Latest News
ਕੈਪਟਨ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਅਵਤ

Published on 12 Aug, 2019 12:05 PM.


ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ ਅੱਜ ਦਿਲ ਨੂੰ ਛੂਹ ਜਾਣ ਵਾਲੇ ਪਲ ਸਨ। ਉਹ ਇਹ ਉਮੀਦ ਪਾਲੀ ਬੈਠੇ ਸਨ ਕਿ ਇਸ ਸਾਲ ਈਦ-ਉਲ- ਅਜਹਾ ਦਾ ਤਿਉਹਾਰ ਆਪਣੇ ਪਰਵਾਰਾਂ ਤੋਂ ਦੂਰ ਇਕੱਲਿਆਂ ਹੀ ਮਨਾਉਣਗੇ, ਕਿਉਂਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਹ ਆਪਣੇ ਮਾਪਿਆਂ ਕੋਲ ਨਹੀਂ ਜਾ ਸਕਣਗੇ, ਪਰ ਇੱਥੇ ਉਨ੍ਹਾਂ ਨੂੰ ਅਚੰਭਿਤ ਕਰਨ ਵਾਲੀ ਖੁਸ਼ੀ ਮਿਲੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਵਿਖੇ ਦੁਪਹਿਰ ਦੇ ਖਾਣੇ ਦਾ ਸੱਦਾ ਪੱਤਰ ਦੇ ਕੇ ਇਸ ਮੌਕੇ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਅਤੇ ਉਨ੍ਹਾਂ ਨੂੰ ਘਰ ਵਰਗਾ ਅਹਿਸਾਸ ਕਰਵਾਇਆ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲੱਗਭੱਗ 125 ਵਿਦਿਆਰਥੀਆਂ ਨੂੰ ਮੁਹੱਬਤ ਤੇ ਅਪਣੱਤ ਭਰੀ ਮਹਿਕ ਦਾ ਨਿੱਘ ਮਿਲਿਆ, ਕਿਉਂਕਿ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਇਸ ਪਵਿੱਤਰ ਤਿਉਹਾਰ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਮੇਜ਼ਬਾਨੀ ਦਾ ਫੈਸਲਾ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਨੂੰ ਕਸ਼ਮੀਰ ਵਿੱਚ ਹਾਲਾਤ ਛੇਤੀ ਸੁਧਾਰ ਜਾਣ ਦਾ ਵਿਸ਼ਵਾਸ ਹੈ। ਉਨ੍ਹਾਂ ਵਾਦੀ ਵਿੱਚ ਸਥਿਤੀ ਆਮ ਵਾਂਗ ਹੋਣ ਦੀ ਕਾਮਨਾ ਨਾਲ ਨੌਜਵਾਨਾਂ ਨੂੰ ਵਧਾਈ ਦਿੱਤੀ। ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਹਿਫਾਜ਼ਤ ਦਾ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਬੇਸ਼ਕ ਅਸੀਂ ਤੁਹਾਡੇ ਪਰਵਾਰਾਂ ਦੀ ਥਾਂ ਤਾਂ ਨਹੀਂ ਲੈ ਸਕਦੇ, ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਪਰਵਾਰ ਹੀ ਸਮਝੋਗੇ।'
ਮੁੱਖ ਮੰਤਰੀ ਦੀਆਂ ਭਾਵਨਾਵਾਂ ਦੇ ਜਵਾਬ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਉਹ ਵੀ ਪੰਜਾਬ ਨੂੰ ਆਪਣਾ ਦੂਜਾ ਘਰ ਮੰਨਦੇ ਹਨ, ਜਿੱਥੇ ਉਨ੍ਹਾਂ ਪੁਲਵਾਮਾ ਹਮਲੇ ਤੋਂ ਬਾਅਦ ਵੀ ਆਪਣੇ ਆਪ ਨੂੰ ਹਮੇਸ਼ਾ ਮਹਿਫੂਜ਼ ਸਮਝਿਆ। ਇਸ ਮੌਕੇ ਇਕ ਵਿਦਿਆਰਥੀ ਫੈਕ ਸਲੇਮ ਨੇ ਕਿਹਾ, 'ਅਸੀਂ ਇਹ ਦੇਖਿਆ ਕਿ ਪੰਜਾਬੀ ਫਰਾਖ਼ਦਿਲ ਹੁੰਦੇ ਹਨ।' ਬਾਕੀ ਵਿਦਿਆਰਥੀਆਂ ਨੇ ਵੀ ਉਨ੍ਹਾਂ ਦੀ ਆਵਾਜ਼ ਸੁਣਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਕ ਹੋਰ ਵਿਦਿਆਰਥੀ ਫਰਜ਼ਾਨਾ ਹਫ਼ੀਜ਼ ਨੇ ਕਿਹਾ, 'ਅੱਜ ਇੱਥੇ ਬੁਲਾਉਣ 'ਤੇ ਸਾਨੂੰ ਸਾਡੇ ਪਰਵਾਰਾਂ ਦੀ ਯਾਦ ਦਿਵਾਈ।' ਉਨ੍ਹਾਂ ਮੰਨਿਆ ਕਿ ਸੱਦਾ ਮਿਲਣ ਤੱਕ ਉਹ ਈਦ ਮੌਕੇ ਘਰ ਨਾ ਜਾਣ ਕਰਕੇ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰ ਰਹੇ ਸਨ। ਇਸ ਮੌਕੇ ਪਿਆਰ ਅਤੇ ਸਤਿਕਾਰ ਵਜੋਂ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਫਾਈਨ ਆਰਟਸ ਦੇ ਕਸ਼ਮੀਰੀ ਵਿਦਿਆਰਥੀ ਅਬਦੁਲ ਆਜ਼ਾਦ ਵੱਲੋਂ ਬਣਾਇਆ ਚਿੱਤਰ ਮੁੱਖ ਮੰਤਰੀ ਨੂੰ ਭੇਟ ਕੀਤਾ। ਕੈਪਟਨ ਨੇ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਅੱਜ ਦੇ ਇਸ ਸਮਾਗਮ ਵਿੱਚ ਚੰਡੀਗੜ੍ਹ ਯੂਨੀਵਰਸਿਟੀ, ਸੀ ਜੀ ਸੀ ਝੰਜੇੜੀ ਤੇ ਲਾਂਡਰਾਂ, ਚਿਤਕਾਰਾ ਯੂਨੀਵਰਸਿਟੀ, ਐੱਸ ਵੀ ਆਈ ਈ ਟੀ ਯੂਨੀਵਰਸਿਟੀ ਬਨੂੜ, ਸੀ ਟੀ ਯੂਨੀਵਰਸਿਟੀ ਲੁਧਿਆਣਾ, ਲਵਲੀ ਯੂਨੀਵਰਸਿਟੀ ਅਤੇ ਸਵਿੱਫਟ ਕਾਲਜ ਰਾਜਪੁਰਾ ਤੋਂ ਕਸ਼ਮੀਰੀ ਵਿਦਿਆਰਥੀ ਸ਼ਾਮਲ ਹੋਏ।

394 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper