ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)
ਦਿੱਲੀ ਦੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਖਿਲਾਫ ਦਲਿਤ ਸਮਾਜ ਦੇ ਸੰਤਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਫਗਵਾੜਾ ਮੁਕੰਮਲ ਬੰਦ ਰਹੇ, ਜਦਕਿ ਨਵਾਂਸ਼ਹਿਰ ਵਿਚ ਦੁਕਾਨਾਂ ਖੁੱਲ੍ਹੀਆਂ, ਕਿਉਂਕਿ ਉਥੇ ਸੋਮਵਾਰ ਬੰਦ ਰੱਖਿਆ ਗਿਆ ਸੀ। ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਨਕੋਦਰ ਤੇ ਪਠਾਨਕੋਟ ਨੂੰ ਜੋੜਦੇ ਹਾਈਵੇ ਬੰਦ ਰਹੇ, ਕਿਉਂਕਿ ਬਸਪਾ, ਸੰਤ ਸਮਾਜ ਦੇ ਪੈਰੋਕਾਰਾਂ ਤੇ ਭੀਮ ਆਰਮੀ ਨੇ ਧਰਨੇ ਮਾਰ ਰੱਖੇ ਸਨ। ਨੌਜਵਾਨ ਮੋਟਰਸਾਈਕਲਾਂ 'ਤੇ ਵੀ ਬੰਦ ਕਰਾਉਂਦੇ ਨਜ਼ਰ ਆਏ।
ਜਲੰਧਰ ਵਿੱਚ ਸਵੇਰੇ 6 ਵਜੇ ਹੀ ਰੇਰੂ ਚੌਕ ਵਿੱਚ ਪਿੰਡ ਰੇਰੂ, ਬਾਬਾ ਦੀਪ ਸਿੰਘ ਨਗਰ, ਸਰਾਭਾ ਨਗਰ ਤੇ ਹਰਗੋਬਿੰਦ ਨਗਰ ਦੇ ਹਜ਼ਾਰਾਂ ਲੋਕਾਂ ਨੇ ਮੋਹਲੇਧਾਰ ਮੀਂਹ ਵਿੱਚ ਹੀ ਬੈਰੀਕੇਡ ਲਾ ਕੇ ਪਠਾਨਕੋਟ ਤੇ ਹਿਮਾਚਲ ਵੱਲੋਂ ਆਉਣ ਵਾਲੇ ਟਰੈਫਿਕ ਨੂੰ ਬੰਦ ਕਰ ਦਿੱਤਾ। ਪਠਾਨਕੋਟ ਚੌਕ ਵਿੱਚ ਸਪੀਕਰ ਲਾ ਕੇ ਮੋਦੀ ਸਰਕਾਰ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੰਮਾ ਪਿੰਡ, ਸੰਤੋਖਪੁਰਾ ਤੇ ਫਗਵਾੜਾ ਗੇਟ ਇਲਾਕੇ ਬੰਦ ਕਰਵਾਉਣ ਤੋਂ ਬਾਅਦ ਗਲੀਆਂ-ਮੁਹੱਲਿਆਂ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ। ਮਕਸੂਦਾਂ ਚੌਕ ਵਿੱਚ ਵੀ ਸਵੇਰ ਤੋਂ ਸੜਕ 'ਤੇ ਮੋਟਰਸਾਈਕਲ ਤੇ ਬੈਰੀਕੇਡ ਲਾ ਕੇ ਰਸਤਾ ਰੋਕ ਦਿੱਤਾ ਗਿਆ। ਚੁਗਿੱਟੀ ਪੁਲ ਤੇ ਨਾਲ ਹੀ ਚੌਕ 'ਤੇ ਧਰਨਾ ਲਾ ਦਿੱਤਾ ਗਿਆ। ਬੀ ਐੱਮ ਸੀ ਚੌਕ, ਕੂਲ ਰੋਡ, ਬੱਸ ਅੱਡਾ, ਬੀ ਐੱਸ ਐੱਫ ਚੌਕ ਤੇ ਰਾਮਾ ਮੰਡੀ ਵਿੱਚ ਵੀ ਵੱਡੇ ਇਕੱਠ ਕਰਕੇ ਦੁਕਾਨਦਾਰਾਂ ਨੂੰ ਬੇਨਤੀ ਕਰਕੇ ਬੰਦ ਕਰਵਾਇਆ ਗਿਆ।
ਰਾਮਾ ਮੰਡੀ ਵਿੱਚ ਪੁਲ ਹੇਠਾਂ ਵਿਸ਼ਾਲ ਧਰਨੇ ਵਿੱਚ ਸੰਤ ਚਹੇੜੂ ਵਾਲੇ ਤੇ ਸੰਤ ਸੁਰਿੰਦਰ ਦਾਸ ਬਾਵਾ, ਜਲੰਧਰ ਤੋਂ ਐੱਮ ਪੀ ਦੀ ਚੋਣ ਲੜਨ ਵਾਲੇ ਬਸਪਾ ਆਗੂ ਬਲਵਿੰਦਰ ਕੁਮਾਰ, ਧਰਮਵੀਰ, ਸੁਖਵਿੰਦਰ ਕੋਟਲੀ, ਕਾਂਗਰਸੀ ਐੱਮ ਐੱਲ ਏ ਰਜਿੰਦਰ ਬੇਰੀ ਤੇ ਜਲੰਧਰ ਨਗਰ ਨਿਗਰ ਵਿੱਚ ਸਾਰੇ ਦਲਿਤ ਐੱਮ ਸੀ ਵੀ ਸ਼ਾਮਲ ਹੋਏ। ਸੰਤ ਚਹੇੜੂ ਵਾਲਿਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਮੰਦਰ ਦੀ ਮੁੜ ਉਸਾਰੀ ਦਾ ਤੁਰੰਤ ਐਲਾਨ ਕਰੇ, ਨਹੀਂ ਤਾਂ ਉਨ੍ਹਾ ਦਾ ਸਮਾਜ ਸੰਘਰਸ਼ ਹੋਰ ਵੀ ਤਿੱਖਾ ਕਰੇਗਾ। ਦਰਜਨਾਂ ਐਂਬੂਲੈਂਸਾਂ ਨੂੰ ਧਰਨਾਕਾਰੀਆਂ ਨੇ ਆਪ ਰਸਤਾ ਦੇ ਕੇ ਕੱਢਿਆ। ਚੁਗਿੱਟੀ ਚੌਕ ਵਿੱਚ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਲੋਕਾਂ ਨੇ ਦਰੀਆਂ ਚੁੱਕ ਕੇ ਰਸਤਾ ਦਿੱਤਾ। ਰਾਮਾ ਮੰਡੀ ਵਿੱਚ ਆਦਮਪੁਰ ਏਅਰਪੋਟ ਨੂੰ ਜਾਣ ਵਾਲੇ ਕਾਰ ਸਵਾਰ ਯਾਤਰੀਆਂ ਨੂੰ ਵੀ ਧਰਨਾਕਾਰੀਆਂ ਨੇ ਸਹੀ-ਸਲਾਮਤ ਰਵਾਨਾ ਕੀਤਾ।
ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਵੱਖ-ਵੱਖ ਥਾਵਾਂ 'ਤੇ ਸੰਗਤਾਂ ਦਾ ਹੌਸਲਾ ਵਧਾਇਆ। ਸੰਤ ਹੀਰਾ ਨੇ ਕਿਹਾ ਕਿ ਕਿਸੇ ਕਿਸਮ ਦੀ ਹਿੰਸਾ ਨਹੀਂ ਹੋਣੀ ਚਾਹੀਦੀ ਤੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਰ ਕਰਕੇ ਸਰਕਾਰਾਂ ਦੀ ਇੱਟ ਨਾਲ ਇੱਟ ਖੜਕਾਉਣੀ ਹੈ, ਤਾਂ ਜੋ ਮਨੂੰਵਾਦੀ ਸਰਕਾਰਾਂ ਨੂੰ ਇਹ ਪਤਾ ਲੱਗ ਜਾਏ ਕਿ ਗੁਰੂਆਂ ਦੀ ਬੇਅਦਬੀ ਕਰਨ ਦਾ ਕੀ ਖਮਿਆਜ਼ਾ ਭੁਗਤਣਾ ਪੈਂਦਾ ਹੈ। ਸੰਤ ਸਰਵਣ ਦਾਸ ਨੇ ਕਿਹਾ ਕਿ 21 ਅਗਸਤ ਨੂੰ ਪੂਰੇ ਭਾਰਤ ਵਿਚੋਂ ਸੰਗਤਾਂ ਨੂੰ ਇਕੱਠਾ ਕਰਕੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਜਾਵੇਗਾ। ਸਰਕਾਰ ਫਿਰ ਵੀ ਨਾ ਝੁਕੀ ਤਾਂ ਉਸੇ ਦਿਨ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਹ ਲੜਾਈ 'ਕਰੋ ਜਾਂ ਮਰੋ' ਦੀ ਹੈ। ਉਨ੍ਹਾ ਚੇਤਾਵਨੀ ਦਿੱਤੀ ਕਿ ਸਰਕਾਰ ਇਹ ਨਾ ਸੋਚੇ ਕਿ ਭਾਰਤ ਦੇ ਐੱਸ ਸੀ ਵਰਗ ਨੂੰ ਦਬਾਅ ਕੇ ਦੇਸ਼ ਅਖੰਡ ਰਹਿ ਸਕੇਗਾ। ਐੱਸ ਸੀ ਗੁਲਾਮ ਬਣ ਕੇ ਕਦੇ ਨਹੀਂ ਰਹਿਣਗੇ। ਇਸ ਮੌਕੇ ਸੇਵਾ ਦਲ ਦੇ ਪ੍ਰਧਾਨ ਕਮਲ ਜਨਾਗਲ, ਬਲਵੀਰ ਮਹੇ, ਸੁਖਚੈਨ ਸਿੰਘ, ਸੰਤ ਦਿਆਲ ਚੰਦ, ਸੰਤ ਕਰਮ ਚੰਦ ਵੀ ਉਨ੍ਹਾ ਦੇ ਨਾਲ ਸਨ।ਪਠਾਨਕੋਟ ਚੌਕ ਦੇ ਧਰਨੇ ਦੌਰਾਨ ਸੰਤ ਨਿਰਮਲ ਦਾਸ ਨੇ ਕਿਹਾ ਕਿ 2014 ਵਿੱਚ ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਘੱਟ ਗਿਣਤੀਆਂ ਦੇ ਧਾਰਮਕ ਸਥਾਨਾਂ 'ਤੇ ਲਗਾਤਾਰ ਹਮਲੇ ਕਰਕੇ ਉਨ੍ਹਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ 'ਤੇ ਬੰਦਸ਼ਾਂ ਲਾ ਕੇ ਉਨ੍ਹਾਂ ਨੂੰ ਫਿਰ ਤੋਂ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰ ਤੁਗਲਕਾਬਾਦ ਵਿੱਚ ਤੋੜਿਆ ਮੰਦਰ ਤੁਰੰਤ ਉਸੇ ਥਾਂ ਬਣਾਉਣ ਦਾ ਐਲਾਨ ਕਰੇ, ਨਹੀਂ ਤਾਂ ਪੂਰੇ ਭਾਰਤ ਵਿੱਚ ਬੰਦ ਦਾ ਐਲਾਨ ਕੀਤਾ ਜਾਵੇਗਾ।