Latest News
ਹਿਮਾਚਲ 'ਚ ਤਿੰਨ ਕੁੜੀਆਂ ਸਣੇ 21 ਦੀ ਮੌਤ

Published on 18 Aug, 2019 11:11 AM.


ਸ਼ਿਮਲਾ : ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਕਾਰਨ ਹਿਮਾਚਲ ਵਿਚ 21 ਵਿਅਕਤੀ ਮਾਰੇ ਗਏ ਅਤੇ ਸੜਕਾਂ ਤੇ ਇਮਾਰਤਾਂ ਨੂੰ ਵਿਆਪਕ ਨੁਕਸਾਨ ਪੁੱਜਾ ਹੈ। ਸ਼ਿਮਲਾ ਜ਼ਿਲ੍ਹੇ 'ਚ 8, ਸੋਲਨ ਜ਼ਿਲ੍ਹੇ 'ਚ 5, ਕੁੱਲੂ, ਸਿਰਮੌਰ ਤੇ ਚੰਬਾ ਜ਼ਿਲ੍ਹੇ ਵਿਚ ਦੋ-ਦੋ, ਊਨਾ ਤੇ ਲਹੌਲ ਸਪੀਤੀ ਜ਼ਿਲ੍ਹੇ 'ਚ 1-1 ਮੌਤ ਹੋਈ। ਢਿੱਗਾਂ ਡਿੱਗਣ ਤੇ ਸੜਕਾਂ ਵਹਿਣ ਨਾਲ ਸੈਂਕੜੇ ਲੋਕ ਫਸੇ ਹੋਏ ਹਨ। ਸ਼ਿਮਲਾ ਵਿਚ ਐਤਵਾਰ ਆਰ ਟੀ ਓ ਆਫਿਸ ਨੇੜੇ ਢਿੱਗ ਡਿੱਗਣ ਨਾਲ ਦੋ ਨਾਬਾਲਗ ਕੁੜੀਆਂ ਦੀਆ ਤੇ ਵਿਸ਼ਾਕਾ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਹਰੀ ਦਾਸ ਨੂੰ ਬਚਾਅ ਲਿਆ ਗਿਆ। ਸ਼ਿਮਲਾ ਦੇ ਲੋਅਰ ਸੀਮੇਟਰੀ ਵਿਖੇ ਕਮਰੇ ਵਿਚ ਸੁੱਤੇ ਮਜ਼ਦੂਰਾਂ 'ਤੇ ਕੰਧ ਡਿੱਗਣ ਨਾਲ ਸ਼ਾਹ ਆਲਮ ਦੀ ਮੌਤ ਹੋ ਗਈ ਤੇ 6 ਫੱਟੜ ਹੋ ਗਏ। ਕੰਧ ਡਿੱਗਣ ਨਾਲ 70 ਸਾਲ ਦੇ ਕੰਠ ਸਿੰਘ ਤੇ ਉਸ ਦੀ 8 ਸਾਲ ਦੀ ਪੋਤੀ ਪਲਵੀ ਦੀ ਮੌਤ ਹੋ ਗਈ। ਸਵਾਰਘਾਟ ਵਿਖੇ ਢਿੱਗ ਡਿੱਗਣ ਨਾਲ ਜ਼ੀਰਕਪੁਰ ਦੇ ਅਜਿੰਦਰ ਸਿੰਘ, ਸ਼ਿਮਲਾ ਜ਼ਿਲ੍ਹੇ ਦੇ ਹਟਕੋਟੀ ਵਿਚ ਇਕ ਹੋਰ ਡਰਾਈਵਰ ਦੀ ਮੌਤ ਹੋ ਗਈ। ਬੱਦੀ ਵਿਚ ਕੰਧ ਡਿੱਗਣ ਨਾਲ ਡਾਬਰ ਇੰਡੀਆ ਦੇ ਬਿਹਾਰ ਦੇ ਮੁਲਾਜ਼ਮ ਵਿੱਕੀ (29) ਦੀ ਮੌਤ ਹੋ ਗਈ। ਨਾਰਕੰਡਾ ਵੀ ਦੋ ਨੇਪਾਲੀ ਮਜ਼ਦੂਰ ਮਾਰੇ ਗਏ।
ਸੂਬੇ ਵਿਚ 13 ਸ਼ਾਹਰਾਹਾਂ ਸਮੇਤ 400 ਤੋਂ ਵੱਧ ਸੜਕਾਂ ਢਿੱਗਾਂ ਡਿੱਗਣ ਕਾਰਨ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ 'ਤੇ ਬੰਦ ਹੋ ਗਈਆਂ ਹਨ।
ਸ਼ਿਮਲਾ-ਮੰਡੀ, ਕਾਲਕਾ-ਸ਼ਿਮਲਾ, ਚੰਡੀਗੜ੍ਹ-ਮਨਾਲੀ ਤੇ ਚੰਬਾ-ਪਠਾਨਕੋਟ ਸ਼ਾਹਰਾਹ 'ਤੇ ਆਵਾਜਾਈ ਢਿੱਗਾਂ ਡਿੱਗਣ ਕਾਰਨ ਰੁਕ ਗਈ ਸੀ। ਬਿਆਸ ਦਰਿਆ ਨੇ ਚੰਡੀਗੜ੍ਹ-ਮਨਾਲੀ ਸ਼ਾਹਰਾਹ 'ਤੇ ਦਵਾੜਾ ਨੇੜੇ ਸੜਕ ਤੋੜ ਦਿੱਤੀ। ਕੁੱਲੂ ਨੇੜੇ ਬੈਲੀ ਪੁਲ ਵਹਿ ਗਿਆ। ਸਮੁੱਚੇ ਕਾਂਗੜਾ ਜ਼ਿਲ੍ਹੇ ਵਿਚ ਸ਼ਨੀਵਾਰ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ। ਮੌਸਮ ਵਿਭਾਗ ਨੇ ਸੋਮਵਾਰ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਚਾਰ-ਪੰਜ ਥਾਈਂ ਢਿੱਗਾਂ ਡਿੱਗਣ ਨਾਲ ਸ਼ਿਮਲਾ ਤੇ ਕਾਲਕਾ ਵਿਚਾਲੇ ਰੇਲ ਸੇਵਾ ਵੀ ਐਤਵਾਰ ਬੰਦ ਹੋ ਗਈ। ਬਿਆਸ ਤੇ ਸਤਲੁਜ ਵਿਚ ਪਾਣੀ ਦਾ ਪੱਧਰ ਬਹੁਤ ਵੱਧ ਹੋਣ ਕਾਰਨ ਪੰਡੋਹ ਤੇ ਨਾਥਪਾ ਝਾਖੜੀ ਡੈਮਾਂ ਦੇ ਗੇਟ ਖੋਲ੍ਹ ਦਿੱਤੇ ਗਏ ਸਨ। ਗਾਰ ਵਧਣ ਕਾਰਨ ਨਾਥਪਾ ਝਾਖੜੀ ਵਿਚ ਬਿਜਲੀ ਉਤਪਾਦਨ ਬੰਦ ਕਰਨਾ ਪਿਆ ਹੈ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper