Latest News
ਠਰਕੀ ਹਿੰਦੂਤਵੀਆਂ ਦੇ ਮੂੰਹ 'ਤੇ ਚਪੇੜ

Published on 13 Aug, 2019 11:40 AM.


ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੇ ਉਸ ਦੇ ਦੋ ਟੋਟੇ ਕਰ ਦੇਣ ਤੋਂ ਬਾਅਦ ਵਾਸ਼ਨਾ ਦੇ ਭੁੱਖੇ ਹਿੰਦੂਤਵੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਕਸ਼ਮੀਰੀ ਲੜਕੀਆਂ ਬਾਰੇ ਭੱਦੀਆਂ ਤੋਂ ਭੱਦੀਆਂ ਟਿੱਪਣੀਆਂ ਕਰਨ ਦੀ ਮੁਹਿੰਮ ਲਗਾਤਾਰ ਚਲਾਈ ਗਈ। ਇਹੋ ਹੀ ਨਹੀਂ ਭਾਜਪਾ ਦੇ ਇੱਕ ਵਿਧਾਇਕ ਤੇ ਹਰਿਆਣਾ ਦੇ ਮੁੱਖ ਮੰਤਰੀ ਤੱਕ ਨੇ ਵੀ ਇਸ ਘਿਨੌਣੀ ਮੁਹਿੰਮ ਦਾ ਹਿੱਸਾ ਬਣਨ ਤੋਂ ਗੁਰੇਜ਼ ਨਹੀਂ ਕੀਤਾ। ਇੱਥੇ ਹੀ ਬੱਸ ਨਹੀਂ, ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਹਾਕਮਾਂ ਨੇ ਇਸ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਰੁੱਧ ਜ਼ੁਬਾਨ ਤੱਕ ਨਾ ਖੋਲ੍ਹੀ।
ਇਸ ਸਥਿਤੀ ਵਿੱਚ ਜੇਕਰ ਕੋਈ ਖੁੱਲ੍ਹ ਕੇ ਕਸ਼ਮੀਰੀਆਂ ਤੇ ਕਸ਼ਮੀਰੀ ਲੜਕੀਆਂ ਦੇ ਹੱਕ ਵਿੱਚ ਖੜ੍ਹਾ ਹੋਇਆ ਤਾਂ ਉਹ ਸਿੱਖ ਭਾਈਚਾਰਾ ਹੈ। ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਸ਼ਮੀਰੀ ਮਹਿਲਾਵਾਂ ਵਿਰੁੱਧ ਵਰਤੀ ਜਾ ਰਹੀ ਅਸੱਭਿਅਕ ਭਾਸ਼ਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ, ਜਿਨ੍ਹਾਂ ਵਿੱਚ ਸਿਆਸੀ ਤੇ ਧਾਰਮਕ ਆਗੂ ਸ਼ਾਮਲ ਹਨ, ਵੱਲੋਂ ਕਸ਼ਮੀਰੀ ਔਰਤਾਂ ਦੀ ਇੱਜ਼ਤ-ਆਬਰੂ ਤੇ ਸਵੈਮਾਣ ਸੰਬੰਧੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਇਹ ਸਮੁੱਚੀ ਔਰਤ ਜਾਤੀ ਦਾ ਅਪਮਾਨ ਹੈ ਅਤੇ ਇਹ ਗੁਨਾਹ ਬਖਸ਼ਣਯੋਗ ਨਹੀਂ। ਉਨ੍ਹਾ ਕਿਹਾ ਕਿ ਕਸ਼ਮੀਰੀ ਔਰਤਾਂ ਦੀਆਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਪਾ ਕੇ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਨਾਲ ਸਮੁੱਚੇ ਦੇਸ਼ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਲਈ ਔਰਤ ਕੇਵਲ ਦੇਹ ਦੇ ਰੂਪ ਤੱਕ ਸੀਮਤ ਹੈ। ਉਨ੍ਹਾ ਦੋਸ਼ ਲਾਇਆ ਕਿ ਮਾੜੀ ਮਾਨਸਿਕਤਾ ਵਾਲੀ ਭੀੜ ਵੱਲੋਂ ਅਜਿਹਾ ਸੋਚੀ-ਸਮਝੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ, ਇਹ ਗੰਭੀਰ ਮਾਮਲਾ ਹੈ। ਅਜਿਹੀ ਹੀ ਮਾਨਸਿਕਤਾ 1984 ਵਿੱਚ ਸਿੱਖ ਬੀਬੀਆਂ ਵਿਰੁੱਧ ਪ੍ਰਗਟਾਈ ਗਈ ਸੀ, ਜੋ ਹੁਣ ਕਸ਼ਮੀਰੀ ਬੀਬੀਆਂ ਵਿਰੁੱਧ ਪ੍ਰਗਟਾਈ ਜਾ ਰਹੀ ਹੈ। ਸਿੱਖ ਭਾਈਚਾਰੇ ਵੱਲੋਂ ਕਸ਼ਮੀਰੀ ਔਰਤਾਂ ਦੀ ਰਾਖੀ ਦੀ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਸਿੱਖ ਆਪਣਾ ਫ਼ਰਜ਼ ਨਿਭਾਉਣ ਵਿੱਚ ਪਿੱਛੇ ਨਹੀਂ ਹਟਣਗੇ। ਕਸ਼ਮੀਰੀ ਮਹਿਲਾਵਾਂ ਸਾਡੇ ਸਮਾਜ ਦਾ ਹਿੱਸਾ ਹਨ ਤੇ ਉਨ੍ਹਾਂ ਦੇ ਗੌਰਵ ਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਇਸ ਦੇ ਨਾਲ ਹੀ ਉਨ੍ਹਾ ਸਮੁੱਚੇ ਸਿੱਖ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਕਸ਼ਮੀਰੀਆਂ ਤੇ ਖਾਸ ਕਸ਼ਮੀਰੀ ਔਰਤਾਂ ਦੀ ਹਰ ਸੰਭਵ ਮਦਦ ਕਰਨ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਤੇ ਵਿਦਿਅਕ ਅਦਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਸ਼ਮੀਰੀਆਂ ਤੇ ਖਾਸ ਕਰ ਕਸ਼ਮੀਰੀ ਔਰਤਾਂ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਕਰਨ ਤੇ ਕਸ਼ਮੀਰੀ ਔਰਤਾਂ ਨੂੰ ਉਨ੍ਹਾਂ ਦੇ ਘਰ ਤੱਕ ਸੁਰੱਖਿਅਤ ਪੁਚਾਇਆ ਜਾਵੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਸ਼ਮੀਰੀ ਲੜਕੀਆਂ ਸਹਿਮ ਦੇ ਸਾਏ ਹੇਠ ਰਹਿ ਰਹੀਆਂ ਹਨ, ਇਸ ਲਈ ਅਜਿਹਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਉੱਥੋਂ ਦੀਆਂ ਔਰਤਾਂ ਵੀ ਸਤਿਕਾਰਯੋਗ ਹਨ। ਸਿੱਖ ਧਰਮ ਵਿੱਚ ਇਸਤਰੀ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਉਨ੍ਹਾ ਯਾਦ ਦਿਵਾਇਆ ਕਿ ਅਬਦਾਲੀ ਦੇ ਹਮਲੇ ਸਮੇਂ ਸਿੱਖਾਂ ਨੇ 22 ਹਜ਼ਾਰ ਹਿੰਦੂ ਔਰਤਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੀਂ ਪੁਚਾਇਆ ਸੀ ਤੇ ਹੁਣ ਵੀ ਸਿੱਖ ਕੌਮ ਆਪਣੀ ਇਸ ਪ੍ਰੰਪਰਾ ਨੂੰ ਕਾਇਮ ਰੱਖੇਗੀ।
ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ ਆਪਣੇ ਸਿੱਖ ਆਗੂਆਂ ਦੇ ਸੱਦੇ ਉੱਤੇ ਫੁੱਲ ਚੜ੍ਹਾਉਂਦਿਆਂ ਪੂਨੇ ਵਿੱਚ ਫਸੀਆਂ 32 ਕਸ਼ਮੀਰੀ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁਚਾ ਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ। ਸਮਾਜਿਕ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾ 5 ਅਗਸਤ ਨੂੰ ਆਪਣੀ ਫੇਸਬੁੱਕ ਆਈ ਡੀ ਉੱਤੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਜੇ ਕੋਈ ਕਸ਼ਮੀਰੀ ਔਰਤ ਜਾਂ ਮਰਦ ਕਿਸੇ ਮੁਸ਼ਕਲ ਵਿੱਚ ਹੋਵੇ ਤਾਂ ਉਹ ਤੁਰੰਤ ਨੇੜਲੇ ਗੁਰਦੁਆਰੇ ਵਿੱਚ ਜਾ ਕੇ ਉਨ੍ਹਾ ਨਾਲ ਸੰਪਰਕ ਕਰੇ। ਇਸ ਤੋਂ ਬਾਅਦ ਉਨ੍ਹਾ ਨੂੰ ਪੂਨੇ ਤੋਂ ਰੁਕੱਈਆ ਕਿਰਮਾਨੀ ਨਾਂਅ ਦੀ ਔਰਤ ਦਾ ਫ਼ੋਨ ਆਇਆ ਕਿ ਉਸ ਦੇ ਨਾਲ 32 ਕਸ਼ਮੀਰੀ ਕੁੜੀਆਂ ਹਨ, ਜੋ ਸੋਸ਼ਲ ਮੀਡੀਆ ਉੱਤੇ ਕਸ਼ਮੀਰੀ ਲੜਕੀਆਂ ਬਾਰੇ ਆ ਰਹੀਆਂ ਭੱਦੀਆਂ ਟਿੱਪਣੀਆਂ ਕਾਰਨ ਬਹੁਤ ਹੀ ਡਰੀਆਂ ਹੋਈਆਂ ਹਨ। ਇਹ ਲੜਕੀਆਂ ਨਰਸਿੰਗ ਦੀ ਟਰੇਨਿੰਗ ਲਈ ਪੰਜ ਦਿਨ ਪਹਿਲਾਂ ਹੀ ਪੂਨੇ ਆਈਆਂ ਸਨ। ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਤੁਰੰਤ ਫੇਸਬੁੱਕ ਉੱਤੇ ਲੜਕੀਆਂ ਦੀ ਮਦਦ ਦੀ ਅਪੀਲ ਕੀਤੀ ਤਾਂ ਦੋ ਦਿਨਾਂ ਵਿੱਚ ਹੀ 4 ਲੱਖ ਰੁਪਏ ਇਕੱਠੇ ਹੋ ਗਏ। ਉਸ ਉਪਰੰਤ ਉਹ ਆਪਣੇ ਸਾਥੀਆਂ ਹਰਮੀਤ ਸਿੰਘ ਖਾਨਪੁਰੀ ਤੇ ਬਲਜੀਤ ਸਿੰਘ ਨੂੰ ਲੈ ਕੇ ਪੂਨੇ ਪੁੱਜ ਗਏ। ਉੱਥੋਂ ਉਹ 32 ਲੜਕੀਆਂ, ਉਨ੍ਹਾਂ ਦੀ ਸੁਪਰਵਾਈਜ਼ਰ ਰੁਕੱਈਆ ਕਿਰਮਾਨੀ ਤੇ ਇੱਕ ਕੁਲੀਗ ਸੰਭਵ ਕੁਮਾਰ ਸ਼ਰਮਾ ਦੇ ਨਾਲ ਸੜਕੀ ਰਸਤੇ ਮੁੰਬਈ ਪੁੱਜੇ। ਉੱਥੋਂ ਹਵਾਈ ਜਹਾਜ਼ ਰਾਹੀਂ ਕਸ਼ਮੀਰ ਪੁੱਜ ਕੇ ਸਭ ਲੜਕੀਆਂ ਨੂੰ ਫ਼ੌਜ ਦੀ ਸਹਾਇਤਾ ਨਾਲ ਬਾਰਾਮੂਲਾ, ਬਡਗਾਮ, ਸ਼ੋਪੀਆਂ, ਸ੍ਰੀਨਗਰ ਤੇ ਕੁਪਵਾੜਾ ਵਿਖੇ ਉਨ੍ਹਾਂ ਦੇ ਘਰਾਂ ਵਿੱਚ ਪੁਚਾ ਕੇ ਇਨ੍ਹਾਂ ਨੌਜਵਾਨਾਂ ਨੇ ਸੁੱਖ ਦਾ ਸਾਹ ਲਿਆ। ਹਰਮਿੰਦਰ ਸਿੰਘ ਮੁਤਾਬਕ ਇਸ ਸਾਰੇ ਅਪ੍ਰੇਸ਼ਨ ਵਿੱਚ 3 ਲੱਖ 20 ਹਜ਼ਾਰ ਰੁਪਏ ਖ਼ਰਚ ਆਏ। ਸਿੱਖ ਨੌਜਵਾਨਾਂ ਨੇ ਆਪਣੇ ਇਸ ਸ਼ਲਾਘਾਯੋਗ ਉਦਮ ਰਾਹੀਂ ਹਿੰਦੂਤਵੀ ਠਰਕੀਆਂ ਦੇ ਮੂੰਹ ਉੱਤੇ ਅਜਿਹੀ ਕਰਾਰੀ ਚਪੇੜ ਮਾਰੀ ਹੈ, ਜਿਸ ਦਾ ਨਿਸ਼ਾਨ ਲੰਮੇ ਸਮੇਂ ਤੱਕ ਉਨ੍ਹਾਂ ਦੇ ਚਿਹਰੇ ਉੱਤੇ ਉਕਰਿਆ ਰਹੇਗਾ।

1774 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper