸੇ ਜਗ੍ਹਾ ਮੰਦਰ ਦੀ ਮੁੜ ਉਸਾਰੀ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ ਐੱਸ ਪੀ ਨਵਜੋਤ ਸਿੰਘ ਨੇ ਭਾਈਚਾਰੇ ਨੂੰ ਪ੍ਰਦਰਸ਼ਨ ਦੌਰਾਨ ਸ਼ਾਂਤੀ ਬਣਾਏ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਰਾਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ ਤੇ ਅਵਤਾਰ ਸਿੰਘ ਬਾਵਾ ਹੈਨਰੀ, ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜਸਬੀਰ ਸਿੰਘ, ਡੀ ਸੀ ਪੀ ਗੁਰਮੀਤ ਸਿੰਘ, ਏ ਡੀ ਸੀ ਪੀ ਡੀ ਸੁਥਰਵਿਜ਼ੀ, ਐੱਸ ਡੀ ਐੱਮ ਪਰਮਵੀਰ ਸਿੰਘ ਤੇ ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ ਸ਼ਾਇਰੀ ਮਲਹੋਤਰਾ, ਡੀ ਐੱਸ ਪੀ ਸਰਬਜੀਤ ਸਿੰਘ ਰਾਏ ਤੇ ਸੁਰਿੰਦਰ ਪਾਲ, ਮਾਲ ਅਫਸਰ ਮਨੋਹਰ ਲਾਲ ਤੇ ਹੋਰ ਵੀ ਹਾਜ਼ਰ ਸਨ।

338 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper