Latest News
ਜਾਪਾਨ ਦਾ ਸਾਫਟਬੈਂਕ ਗਰੁੱਪ ਰੀਅਲ ਅਸਟੇਟ ਸੈਕਟਰ 'ਚ ਨਿਵੇਸ਼ ਕਰੇਗਾ

Published on 13 Aug, 2019 11:53 AM.


ਚੰਡੀਗੜ੍ਹ ( ਗੁਰਜੀਤ ਬਿੱਲਾ)
ਜਾਪਾਨ ਦੇ ਮੋਹਰੀ ਸਾਫ਼ਟਬੈਂਕ ਗਰੁੱਪ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਦੀ ਯੋਜਨਾ ਸਾਂਝੀ ਕੀਤੀ, ਜੋ ਉਨ੍ਹਾ ਦੇ ਪ੍ਰਮੁੱਖ ਓਯੋ ਸਟਾਰਟਅੱਪ ਰਾਹੀਂ ਵਿਦਿਆਰਥੀਆਂ ਦੀ ਰਿਹਾਇਸ਼ 'ਤੇ ਕੇਂਦਰਤ ਹੈ।
ਇਸ ਗਰੁੱਪ ਦੇ ਐੱਮ ਡੀ ਹਿਰੋਕੀ ਕਿਮੋਟੋ ਦੀ ਅਗਵਾਈ ਵਿੱਚ ਇਕ ਉੱਚ ਪੱਧਰੀ ਵਫਦ ਨੇ ਮੁੱਖ ਮੰਤਰੀ ਨਾਲ ਉਨ੍ਹਾ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸਾਫ਼ਟਬੈਂਕ ਗਰੁੱਪ ਦੀ ਨਿਵੇਸ਼ ਯੋਜਨਾ ਨੂੰ ਹਕੀਕੀ ਰੂਪ ਦੇਣ ਲਈ ਉਨ੍ਹਾ ਦੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਕੈਪਟਨ ਨੇ ਵਫਦ ਨੂੰ ਨਿਵੇਸ਼ ਪੰਜਾਬ ਦੇ ਸਿੰਗਲ ਵਿੰਡੋ ਕਲੀਅਰੈਂਸ ਪਲੇਟਫਾਰਮ ਰਾਹੀਂ ਤੇਜ਼ੀ ਨਾਲ ਨਿਵੇਸ਼ ਨੂੰ ਯਕੀਨੀ ਬਣਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਰਿਆਇਤਾਂ ਅਤੇ ਸਹੂਲਤਾਂ 'ਤੇ ਕੇਂਦਰਤ ਹੈ, ਜਿਸ ਸਦਕਾ ਪਿਛਲੇ ਦੋ ਸਾਲਾਂ ਵਿੱਚ ਜ਼ਮੀਨੀ ਪੱਧਰ 'ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।
ਇਸ ਤੋਂ ਪਹਿਲਾਂ ਵੱਖ-ਵੱਖ ਨਿਵੇਸ਼ ਪ੍ਰੋਜੈਕਟਾਂ ਬਾਰੇ ਵਫਦ ਨੂੰ ਜਾਣਕਾਰੀ ਦਿੰਦਿਆਂ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗਿਕ ਤੇ ਵਪਾਰ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਰੀਅਲ ਅਸਟੇਟ ਪ੍ਰਮੁੱਖ ਸੈਕਟਰ ਹੈ ਅਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਵਿੱਚ ਬਹੁਤ ਤਰੱਕੀ ਹੋਈ ਹੈ। ਉਨ੍ਹਾ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ 'ਚ 2000 ਕਰੋੜ ਰੁਪਏ ਦੀ ਈ-ਨੀਲਾਮੀ ਹੋਈ ਹੈ। ਉਨ੍ਹਾ ਦੱਸਿਆ ਕਿ ਨਾਮਵਰ ਕੌਮਾਂਤਰੀ ਗਰੁੱਪ ਮਕਾਨ, ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਲਈ ਰਿਹਾਇਸ਼ੀ ਸਹੂਲਤ ਦੇ ਤੌਰ 'ਤੇ ਇਸ ਨੂੰ ਸੰਭਾਵੀ ਨਿਵੇਸ਼ ਸੈਕਟਰ ਵਜੋਂ ਦੇਖ ਰਹੇ ਹਨ। ਵਿਚਾਰ-ਚਰਚਾ 'ਚ ਹਿੱਸਾ ਲੈਂਦਿਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਪ ਕੁਲਪਤੀ ਅਸ਼ੋਕ ਮਿੱਤਲ ਨੇ ਇਹ ਦੱਸਿਆ ਕਿ ਵਿਦਿਆਰਥੀਆਂ ਲਈ ਹੋਸਟਲਾਂ ਦਾ ਨਿਰਮਾਣ ਕਰਨ ਲਈ ਸੰਭਾਵੀ ਭਾਈਵਾਲੀ ਦੇ ਤੌਰ 'ਤੇ ਸਾਫਟਬੈਂਕ ਨਾਲ ਉਨ੍ਹਾ ਦੀ ਗੱਲਬਾਤ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਫਟਬੈਂਕ ਭਾਰਤੀ ਸਟਾਰਟਅੱਪ ਵਿੱਚ ਵੱਡੇ ਨਿਵੇਸ਼ਕਾਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾ ਦੇ ਨਿਵੇਸ਼ ਦਾ ਲੱਗਭੱਗ 20 ਫੀਸਦੀ ਹਿੱਸਾ ਭਾਰਤ 'ਤੇ ਆਧਾਰਤ ਕਾਰੋਬਾਰ ਵਿੱਚ ਹੈ। ਇਹ ਕੰਪਨੀ ਵੱਡੇ ਘਰੇਲੂ ਗਰੁੱਪਾਂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਵਿੱਚ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਵਾਲਾ ਓਲਾ ਗਰੁੱਪ, ਛੇਤੀ ਨਾਲ ਹੋਟਲ ਬੁੱਕ ਕਰਨ ਦਾ ਪਲੇਟਫਾਰਮ ਮੁਹੱਈਆ ਕਰਾਉਣ ਵਾਲਾ ਓਯੋ ਅਤੇ ਇਲੈਕਟ੍ਰੋਨਿਕ ਪੇਮੈਂਟ ਕਰਨ ਦਾ ਮੋਹਰੀ ਮੰਨਿਆ ਜਾਣ ਵਾਲਾ ਪੇਅਟੀਐੱਮ ਸ਼ਾਮਲ ਹਨ। ਇਸ ਵੇਲੇ ਇਹ ਗਰੁੱਪ ਤਕਨਾਲੋਜੀ 'ਤੇ ਆਧਾਰਤ 100 ਬਿਲੀਅਨ ਦੇ ਵਿਜ਼ਨ ਫੰਡ ਤੋਂ ਨਿਵੇਸ਼ ਕਰ ਰਿਹਾ ਹੈ ਅਤੇ ਫਿਨਟੈੱਕ ਸਟਾਰਟਅੱਪ ਇਸ ਦਾ ਪ੍ਰਮੁੱਖ ਖੇਤਰ ਹੈ। ਪਿਛਲੇ ਮਹੀਨੇ ਗਰੁੱਪ ਨੇ ਆਪਣੇ ਤਕਨਾਲੋਜੀ ਆਧਾਰਤ ਵਿਜ਼ਨ ਫੰਡ-2 ਦਾ ਵੀ ਐਲਾਨ ਕੀਤਾ ਹੈ, ਜਿਸ ਵਿੱਚ 108 ਬਿਲੀਅਨ ਦੀ ਪੂੰਜੀ ਦੀ ਵਚਨਬੱਧਤਾ ਪ੍ਰਗਟਾਈ ਹੈ, ਜੋ ਮੁੱਖ ਤੌਰ 'ਤੇ ਏ ਆਈ ਆਧਾਰਤ ਤਕਨਾਲੋਜੀ ਅਤੇ ਰੀਅਲ ਅਸਟੇਟ 'ਤੇ ਕੇਂਦਰਤ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਨਿਵੇਸ਼ ਪੰਜਾਬ ਦੇ ਸੀ ਈ ਓ ਰਜਤ ਅਗਰਵਾਲ ਵੀ ਮੀਟਿੰਗ ਵਿੱਚ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਵਫਦ ਵਿੱਚ ਗਰੁੱਪ ਦੀ ਸੀਨੀਅਰ ਮੈਨੇਜਰ ਨਿਸ਼ਾਦ ਕੋਕਟੇ ਅਤੇ ਸਾਫਟਬੈਂਕ ਦੇ ਅਧਿਕਾਰੀ ਅਦਿੱਤਿਯਾ ਦੀਕਸ਼ਤ ਸ਼ਾਮਲ ਸਨ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper