Latest News
ਭਾਰਤ ਤੇ ਚੀਨ ਨੂੰ ਵਿਕਾਸਸ਼ੀਲ ਦੇਸ਼ ਵਾਲੇ ਫਾਇਦੇ ਨਹੀਂ ਲੈਣ ਦੇਵਾਂਗੇ : ਟਰੰਪ

Published on 14 Aug, 2019 11:53 AM.


ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਐਲਾਨਿਆ ਕਿ ਉਹ ਹੁਣ ਭਾਰਤ ਤੇ ਚੀਨ ਨੂੰ ਵਿਕਾਸਸ਼ੀਲ ਦੇਸ਼ ਹੋਣ ਦਾ ਫਾਇਦਾ ਨਹੀਂ ਲੈਣ ਦੇਣਗੇ। ਭਾਰਤ ਤੇ ਚੀਨ ਵਿਕਾਸਸ਼ੀਲ ਦੇਸ਼ਾਂ ਵਾਲੀ ਫੀਤੀ ਨਾਲ ਵਰਲਡ ਟਰੇਡ ਆਰਗੇਨਾਈਜ਼ੇਸ਼ਨ (ਡਬਲਿਊ ਟੀ ਓ) ਤੋਂ ਫਾਇਦਾ ਉਠਾ ਰਹੇ ਹਨ। ਕਈ ਸਾਲ ਤੋਂ ਇੰਜ ਚੱਲ ਰਿਹਾ ਹੈ, ਅਮਰੀਕਾ ਹੁਣ ਹੋਰ ਇੰਜ ਨਹੀਂ ਚੱਲਣ ਦੇਵੇਗਾ।
ਡਬਲਿਊ ਟੀ ਓ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚਾਲੇ ਕੌਮਾਂਤਰੀ ਵਪਾਰ ਨੂੰ ਕੰਟਰੋਲ ਕਰਦੀ ਹੈ। ਟਰੰਪ ਨੇ ਕਿਹਾ ਕਿ ਡਬਲਿਊ ਟੀ ਓ ਨੂੰ ਲਗਦਾ ਹੈ ਕਿ ਭਾਰਤ ਤੇ ਚੀਨ ਵਿਕਾਸਸ਼ੀਲ ਦੇਸ਼ ਹਨ, ਪਰ ਹੁਣ ਉਹ ਵਿਕਾਸਸ਼ੀਲ ਨਹੀਂ ਹਨ। ਜੁਲਾਈ ਵਿਚ ਟਰੰਪ ਨੇ ਡਬਲਿਊ ਟੀ ਓ ਤੋਂ ਪੁੱਛਿਆ ਸੀ ਕਿ ਉਹ ਕਿਸੇ ਦੇਸ਼ ਨੂੰ ਕਿਸ ਆਧਾਰ 'ਤੇ ਵਿਕਾਸਸ਼ੀਲ ਦੇਸ਼ ਦੀ ਫੀਤੀ ਲਾਉਂਦੀ ਹੈ। ਅਮਰੀਕਾ ਕੁਝ ਸਮੇਂ ਤੋਂ ਭਾਰਤ ਦਾ ਵਿਕਾਸਸ਼ੀਲ ਦੇਸ਼ ਦਾ ਦਰਜਾ ਖਤਮ ਕਰਨ ਵਿਚ ਲੱਗਿਆ ਹੋਇਆ ਹੈ। ਚੀਨ ਨਾਲ ਵਪਾਰਕ ਜੰਗ ਦੇ ਨਾਲ-ਨਾਲ ਭਾਰਤ ਵੀ ਉਸ ਦੇ ਨਿਸ਼ਾਨੇ 'ਤੇ ਹੈ। ਉਂਜ ਤਾਂ ਅਮਰੀਕਾ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਆਪਣਾ ਸਹਿਯੋਗੀ ਦੱਸਦਾ ਰਿਹਾ ਹੈ, ਪਰ ਟਰੰਪ ਪ੍ਰਸ਼ਾਸਨ ਨੇ ਪਿੱਛੇ ਜਿਹੇ ਕੁਝ ਅਜਿਹੇ ਫੈਸਲੇ ਲਏ ਹਨ, ਜਿਹੜੇ ਭਾਰਤੀ ਅਰਥ ਵਿਵਸਥਾ ਦੀਆਂ ਚੁਣੌਤੀਆਂ ਨੂੰ ਹੋਰ ਵਧਾਉਣ ਵਾਲੇ ਹਨ। ਪਹਿਲਾਂ ਅਮਰੀਕਾ ਨੇ ਈਰਾਨ ਤੋਂ ਕੱਚੇ ਤੇਲ ਦੀ ਖਰੀਦ 'ਤੇ ਪਾਬੰਦੀ ਲਾਈ ਤੇ ਹੁਣ ਭਾਰਤ ਦਾ ਵਿਕਾਸਸ਼ੀਲ ਦੇਸ਼ ਦਾ ਦਰਜਾ ਖਤਮ ਕਰਾਉਣ ਲਈ ਸਰਗਰਮ ਹੋ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਈਰਾਨ ਤੋਂ ਤੇਲ ਖਰੀਦ ਬੰਦ ਹੋਣ ਨਾਲ ਭਾਰਤ ਲਈ ਚੁਣੌਤੀ ਹੋਰ ਵਧ ਗਈ ਹੈ। ਤੇਲ ਖਰੀਦ 'ਤੇ ਪਾਬੰਦੀ ਤੋਂ ਬਾਅਦ ਅਮਰੀਕਾ ਨੇ ਵਪਾਰ ਵਿਚ ਆਮ ਤਰਜੀਹੀ ਵਿਵਸਥਾ ਖਤਮ ਕਰ ਦਿੱਤੀ, ਜਿਸ ਤਹਿਤ ਅਮਰੀਕਾ ਵਿਚ ਵਿਕਾਸਸ਼ੀਲ ਦੇਸ਼ਾਂ ਦੀਆਂ ਕਰੀਬ ਦੋ ਹਜ਼ਾਰ ਚੀਜ਼ਾਂ ਡਿਊਟੀ-ਫਰੀ ਭੇਜੀਆਂ ਤੇ ਵੇਚੀਆਂ ਜਾ ਰਹੀਆਂ ਸਨ। ਹੁਣ ਕੋਈ ਵੀ ਦੇਸ਼ ਅਜਿਹਾ ਨਹੀਂ ਕਰ ਸਕਦਾ। ਇਸ ਨਾਲ ਭਾਰਤ ਦੇ ਵਪਾਰ 'ਤੇ ਨਾਂਹ-ਪੱਖੀ ਅਸਰ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਭਾਰਤੀ ਵਣਜ ਮੰਤਰਾਲੇ ਦਾ ਕਹਿਣਾ ਹੈ ਕਿ ਦੋ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਅਮਰੀਕੀ ਫੈਸਲੇ ਵਿਚ ਵੀ ਬਿਹਤਰੀ ਦੇ ਰਾਹ ਖੁੱਲ੍ਹ ਸਕਦੇ ਹਨ।

396 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper