Latest News
ਪਹਿਲੂ ਖਾਨ ਕਤਲ ਕੇਸ 'ਚ ਸਾਰੇ ਮੁਲਜ਼ਮ ਬਰੀ

Published on 14 Aug, 2019 11:49 AM.


ਅਲਵਰ : ਐਡੀਸ਼ਨਲ ਸੈਸ਼ਨ ਜੱਜ-1 ਨੇ ਇਕ ਅਪ੍ਰੈਲ 2017 ਨੂੰ ਡੇਅਰੀ ਫਾਰਮਰ ਪਹਿਲੂ ਖਾਨ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਸਾਰੇ 6 ਮੁਲਜ਼ਮਾਂ ਨੂੰ ਬੁੱਧਵਾਰ ਬਰੀ ਕਰ ਦਿੱਤਾ। ਬਚਾਅ ਪੱਖ ਦੇ ਵਕੀਲ ਹੁਕਮ ਚੰਦ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਮਿਲਿਆ ਹੈ।
ਰਾਜਸਥਾਨ ਪੁਲਸ ਨੇ ਵਿਪਿਨ ਯਾਦਵ, ਰਵਿੰਦਰ ਯਾਦਵ, ਕਾਲੂ ਰਾਮ ਯਾਦਵ, ਦਯਾਨੰਦ ਯਾਦਵ, ਯੋਗੇਸ਼ ਖਾਟੀ ਤੇ ਭੀਮ ਰਾਠੀ ਵਿਰੁੱਧ ਕਤਲ, ਦੰਗਾ, ਜਾਇਦਾਦ ਦੀ ਤਬਾਹੀ ਤੇ ਚੋਰੀ ਆਦਿ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਪੇਸ਼ ਕੀਤੀ ਸੀ।
ਹਰਿਆਣਾ ਵਿਚ ਆਪਣੇ ਪਿੰਡ ਨੂੰ ਗਾਂਵਾਂ ਲਿਜਾ ਰਹੇ ਪਹਿਲੂ ਖਾਨ ਨੂੰ ਜੈਪੁਰ-ਦਿੱਲੀ ਹਾਈਵੇ 'ਤੇ ਪਿੰਡ ਬਹਿਰੋੜ ਵਿਚ ਬੀਸੀਓਂ ਲੋਕਾਂ ਨੇ ਏਨਾ ਕੁੱਟਿਆ ਸੀ ਕਿ ਉਹ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ ਸੀ। ਪਹਿਲੂ ਖਾਨ ਦੇ ਵਕੀਲ ਕਾਸਿਮ ਖਾਨ ਨੇ ਕਿਹਾ ਕਿ ਪਹਿਲੂ ਖਾਨ ਦਾ ਪਰਵਾਰ ਇਸ ਫੈਸਲੇ ਨੂੰ ਉੱਤਲੀ ਅਦਾਲਤ ਵਿਚ ਚੈਲੰਜ ਕਰੇਗਾ। ਸਰਕਾਰੀ ਵਕੀਲ ਯੋਗੇਂਦਰ ਖਤਾਨਾ ਨੇ ਵੀ ਇਹ ਗੱਲ ਕਹੀ ਹੈ। ਇਹ ਫੈਸਲਾ ਰਾਜਸਥਾਨ ਅਸੰਬਲੀ ਵੱਲੋਂ ਮੌਬ ਲਿੰਚਿੰਗ ਵਿਚ ਵਿਅਕਤੀ ਦੀ ਜਾਨ ਜਾਣ 'ਤੇ ਦੋਸ਼ੀਆਂ ਨੂੰ ਉਮਰ ਕੈਦ ਤੇ ਪੰਜ ਲੱਖ ਰੁਪਏ ਜੁਰਮਾਨੇ ਦਾ ਬਿੱਲ ਪਾਸ ਕਰ ਦੇ 10 ਦਿਨਾਂ ਬਾਅਦ ਆਇਆ ਹੈ।
ਪਹਿਲੂ ਖਾਨ ਦੇ ਬਿਆਨ 'ਤੇ ਪੁਲਸ ਨੇ ਓਮ ਯਾਦਵ, ਹੁਕਮ ਚੰਦ ਯਾਦਵ, ਸੁਧੀਰ ਯਾਦਵ, ਜਗਮਾਲ ਯਾਦਵ, ਨਵੀਨ ਸ਼ਰਮਾ, ਰਾਹੁਲ ਸੈਣੀ ਤੇ 200 ਤੋਂ ਵੱਧ ਨਾਮਾਲੂਮ ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ।
ਕਰਾਈਮ ਬਰਾਂਚ ਦੀ ਜਾਂਚ ਤੋਂ ਬਾਅਦ ਉਪਰੋਕਤ ਛੇਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਅਤੇ ਬਰੀ ਹੋਣ ਵਾਲਿਆਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਇਨ੍ਹਾਂ ਦੀਆਂ 2017 ਦੀ ਜੁਲਾਈ ਤੇ ਸਤੰਬਰ ਵਿਚਾਲੇ ਜ਼ਮਾਨਤਾਂ ਹੋ ਗਈਆਂ ਸਨ। ਪੁਲਸ ਨੇ ਪਹਿਲੂ ਖਾਨ ਤੇ ਉਸ ਦੇ ਪੁੱਤਰਾਂ ਇਰਸ਼ਾਦ (25) ਤੇ ਆਰਿਫ (22) ਖਿਲਾਫ ਵੀ ਗਾਂ ਸਮਗਲਿੰਗ ਦਾ ਕੇਸ ਦਰਜ ਕੀਤਾ ਸੀ, ਜਿਸ ਦੀ ਚਾਰਜਸ਼ੀਟ ਇਸ ਸਾਲ ਮਈ ਵਿਚ ਦਾਖਲ ਕੀਤੀ ਗਈ। ਰੌਲਾ ਪੈਣ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਦੁਬਾਰਾ ਜਾਂਚ ਕਰੇਗੀ।

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper