Latest News
ਪਹਿਲਾਂ ਪ੍ਰਮਾਣੂ ਹਥਿਆਰ ਨਾ ਵਰਤਣ ਦੀ ਨੀਤੀ ਭਵਿੱਖੀ ਹਾਲਤਾਂ 'ਤੇ ਨਿਰਭਰ : ਰਾਜਨਾਥ ਸਿੰਘ

Published on 16 Aug, 2019 11:25 AM.


ਪੋਖਰਨ (ਜੈਸਲਮੇਰ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਇਸ ਵੇਲੇ ਦੇਸ਼ ਦੀ ਐਟਮੀ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਹੈ ਪਰ ਭੱਵਿਖ ਵਿਚ ਕੀ ਹੋਵੇਗਾ, ਇਹ ਹਾਲਤਾਂ 'ਤੇ ਨਿਰਭਰ ਕਰੇਗਾ। ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ 'ਤੇ ਉਨ੍ਹਾ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਪੋਖਰਨ ਪੁੱਜੇ ਰਾਜਨਾਥ ਸਿੰਘ ਨੇ ਕਿਹਾ, ''ਭਾਰਤ ਇਕ ਜ਼ਿੰਮੇਦਾਰ ਪ੍ਰਮਾਣੂ ਰਾਜ ਦਾ ਦਰਜਾ ਰੱਖਦਾ ਹੈ ਅਤੇ ਹਰ ਨਾਗਰਿਕ ਲਈ ਇਹ ਕੌਮੀ ਮਾਣ ਵਾਲੀ ਗੱਲ ਹੈ। ਇਹ ਮਾਣ ਅਟੱਲ ਜੀ ਦੀ ਬਦੌਲਤ ਮਿਲਿਆ ਹੈ ਤੇ ਦੇਸ਼ਵਾਸੀ ਸਦਾ ਇਸ ਲਈ ਉਨ੍ਹਾ ਦੇ ਰਿਣੀ ਰਹਿਣਗੇ।''
ਰਾਜਨਾਥ ਸਿੰਘ ਇੰਟਰਨੈਸ਼ਨਲ ਆਰਮੀ ਸਕਾਊਟ ਮਾਸਟਰਜ਼ ਮੁਕਾਬਲੇ ਦੇ ਸਮਾਪਤੀ ਸਮਾਰੋਹ ਵਿਚ ਹਿੱਸਾ ਲੈਣ ਲਈ ਪਹਿਲਾਂ ਜੈਸਲਮੇਰ ਪੁੱਜੇ ਤੇ ਫਿਰ ਪੋਖਰਨ ਗਏ। ਭਾਰਤ ਦੀ ਨੀਤੀ ਹੈ ਕਿ ਉਹ ਕਿਸੇ ਵੀ ਦੇਸ਼ ਉੱਪਰ ਪ੍ਰਮਾਣੂ ਹਮਲਾ ਉਦੋਂ ਤਕ ਨਹੀਂ ਕਰੇਗਾ ਜਦ ਤਕ ਕਿ ਉਹ ਦੇਸ਼ ਭਾਰਤ ਉੱਪਰ ਨਹੀਂ ਕਰ ਦਿੰਦਾ। ਭਾਰਤ ਨੇ 1998 ਵਿਚ ਦੂਜੇ ਪ੍ਰਮਾਣੂ ਤਜਰਬੇ ਦੇ ਬਾਅਦ ਇਸ ਸਿਧਾਂਤ ਨੂੰ ਅਪਨਾਇਆ ਸੀ। ਰਾਜਨਾਥ ਸਿੰਘ ਦੇ ਤਾਜ਼ਾ ਬਿਆਨ ਤੋਂ ਲੱਗਦਾ ਹੈ ਕਿ ਇਸ ਨੀਤੀ 'ਤੇ ਨਜ਼ਰਸਾਨੀ ਹੋ ਰਹੀ ਹੈ। ਮਨੋਹਰ ਪਰੀਕਰ ਨੇ ਵੀ ਰੱਖਿਆ ਮੰਤਰੀ ਹੋਣ ਸਮੇਂ ਕਿਹਾ ਸੀ ਕਿ ਆਪਣੇ ਪੱਤੇ ਖੁਲ੍ਹਣੇ ਰੋਕਣ ਲਈ ਪ੍ਰਮਾਣੂ ਨੀਤੀ ਬਾਰੇ ਪਰਦਾ ਰਹਿਣਾ ਚਾਹੀਦਾ ਹੈ। ਉਸ ਸਮੇਂ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਪਰੀਕਰ ਨੇ ਨਿਜੀ ਹੈਸੀਅਤ ਵਿਚ ਇਹ ਬਿਆਨ ਦਿੱਤਾ ਸੀ।

373 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper