Latest News
ਚੀਨ ਨਾਲ ਮਤਭੇਦਾਂ ਨੂੰ ਵਿਵਾਦ ਦਾ ਰੂਪ ਨਹੀਂ ਲੈਣ ਦੇਵਾਂਗੇ : ਵਿਦੇਸ਼ ਮੰਤਰੀ

Published on 12 Aug, 2019 12:02 PM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਨੂੰ ਲੈ ਕੇ ਕੀਤੇ ਗਏ ਫੈਸਲੇ ਦੀ ਦੁਨੀਆ ਭਰ 'ਚ ਚਰਚਾ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਚੀਨ ਪਹੁੰਚੇ। ਇੱਥੇ ਉਨ੍ਹਾ ਚੀਨੀ ਵਿਦੇਸ਼ ਮੰਤਰੀ ਵਾਂਗ ਲੀ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਇਸ ਮੁਲਾਕਾਤ 'ਚ ਕਈ ਮੁੱਦਿਆਂ 'ਤੇ ਗੱਲ ਹੋਈ। ਵਿਦੇਸ਼ ਮੰਤਰੀ ਨੇ ਇਸ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਹਨ, ਪਰ ਉਹ ਇਨ੍ਹਾਂ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਗੇ।
ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਦਾ ਇਹ ਦੌਰਾ ਉਸ ਸਮੇਂ ਹੋਇਆ ਹੈ, ਜਦ ਪਾਕਿਸਤਾਨ ਜੰਮੂ-ਕਸ਼ਮੀਰ ਦੇ ਮਸਲੇ 'ਤੇ ਦੁਨੀਆ ਭਰ ਦੀ ਮਦਦ ਮੰਗ ਰਿਹਾ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਇਸ ਮਸਲੇ 'ਤੇ ਚੀਨ ਪਹੁੰਚੇ ਸਨ। ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਆਉਣ ਵਾਲੇ ਸਮੇਂ 'ਚ 100 ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਬੜ੍ਹਾਵਾ ਦੇਣਗੇ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ 'ਚ ਆਪਸੀ ਸੰਬੰਧ ਹੋਰ ਮਜ਼ਬੂਤ ਹੋਣਗੇ। ਇਸ ਦੌਰਾਨ ਦੋਵਾਂ ਦੇਸ਼ਾਂ ਨੇ 2020 ਲਈ ਇੱਕ ਐਕਸ਼ਨ ਪਲਾਨ 'ਤੇ ਵੀ ਦਸਤਖ਼ਤ ਕੀਤੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਦ ਤੋਂ ਦੋਵਾਂ ਦੇਸ਼ਾਂ ਵਿਚਾਲੇ ਬੁਹਾਨ ਮੀਟਿੰਗ ਹੋਈ ਹੈ, ਉਦੋਂ ਤੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਵੱਡਾ ਵਿਵਾਦ ਨਹੀਂ ਹੋਇਆ। ਦੋਵਾਂ ਦੇਸ਼ਾਂ ਵਿਚਾਲੇ ਆਰਥਕ ਸਾਂਝੇਦਾਰੀ ਲਗਾਤਾਰ ਵਧ ਰਹੀ ਹੈ। ਇਸ 'ਚ ਕਈ ਮਤਭੇਦ ਹੋਣ ਦੀ ਸੰਭਾਵਨਾ ਹੈ, ਪਰ ਉਨ੍ਹਾਂ ਨੂੰ ਵਿਵਾਦ ਨਹੀਂ ਬਣਨ ਦਿੱਤਾ ਜਾਵੇਗਾ।
ਉਥੇ ਹੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਲੀ ਨੇ ਜੰਮੂ-ਕਸ਼ਮੀਰ ਦੇ ਮਸਲੇ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਜੋ ਵੀ ਫੈਸਲਾ ਲਿਆ ਹੈ, ਉਸ 'ਤੇ ਹਾਲੇ ਇਹ ਜ਼ਰੂਰੀ ਹੈ ਕਿ ਇਲਾਕੇ 'ਚ ਸ਼ਾਂਤੀ ਬਣੀ ਰਹੇ। ਨਾਲ ਹੀ ਉਨ੍ਹਾ ਕਿਹਾ ਕਿ ਸਾਡੇ ਵਿਚਾਲੇ ਕੁਝ ਆਪਸੀ ਮਤਭੇਦ ਹਨ, ਪਰ ਅਸੀਂ ਉਨ੍ਹਾਂ ਨੂੰ ਸਵੀਕਾਰ ਕਰਨ 'ਚ ਕਿਸੇ ਤਰ੍ਹਾਂ ਦੀ ਨਾਂਹ-ਨੁੱਕਰ ਨਹੀਂ ਕਰਦੇ।

211 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper