Latest News
ਪਾਕਿ ਵਿਦੇਸ਼ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਮੂਰਖਾਂ ਦੀ ਦੁਨੀਆ 'ਚ ਨਾ ਰਹਿਣ ਦੀ ਨਸੀਹਤ

Published on 13 Aug, 2019 11:44 AM.


ਨਵੀਂ ਦਿੱਲੀ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਵਿਰੁੱਧ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੇ ਮੁਸਲਮ ਜਗਤ ਦੀ ਹਮਾਇਤ ਹਾਸਲ ਕਰਨਾ ਬਹੁਤ ਔਖਾ ਕੰਮ ਹੈ। ਪਾਕਿਸਤਾਨੀਆਂ ਨੂੰ ਮੂਰਖਾਂ ਦੀ ਦੁਨੀਆ ਵਿਚ ਨਾ ਰਹਿਣ ਦੀ ਨਸੀਹਤ ਦਿੰਦਿਆਂ ਉਨ੍ਹਾ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਹਮਾਇਤ ਹਾਸਲ ਕਰਨ ਲਈ ਨਵਾਂ ਸੰਘਰਸ਼ ਵਿੱਢਣਾ ਪੈਣਾ ਹੈ।
ਕੁਰੈਸ਼ੀ ਨੇ ਸੋਮਵਾਰ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨੀਆਂ ਨੂੰ ਮੂਰਖਾਂ ਦੀ ਦੁਨੀਆ ਵਿਚ ਨਹੀਂ ਰਹਿਣਾ ਚਾਹੀਦਾ। ਸੰਯੁਕਤ ਰਾਸ਼ਟਰ ਵਿਚ ਕਿਸੇ ਨੇ ਸਾਡੇ ਲਈ ਹਾਰ ਲੈ ਕੇ ਖੜ੍ਹੇ ਨਹੀਂ ਹੋਣਾ, ਕਿਸੇ ਨੇ ਸਾਡਾ ਰਾਹ ਨਹੀਂ ਤੱਕਣਾ।
ਸੰਵਿਧਾਨ ਦੀ ਧਾਰਾ 370 ਖਤਮ ਕਰਨ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਦੱਸ ਦਿੱਤਾ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਉਸ ਨੇ ਪਾਕਿਸਤਾਨ ਨੂੰ ਵੀ ਭਾਣਾ ਮੰਨਣ ਦੀ ਸਲਾਹ ਦਿੱਤੀ ਹੈ।
ਕੁਰੈਸ਼ੀ ਨੇ ਬਿਨਾਂ ਕਿਸੇ ਮੁਸਲਮ ਦੇਸ਼ ਦਾ ਨਾਂਅ ਲਏ ਇਹ ਵੀ ਕਿ ਮੁਸਲਮ ਭਾਈਚਾਰੇ ਦੇ ਰਾਖੇ ਵੀ ਆਪਣੇ ਮਾਲੀ ਹਿੱਤਾਂ ਕਾਰਨ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀ ਹਮਾਇਤ ਨਹੀਂ ਕਰਨਗੇ। ਹੋਰਨਾਂ ਕਈ ਦੇਸ਼ਾਂ ਦੇ ਨਾਲ-ਨਾਲ ਇਨ੍ਹਾਂ ਨੇ ਵੀ ਭਾਰਤ ਵਿਚ ਸਰਮਾਇਆ ਲਾਇਆ ਹੋਇਆ ਹੈ। ਮਾਲੀ ਹਿੱਤਾਂ ਕਾਰਨ ਇਨ੍ਹਾਂ ਲਈ ਭਾਰਤ ਦਾ ਵਿਰੋਧ ਕਰਨਾ ਅਸਾਨ ਨਹੀਂ ਹੋਵੇਗਾ। ਦੁਨੀਆ ਦੇ ਵੱਖ-ਵੱਖ ਲੋਕਾਂ ਦੇ ਆਪਣੇ-ਆਪਣੇ ਹਿੱਤ ਹਨ। ਭਾਰਤ ਇਕ ਅਰਬ ਤੋਂ ਵੱਧ ਲੋਕਾਂ ਦੀ ਮੰਡੀ ਹੈ, ਉਥੇ ਕਈਆਂ ਨੇ ਸਰਮਾਇਆ ਲਾਇਆ ਹੋਇਆ ਹੈ। ਮੁਸਲਮਾਨਾਂ ਦੇ ਰਾਖਿਆਂ ਨੇ ਵੀ ਲਾਇਆ ਹੋਇਆ ਹੈ।
ਕੁਰੈਸ਼ੀ ਦਾ ਇਹ ਬਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪੱਕੇ ਮੈਂਬਰ ਰੂਸ ਵੱਲੋਂ ਭਾਰਤ ਦੇ ਸਟੈਂਡ ਦੀ ਤਾਈਦ ਕਰਨ ਦੇ ਦੋ ਦਿਨਾਂ ਬਾਅਦ ਆਇਆ ਹੈ। ਅਮਰੀਕਾ ਨੇ ਇਹ ਕਹਿ ਕੇ ਨਿਰਪੱਖਤਾ ਦਾ ਇਸ਼ਾਰਾ ਕੀਤਾ ਹੈ ਕਿ ਕਸ਼ਮੀਰ ਬਾਰੇ ਉਸ ਦੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਆਈ ਅਤੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਿਚ ਰਹਿ ਕੇ ਆਪਸੀ ਗੱਲਬਾਤ ਨਾਲ ਮਸਲੇ ਹੱਲ ਕਰਨੇ ਚਾਹੀਦੇ ਹਨ। ਚੀਨ ਨੇ ਲੱਦਾਖ ਨੂੰ ਕੇਂਦਰ ਸ਼ਾਸਤ ਇਲਾਕਾ ਬਣਾਉਣ 'ਤੇ ਇਤਰਾਜ਼ ਜਤਾਇਆ ਹੈ, ਪਰ ਨਾਲ ਹੀ ਕੁਰੈਸ਼ੀ ਨੂੰ ਬੀਜਿੰਗ ਦੌਰੇ ਦੌਰਾਨ ਇਹ ਵੀ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਨੂੰ ਉਹ ਦੋਸਤ ਗਵਾਂਢੀ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਕਸ਼ਮੀਰ ਮਸਲੇ ਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਤੇ ਸ਼ਿਮਲਾ ਸਮਝੌਤੇ ਦੇ ਚੌਖਟੇ ਵਿਚ ਰਹਿ ਕੇ ਹੱਲ ਕੀਤਾ ਜਾਵੇ।

152 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper