Latest News
ਕਸ਼ਮੀਰ 'ਚ ਬੇਰੌਣਕ ਰਹੀ ਈਦ

Published on 12 Aug, 2019 12:03 PM.


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਅੱਜ ਦੇਸ਼ ਭਰ 'ਚ ਈਦ ਉਲ ਅਜਹਾ ਮਨਾਈ ਗਈ। ਈਦ ਮੌਕੇ ਘਾਟੀ 'ਚ ਸੁਰੱਖਿਆ ਪੂਰੀ ਤਰ੍ਹਾਂ ਸਖ਼ਤ ਰਹੀ। ਜੰਮੂ-ਕਸ਼ਮੀਰ 'ਚ ਸੜਕਾਂ ਸੋਮਵਾਰ ਨੂੰ ਸੁੰਨਸਾਨ ਦਿਖਾਈ ਦਿੱਤੀਆਂ, ਕਿਉਂਕਿ ਸ੍ਰੀਨਗਰ 'ਚ ਸਖ਼ਤ ਸੁਰੱਖਿਆ ਪਾਬੰਦੀ ਦੇ ਤਹਿਤ ਈਦ ਉਲ ਅਜਹਾ ਮਨਾਈ ਗਈ। ਰਿਪੋਰਟਾਂ ਅਨੁਸਾਰ ਸ੍ਰੀਨਗਰ ਦੀਆਂ ਜ਼ਿਆਦਾਤਰ ਵੱਡੀਆਂ ਮਸਜਿਦਾਂ 'ਚ ਈਦ ਦੀ ਨਮਾਜ਼ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਰਕਾਰ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਅਨੁਸਾਰ ਸ੍ਰੀਨਗਰ ਦੀਆਂ ਛੋਟੀਆਂ-ਛੋਟੀਆਂ ਮਸਜਿਦਾਂ 'ਚ ਈਦ ਦੀ ਨਮਾਜ਼ ਆਯੋਜਿਤ ਕੀਤੀ ਗਈ। ਜੰਮੂ-ਕਸ਼ਮੀਰ ਪੁਲਸ ਨੇ ਟਵੀਟ ਕੀਤਾ ਕਿ ਈਦ ਦੀ ਨਮਾਜ਼ ਸ਼ਾਂਤੀਪੂਰਨ ਰਹੀ।
ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਲਈ ਇਸ ਵਾਰ ਈਦ ਉਲ ਅਜਹਾ ਦਾ ਤਿਉਹਾਰ ਖਾਮੋਸ਼ੀ ਭਰਿਆ ਰਿਹਾ, ਕਿਉਂਕਿ ਬੀਤੇ ਸਾਲਾਂ 'ਚ ਉਨ੍ਹਾਂ ਦੇ ਘਰਾਂ 'ਚ ਸਮਰਥਕਾਂ, ਦੋਸਤਾਂ ਤੇ ਪਰਵਾਰ ਦੇ ਮੈਂਬਰਾਂ ਦੀ ਭੀੜ ਲੱਗੀ ਰਹਿੰਦੀ ਸੀ। ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਤਿੰਨਾਂ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਸਰਕਾਰ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਸ਼ਹਿਰ ਦੇ ਪਾਸ਼ ਗੁਪਕਰ ਰੋਡ 'ਤੇ ਉਨ੍ਹਾਂ ਦੇ ਨਿਵਾਸ ਸੁੰਨਸਾਨ ਰਹੇ। ਘਰਾਂ ਦੇ ਆਸ-ਪਾਸ ਸਿਰਫ਼ ਸੁਰੱਖਿਆ ਗੱਡੀਆਂ ਹੀ ਨਜ਼ਰ ਆ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਆਪਣੇ ਘਰ 'ਚ ਨਜ਼ਰਬੰਦ ਹਨ, ਉਨ੍ਹਾ ਦੇ ਪੁੱਤਰ ਅਤੇ ਪਾਰਟੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਹਰੀ ਨਿਵਾਸ ਪੈਲੇਸ 'ਚ ਹਨ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਮੁੱਖ ਮਹਿਬੂਬਾ ਚਸ਼ਮੇਸ਼ਾਹੀ ਹੱਟ 'ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਅਗਸਤ ਨੂੰ ਜਿਨ੍ਹਾਂ ਦੂਜੇ ਨੇਤਾਵਾਂ ਨੂੰ ਫੜਿਆ ਗਿਆ ਸੀ, ਉਨ੍ਹਾਂ ਇੱਥੇ ਸੈਂਟਰ ਹੋਟਲ 'ਚ ਨਮਾਜ਼ ਅਦਾ ਕੀਤੀ। ਸਰਕਾਰ ਨੇ ਉਨ੍ਹਾਂ ਲਈ ਇੱਕ ਮੌਲਵੀ ਨੂੰ ਵੀ ਭੇਜਿਆ ਸੀ।
ਘਾਟੀ 'ਚ ਸੋਮਵਾਰ ਦੀ ਸਵੇਰੇ ਮਸਜਿਦਾਂ 'ਚ ਈਦ ਉਲ ਅਜਹਾ ਦੀ ਨਮਾਜ਼ ਸਾਂਤੀਪੂਰਨ ਤਰੀਕੇ ਨਾਲ ਅਦਾ ਕੀਤੀ ਗਈ, ਪਰ ਕਰਫਿਊ ਵਰਗੀ ਪਾਬੰਦੀ ਹੋਣ ਕਾਰਨ ਸੜਕਾਂ 'ਤੇ ਤਿਉਹਾਰ ਦੀ ਰੌਣਕ ਗਾਇਬ ਰਹੀ।

261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper