Latest News
ਦਰਿਆ ਹੋਰ ਚੜ੍ਹੇ : ਕਈ ਪਿੰਡ ਡੁੱਬੇ, ਕਈਆਂ ਨੂੰ ਖਤਰਾ

Published on 18 Aug, 2019 11:13 AM.


ਜਲੰਧਰ/ਫਿਲੌਰ/ਸ਼ਾਹਕੋਟ/ਰੋਪੜ/ਖੰਨਾ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ/ਨਿਰਮਲ/ਗਿਆਨ ਸੈਦਪੁਰੀ/ਗੁਰਮੀਤ ਸਿੰਘ ਖੰਗੂੜਾ/ਸੁਖਵਿੰਦਰ ਸਿੰਘ ਭਾਦਲਾ)
ਸਤਲੁਜ ਦਰਿਆ ਤੇ ਉਸ ਦੀਆਂ ਸਹਾਇਕ ਨਦੀਆਂ ਵਿਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਰੋਪੜ ਜ਼ਿਲ੍ਹੇ ਦੇ ਕਈ ਨੀਵੇਂ ਪਿੰਡਾਂ ਵਿਚ ਪਾਣੀ ਵੜ ਗਿਆ ਹੈ, ਜਦਕਿ ਜਲੰਧਰ ਜ਼ਿਲ੍ਹੇ 'ਚ ਲੱਗਭੱਗ ਸੱਤ ਦਰਜਨਾਂ ਨੀਵੇਂ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਂਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਜਲੰਧਰ ਪ੍ਰਸ਼ਾਸਨ ਨੇ ਫੌਜ ਤੇ ਐੱਨ ਡੀ ਆਰ ਐੱਫ ਨਾਲ ਸੰਪਰਕ ਬਣਾਇਆ ਹੋਇਆ ਸੀ। ਹਿਮਾਚਲ ਵਿਚ ਭਾਰੀ ਮੀਂਹ ਕਾਰਨ ਭਾਖੜਾ ਡੈਮ ਤੋਂ ਹੋਰ ਪਾਣੀ ਛੱਡਿਆ ਜਾ ਰਿਹਾ ਸੀ। ਰੋਪੜ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਸੀ, ਕਿਉਂਕਿ ਸਵਾਂ, ਸਰਸਾ ਤੇ ਬੁਧਕੀ ਨਦੀਆਂ ਦਾ ਪਾਣੀ ਤੇਜ਼ੀ ਨਾਲ ਸਤਲੁਜ ਦਰਿਆ ਵਿਚ ਡਿੱਗ ਰਿਹਾ ਸੀ। ਰੋਪੜ ਦੇ ਮਨਸਾਲੀ ਬੰਨ੍ਹ ਵਿਚ ਪਾੜ ਪੈਣ ਨਾਲ ਪਿੰਡ ਥਾਲੀ ਕਲਾਂ, ਚੱਕ ਕਰਮਾ, ਲੋਹਗੜ੍ਹ ਫਿੱਡੇ, ਨੂੰਹੋਂ ਕਾਲੋਨੀ ਤੇ ਦਬੁਰਜੀ ਵਿਚ ਪਾਣੀ ਦਾਖਲ ਹੋ ਗਿਆ। ਪਿੰਡ ਸੁਰਤਾਪੁਰ ਕੋਲ ਬੁਧਕੀ ਨਦੀ ਵਿਚ ਪਾੜ ਪੈਣ ਨਾਲ ਪਾਣੀ ਲਿੰਕ ਰੋਡ 'ਤੇ ਆ ਗਿਆ। ਆਨੰਦਪੁਰ ਸਾਹਿਬ ਦੇ ਕਈ ਪਿੰਡ ਵੀ ਮੀਂਹ ਤੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਸਨ।
ਖੰਨਾ ਨੇੜੇ ਪਿੰਡ ਹੋਲ ਵਿਚ ਸ਼ਨੀਵਾਰ ਮੀਂਹ ਨਾਲ ਘਰ ਦੀ ਛੱਤ ਡਿੱਗਣ ਨਾਲ ਸੁਰਜੀਤ ਸਿੰਘ (40), ਉਸ ਦੀ ਪਤਨੀ ਬਲਵਿੰਦਰ ਕੌਰ (37) ਤੇ ਪੁੱਤਰ ਗੁਰਪ੍ਰੀਤ ਸਿੰਘ (8) ਦੀ ਮੌਤ ਹੋ ਗਈ। 10 ਸਾਲ ਦੀ ਧੀ ਸਿਮਰਨਜੀਤ ਕੌਰ ਨੂੰ ਬਚਾਅ ਲਿਆ ਗਿਆ। ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਰੋਟੀ ਖਾ ਰਹੇ ਸਨ ਕਿ ਛੱਤ ਦਾ ਇਕ ਹਿੱਸਾ ਡਿੱਗ ਪਿਆ। ਮੁੱਖ ਦਰਵਾਜ਼ੇ ਨੂੰ ਜਿੰਦਾ ਲੱਗਾ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ। ਨੂਰਪੁਰ ਬੇਦੀ ਇਲਾਕੇ ਦੇ ਖੇਤਾਂ ਵਿਚ ਪਾਣੀ ਫਿਰ ਗਿਆ। ਇਕ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਮੋਹਾਲੀ ਦੇ ਛੋਟੀ ਬੜੀ ਨੱਗਲ ਵਿਚ ਡੈਮ ਨੂੰ ਨੁਕਸਾਨ ਪੁੱਜਾ ਹੈ। ਪਠਾਨਕੋਟ, ਰੋਪੜ, ਆਨੰਦਪੁਰ ਸਾਹਿਬ, ਨਵਾਂ ਸ਼ਹਿਰ ਤੇ ਫਤਿਹਗੜ੍ਹ ਸਾਹਿਬ ਵਿਚ ਹੜ੍ਹ ਦੀਆਂ ਰਿਪੋਰਟਾਂ ਸਨ।
ਰੋਪੜ ਹੈੱਡ ਵਰਕਸ ਤੋਂ 2,23,746 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਐੱਸ ਡੀ ਐੱਮਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਜ਼ਿਲ੍ਹੇ ਦੇ 81 ਨੀਵੇਂ ਇਲਾਕੇ ਅਤੇ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ। ਡਿਪਟੀ ਕਮਿਸ਼ਨਰ ਨੇ ਸਬ-ਡਵੀਜ਼ਨਲ ਮੈਜਿਸਟ੍ਰੇਟ ਨੂੰ ਜਿਨ੍ਹਾਂ ਪਿੰਡਾਂ ਨੂੰ ਖਾਲੀ ਕਰਾਉਣ ਲਈ ਕਿਹਾ ਹੈ, ਉਨ੍ਹਾਂ ਵਿੱਚੋਂ 63 ਸ਼ਾਹਕੋਟ ਸਬ-ਡਵੀਜ਼ਨ ਦੇ, 13 ਫਿਲੌਰ ਦੇ ਤੇ ਪੰਜ ਨਕੋਦਰ ਸਬ-ਡਵੀਜ਼ਨ ਦੇ ਹਨ। ਇਨ੍ਹਾਂ ਪਿੰਡਾਂ ਵਿਚ ਸ਼ਾਹਕੋਟ ਸਬ-ਡਵੀਜ਼ਨ ਦੇ ਰਾਮੇ, ਤੇਹਰਪੁਰ, ਚੱਕ ਬਾਹਮਣੀਆਂ, ਰਾਜਾਵਾਲੀ, ਜਨੀਆਂ, ਚੱਕ ਵਡਾਲਾ, ਗੱਟਾ ਮੁੰਡੀ ਕਾਸੂ, ਮੰਡੀ ਸ਼ੇਰੀਆਂ, ਸੰਡ, ਫਕਰੂਵਾਲ, ਭੋਏਪੁਰ, ਬਾਜਵਾ ਖੁਰਦ, ਅਲਦਾਲਪੁਰ, ਤਲਵੰਡੀ ਬੂਟੀਆਂ, ਨਵਾਂ ਪਿੰਡ ਖਲੇਵਾਲ, ਰੋਹੜੂ, ਕਮਾਲਪੁਰ, ਜਤੌਰ ਕਲਾਂ, ਚੱਕ ਗੱਡੀਆਂਪੁਰ, ਭਗਵਾਨ, ਗੱਟੀ ਰਾਏਪੁਰ, ਜਾਨੀਆਂ, ਚਾਹਲ, ਮਹਾਰਾਜਵਾਲਾ, ਮੁੰਡੀ ਚੋਲੀਆਂ, ਕੋਠਾ, ਰੌਂਤ ਬੱਗਾ, ਫਜ਼ਲਵਾਲਾ, ਸੰਢਾਂਵਾਲ, ਲੌਂਗੋਵਾਲ, ਸਹਿਲਪੁਰ, ਬੁੱਢਾ ਵਾਲਾ, ਬਾਜਵਾ ਕਲਾਂ, ਸਾਰੰਗਵਾਲ, ਕਿੱਲੀ, ਸੰਗਤਪੁਰ, ਤੇਹਾਰਪੁਰ, ਪੱਤੋ ਕਲਾਂ, ਪੱਤੋ ਖੁਰਦ, ਕੋਹਾਰ ਖੁਰਦ, ਜਾਫਰਵਾਲ, ਮਾਣਕਪੁਰ, ਕੱਕੜ ਕਲਾਂ, ਕੱਕੜ ਖੁਰਦ, ਕੋਟਲੀ ਕੰਬੋਆਂ, ਹੇਰਾਂ, ਮੋਬਰੀਵਾਲ, ਰਾਏਪੁਰ, ਗੱਟੀ ਪੀਰਬਕਸ਼, ਕੰਗ ਖੁਰਦ, ਥੇਹ ਖੁਸ਼ਹਾਲਗੜ੍ਹ, ਜਲਾਲਪੁਰ ਖੁਰਦ, ਗਿੱਦੜਪਿੰਡੀ, ਦਰੇਵਾਲ, ਕੁਤਬੇਵਾਲ, ਮੰਡਾਲਾ ਛੰਨਾ, ਹੋਠੀਆਂ, ਦਾਨੇਵਾਲ, ਬਾਊਪੁਰ, ਲੋਹਗੜ੍ਹ ਤੇ ਮਨੋਮੱਛੀ ਸ਼ਾਮਲ ਹਨ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਫਿਲੌਰ ਦੇ ਨੀਵੇਂ ਇਲਾਕੇ, ਜਿਨ੍ਹਾਂ ਵਿਚ ਅਚਾਣਚੱਕ, ਛੋਲੇ ਬਾਜ਼ਾਰ, ਕਾਦੀਆਂ, ਗੰਨਾ ਪਿੰਡ, ਮਾਉਵਾਲ, ਮੌ ਸਾਹਿਬ, ਖੈਰਾ ਬੇਟ, ਲਸਾੜਾ, ਰਾਏਪੁਰ ਆਰੀਆ, ਸੇਲਕੀਆਣਾ, ਝੰਡੀਪੀਰ, ਭੋਲੇਵਾਲ, ਭੋਡਾ ਅਤੇ ਨਕੋਦਰ ਦੇ ਭੂਟੇ ਦਾ ਛੰਨਾ, ਮਾਦੇਪੁਰ, ਸੰਗੋਵਾਲ, ਗਾਦਰਾ ਬੋਦਾ ਅਤੇ ਨੱਕੀਆਂ ਨੂੰ ਜਲਦ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾ ਕਿਹਾ ਕਿ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਨੀਵੇਂ ਇਲਾਕਿਆਂ ਤੋਂ ਲੋਕਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਸ਼ਾਮ ਤੱਕ ਪਾਣੀ ਜਲੰਧਰ ਜ਼ਿਲ੍ਹੇ ਪਹੁੰਚਣ ਦੀ ਸੰਭਾਵਨਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਸ਼ਾਹਕੋਟ, ਨਕੋਦਰ ਅਤੇ ਫਿਲੌਰ ਨੂੰ ਹਾਈ ਅਲਰਟ 'ਤੇ ਰਹਿਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਅਫਸਰਾਂ ਨੂੰ ਨੀਵੇਂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਵੀ ਕਿਹਾ ਗਿਆ ਹੈ। ਉਨਾਂ ਕਿਹਾ ਕਿ ਐੱਸ ਡੀ ਐੱਮਜ਼ ਵੱਲੋਂ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ 'ਤੇ ਲੋਕਾਂ ਨੂੰ ਪਹੁੰਚਾਉਣ ਲਈ ਪਹਿਲਾਂ ਹੀ ਜ਼ਿਲ੍ਹੇ ਵਿਚ ਸੁਰੱਖਿਅਤ ਥਾਵਾਂ ਦੀ ਪਹਿਚਾਣ ਕਰ ਲਈ ਗਈ ਹੈ।
ਉਹਨਾ ਕਿਹਾ ਕਿ ਜਾਨਵਰਾਂ ਲਈ ਸੁੱਕੇ ਰਾਸ਼ਨ ਦੇ ਪ੍ਰਬੰਧ ਕਰ ਲਏ ਗਏ ਹਨ, ਲੋੜ ਪੈਣ 'ਤੇ ਮੰਡੀਆਂ ਨੂੰ ਰਾਹਤ ਕੈਂਪਾਂ ਵਿਚ ਤਬਦੀਲ ਕਰ ਲਿਆ ਜਾਵੇਗਾ। ਸਿਹਤ ਵਿਭਾਗ ਨੂੰ ਆਪਣੀਆਂ ਟੀਮਾਂ ਨੂੰ ਤਿਆਰ ਰਹਿਣ ਅਤੇ ਪਾਵਰਕਾਮ ਨੂੰ ਰਾਹਤ ਕੈਂਪਾਂ ਵਿਚ ਬਿਜਲੀ ਦੀ ਸਪਲਾਈ ਲਈ ਵੀ ਆਦੇਸ਼ ਦਿੱਤੇ ਗਏ ਹਨ। ਮਦਦ ਦੀ ਘੜੀ ਵਿਚ ਲੋਕਾਂ ਦੀ ਸਹਾਇਤਾ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਹਨਾ ਕਿਹਾ ਕਿ ਜੇਕਰ ਲੋੜ ਪਈ ਤਾਂ ਗੋਤਾਖੋਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫੌਜ, ਐੱਨ ਡੀ ਆਰ ਐੱਫ ਤੇ ਐੱਸ ਡੀ ਆਰ ਐੱਫ ਦੇ ਸੰਪਰਕ ਵਿੱਚ ਹੈ। ਉਨ੍ਹਾ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਭਾਖੜਾ ਡੈਮ, ਸਵਾਂ ਨਦੀ ਅਤੇ ਸਿਰਸਾ ਨਦੀ ਵਿੱਚ ਪਾਣੀ ਵਧਣ ਕਾਰਨ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ, ਜਿਸ ਕਾਰਨ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ, ਜਿਸ ਨੂੰ ਲੈ ਕੇ ਸਥਿਤੀ 'ਤੇ ਨਜ਼ਰ ਰੱਖਣ ਲਈ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਅਜੀਤ ਸਿੰਘ ਐਕਸੀਅਨ ਡਰੇਨਜ਼ ਵਿਭਾਗ, ਅਮਰਜੀਤ ਸਿੰਘ ਐੱਸ.ਡੀ.ਓ., ਸੁਖਵਿੰਦਰ ਸਿੰਘ ਵਾਲੀਆ ਐੱਸ.ਡੀ.ਓ., ਰਜਿੰਦਰ ਸ਼ਰਮਾ ਜੇ.ਈ. ਅਤੇ ਅਮਿਤਪਾਲ ਸਿੰਘ ਜੀ.ਏ. ਸਮੇਤ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਵੇਰ ਸਮੇਂ ਸ਼ਾਹਕੋਟ ਦੇ ਨਜ਼ਦੀਕ ਪਿੰਡ ਦਾਨੇਵਾਲ ਵਿਖੇ ਬੁਰਜੀ ਨੰ: 79 'ਤੇ ਪਾਣੀ ਦੇ ਤੇਜ਼ ਵਹਾਅ ਨੇ ਪੱਥਰਾਂ ਨਾਲ ਬਣੇ ਸਟੱਡ ਅਤੇ ਸਪੱਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਪਿੰਡ ਵਾਸੀ ਕੰਵਲਜੀਤ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ, ਤਜਿੰਦਰ ਸਿੰਘ ਰਾਮਪੁਰ, ਬਚਿੱਤਰ ਸਿੰਘ ਤੱਗੜ, ਕੇਵਲ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਦਰਿਆ ਵਿੱਚ ਰੇਤਾਂ ਦੀਆਂ ਖੱਡਾ ਮਨਜ਼ੂਰ ਹੋਣ ਕਾਰਨ ਭਾਰੀ ਵਾਹਨ ਲੰਘਦੇ ਹਨ, ਜਿਸ ਕਾਰਨ ਬੰਨ੍ਹ ਕਮਜ਼ੋਰ ਹੋ ਗਿਆ ਹੈ ਅਤੇ ਦਰਿਆ ਵਿੱਚ ਪਾਣੀ ਵਧਣ ਕਾਰਨ ਬੰਨ੍ਹ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਐੱਸ.ਡੀ.ਐੱਮ. ਡਾ. ਚਾਰੂਮਿਤਾ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਮੌਕਾ ਦੇਖ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਹਰ ਸਮੇਂ ਮੁਸ਼ਕਲ ਘੜੀ ਵਿੱਚ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡਾ. ਚਾਰੂਮਿਤਾ ਨੇ ਦੱਸਿਆ ਕਿ ਹੁਣ ਤੱਕ ਬੰਨ੍ਹ ਦੀ ਸਥਿਤੀ ਠੀਕ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਖਤਰੇ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਨਜ਼ਦੀਕੀ ਪਿੰਡਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਰਹਿਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਡਰੇਨਜ਼ ਵਿਭਾਗ ਦੇ ਐੱਸ.ਡੀ.ਓ. ਸੁਖਵਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜਿਨ੍ਹਾਂ ਥਾਂਵਾਂ ਤੋਂ ਬੰਨ੍ਹ ਕਮਜ਼ੋਰ ਸੀ, ਉਨ੍ਹਾਂ 'ਤੇ ਪੱਥਰਾਂ ਨਾਲ ਕੰਮ ਕਰਵਾ ਕੇ ਸਟੱਡ ਤੇ ਸਪੱਰ ਬਣਵਾਏ ਗਏ ਸਨ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਦਾਨੇਵਾਲ ਵਿਖੇ ਸਟੱਡ ਅਤੇ ਸਪੱਰ ਨੂੰ ਕੁੱਝ ਨੁਕਸਾਨ ਪੁੱਜਾ ਹੈ, ਜਿਸ ਸੰਬੰਧੀ ਆਰਜ਼ੀ ਤੌਰ 'ਤੇ ਮਿੱਟੀ ਦੀਆਂ ਬੋਰੀਆਂ ਦੇ ਕਰੇਟ ਬਣਾ ਕੇ ਐਮਰਜੈਂਸੀ 'ਚ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਪਾਣੀ ਦਾ ਪੱਧਰ ਘੱਟ ਹੋਣ 'ਤੇ ਪ੍ਰਪੋਜਲ ਬਣਾ ਕੇ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ, ਚਿਮਨ ਸਿੰਘ, ਕੁਲਵਿੰਦਰ ਸਿੰਘ, ਰਵਿੰਦਰਪਾਲ ਸਿੰਘ ਪਟਵਾਰੀ, ਗੁਰਦੀਪ ਸਿੰਘ ਬਾਜਵਾ ਪਟਵਾਰੀ, ਜਸਵਿੰਦਰ ਸਿੰਘ ਪੰਚ, ਸਬ ਇੰਸਪੈਕਟਰ ਭੁਪਿੰਦਰ ਸਿੰਘ, ਏ.ਐੱਸ.ਆਈ. ਦਲਜੀਤ ਸਿੰਘ ਆਦਿ ਹਾਜ਼ਰ ਸਨ।
ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਵਿੱਚ ਹੋ ਰਹੀ ਭਾਰੀ ਬਰਸਾਤ ਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਸਤਲੁਜ ਵਿੱਚ ਬਰਸਾਤੀ ਨਦੀਆਂ ਸਵਾਂ ਅਤੇ ਸਰਸਾ ਦੇ ਪਾਣੀ ਨੇ ਮਿਲ ਕੇ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਹੜ੍ਹਾਂ ਨਾਲ ਬਹੁਤ ਸਾਰੇ ਪਿੰਡ ਬੂਰੀ ਤਰਾਂ ਨਾਲ ਪ੍ਰਭਾਵਿਤ ਹੋਏ ਹਨ। ਜ਼ਿਲ੍ਹੇ 'ਚ ਪਿੰਡਾਂ ਦੇ ਲੋਕਾਂ ਦਾ ਆਮ ਜਨ-ਜੀਵਨ ਅਤੇ ਜਾਨ-ਮਾਲ ਨੂੰ ਖਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਇੱਥੇ ਰੂਪਨਗਰ ਹੈੱਡ ਵਰਕਸ ਵਿਖੇ ਕੰਟਰੋਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਤਲੁਜ 'ਚ ਅੱਜ 268038 ਕਿਊਸਿਕ ਤੱਕ ਪਾਣੀ ਦੀ ਆਮਦ ਦਰਜ ਕੀਤੀ ਗਈ। ਹੜ੍ਹ ਦੇ ਪਾਣੀ ਨੂੰ ਵੇਖਣ ਲਈ ਪੂਰਾ ਦਿਨ ਹੜ੍ਹ ਤੋਂ ਡਰੇ ਲੋਕਾਂ ਦੀ ਰੂਪਨਗਰ ਹੈੱਡ ਵਰਕਸ ਦੇ ਕਿਨਾਰੇ ਭੀੜ ਲੱਗੀ ਰਹੀ। ਸਤਲੁਜ ਦਾ ਠਾਠਾਂ ਮਾਰਦਾ ਪਾਣੀ ਹੈੱਡ ਵਰਕਸ ਦੇ ਪੁਲ ਨੂੰ ਛੂਹ ਰਿਹਾ ਹੈ। ਇੱਥੋਂ ਨਿਕਲਣ ਵਾਲੀਆਂ ਸਰਹੰਦ ਨਹਿਰ ਅਤੇ ਬਿਸਤ ਦੁਆਬਾ ਨਹਿਰਾਂ ਨੂੰ ਪਾਣੀ ਜਾਣਾ ਬੰਦ ਕੀਤਾ ਗਿਆ ਹੈ ਅਤੇ ਹੜ੍ਹ ਦਾ ਪਾਣੀ ਸਤਲੁਜ ਵਿੱਚ ਸਿੱਧਾ ਜਾ ਰਿਹਾ ਹੈ। ਸਤਲੁਜ ਵਿੱਚ ਆਏ ਹੜ੍ਹ ਦੇ ਤੂਫਾਨ ਦੇ ਪਾਣੀ ਨੇ ਇਸ ਦੇ ਕਿਨਾਰੇ ਆਈ ਆਈ ਟੀ ਰੋਡ ਤੇ ਵਸੇ ਪ੍ਰਵਾਸੀਆਂ ਦੀਆਂ ਕੋਈ 200 ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਸੜਕ ਕਿਨਾਰੇ ਖੁੱਲ੍ਹੇ ਮੈਦਾਨ ਵਿੱਚ ਆ ਕੇ ਬੈਠੇ ਹਨ, ਜਦਕਿ ਉਨ੍ਹਾਂ ਦਾ ਬਹੁਤ ਸਾਰਾ ਘਰੇਲੂ ਸਮਾਨ ਹੜ੍ਹ ਦੀ ਭੇਟ ਚੜ੍ਹ ਗਿਆ ਹੈ। ਆਈ ਆਈ ਟੀ ਰੋਡ ਵੀ ਹੜ੍ਹ ਕਾਰਨ ਧੱਸ ਗਈ ਹੈ। ਸਤਲੁਜ ਵਿੱਚ ਆਏ ਹੜ੍ਹ ਦੇ ਤੂਫਾਨ ਕਾਰਨ ਇਸ ਵਿੱਚ ਪੈਣ ਵਾਲੀਆਂ ਬਰਸਾਤੀ ਨਦੀਆਂ ਦਾ ਪਾਣੀ ਸਤਲੁਜ ਵਿੱਚ ਪੈਣਾ ਰੁਕ ਜਾਣ ਕਾਰਨ ਬਰਸਾਤੀ ਨਦੀਆਂ ਬੁਧਕੀ, ਸਧਰਾਓ ਦੇ ਕਿਨਾਰਿਆਂ ਵਿੱਚ ਤਿੰਨ ਥਾਵਾਂ ਤੇ ਕੋਟਲਾ ਨਿਹੰਗ ਟੱਪਰੀਆਂ, ਖੈਰਾਬਾਦ, ਬੁਢਾ ਭਿਊਰਾ, ਸੁਰਤਾਪੁਰ ਮੰਡ ਅਤੇ ਫੂਲ ਲਾਗੇ ਪਾੜ ਪੈ ਗਏ ਹਨ, ਜਿਸ ਕਾਰਨ ਇਸ ਦੇ ਪਾਣੀ ਨੇ ਆਬਾਦੀਆਂ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਲੋਕਾਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਵੜ ਗਿਆ ਹੈ। ਭਾਰੀ ਬਰਸਾਤ ਕਰਨ ਰੂਪਨਗਰ ਸ਼ਹਿਰ ਦੇ ਨੀਵੇਂ ਇਲਾਕੇ ਵੀ ਜਲ-ਥਲ ਹੋ ਗਏ ਹਨ। ਨਗਰ ਕੌਂਸਲ ਦੇ ਦਫਤਰ ਲਾਗੇ ਸਰਹੰਦ ਨਹਿਰ ਦੇ ਕਿਨਾਰੇ ਦੀ ਬਾਊਂਡਰੀ ਵਾਲ ਡਿੱਗ ਗਈ ਹੈ। ਹੜ੍ਹ ਪ੍ਰਭਾਵਤ ਲੋਕਾਂ ਨੇ ਦੋਸ਼ ਲਾਏ ਹਨ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਉਹ ਨਦੀਆਂ ਵਿੱਚ ਪਏ ਪਾੜਾਂ ਤੋਂ ਬਚਾਅ ਲਈ ਮਿਲ ਕੇ ਖੁਦ ਹਿੰਮਤ ਜੁਟਾ ਰਹੇ ਹਨ। ਇਸ ਦੌਰਾਨ ਮਿਲੀ ਸੂਚਨਾ ਅਨੁਸਾਰ ਸਰਹੰਦ-ਨੰਗਲ ਲਾਈਨ 'ਤੇ ਰੇਲ ਸੇਵਾ ਵੀ ਬੰਦ ਹੋਣ ਦਾ ਸਮਾਚਾਰ ਹੈ।
ਇਸ ਹੜ੍ਹ ਨੇ ਲੋਕਾਂ ਨੂੰ ਰੂਪਨਗਰ ਜ਼ਿਲ੍ਹੇ 'ਚ ਸਾਲ 1988 ਅਤੇ 1993 ਦੀ ਆਏ ਹੜ੍ਹਾਂ ਦੀ ਮਾਰ ਚੇਤੇ ਕਰਵਾ ਦਿੱਤੀ ਹੈ। ਘਨੌਲੀ ਦੇ ਕੋਲ ਪੈਂਦੇ ਪਿੰਡ ਰਣਜੀਤਪੁਰਾ ਵਿਖੇ ਸਤਲੁਜ ਦਰਿਆ ਦੇ ਪਾਣੀ ਭਰਨ ਨਾਲ ਹੜ੍ਹ ਆਉਣ ਨਾਲ ਪ੍ਰਸ਼ਾਸਨ ਵਲੋਂ ਲੋਕਾਂ ਦੀ ਮਦਦ ਨਾਲ ਲੋਕਾਂ ਨੂੰ ਕਿਸ਼ਤੀਆਂ, ਗੱਡੀਆਂ ਰਾਹੀਂ ਬਾਹਰ ਕੱਢਿਆ ਗਿਆ, ਜਿਸ ਨਾਲ ਘਰੇਲੂ ਸਾਮਾਨ ਦੇ ਨਾਲ ਅਨਾਜ ਵੀ ਖਰਾਬ ਹੋ ਗਿਆ। ਪਿੰਡ ਖੈਰਾਬਾਦ ਕੋਲ ਪੈਂਦੀ ਨਦੀ ਦਾ ਬੰਨ੍ਹ ਟੁੱਟਣ ਨਾਲ ਪਿੰਡ ਫੂਲ, ਖੈਰਾਬਾਦ ਵਿਖੇ ਪੰਜ ਫੁੱਟ ਤੱਕ ਪਾਣੀ ਭਰ ਗਿਆ ਅਤੇ ਲੋਕ ਛੱਤਾਂ 'ਤੇ ਚੜ੍ਹ ਗਏ ਅਤੇ ਐੱਨ ਡੀ ਆਰ ਟੀਮਾਂ ਨੇ ਆ ਕੇ ਲੋਕਾਂ ਦੀ ਜਾਨ ਬਚਾਈ। ਇਸ ਤੋਂ ਇਲਾਵਾ ਆਈ ਆਈ ਟੀ ਰੋਡ ਦੇ ਕੋਲ ਸਤਲੁਜ ਦਰਿਆ ਕਿਨਾਰੇ ਝੁੱਗੀਆਂ ਪਾਣੀ 'ਚ ਡੁੱਬਣ ਨਾਲ ਲੋਕ ਸੜਕਾਂ 'ਤੇ ਆ ਗਏ ਹਨ ਅਤੇ ਗਰੀਬ ਲੋਕਾਂ ਨੇ ਰੂਪਨਗਰ ਬਾਈਪਾਸ ਦੇ ਪੁਲਾਂ ਦੇ ਥੱਲੇ ਡੇਰਾ ਲਗਾ ਲਿਆ ਹੈ। ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਉਧਰ ਪਿੰਡ ਕੋਟਲਾ ਨਿਹੰਗ ਟੱਪਰੀਆਂ ਦੇ ਕੋਲੋਂ ਲੰਘਦੀ ਸਧਰਾਵ ਨਦੀ ਦਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਬੜੀ ਹਿੰਮਤ ਨਾਲ ਬੰਨ੍ਹ ਨੂੰ ਹੋਰ ਟੁੱਟਣ ਤੋਂ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਲਗਾਈਆਂ ਗਈਆਂ।
ਪਿੰਡ ਕੋਟਲਾ ਨਿਹੰਗ ਦੇ ਨਿਵਾਸੀ ਹਰਨੇਕ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾ ਦੀ ਸਾਰ ਨਹੀਂ ਲਈ ਹੈ ਅਤੇ ਨਦੀ ਦੇ ਪਾਣੀ ਨਾਲ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਪਿੰਡ ਭਿਓਰਾ ਦੇ ਕੋਲ ਨਦੀ ਟੁੱਟਣ ਨਾਲ ਵੀ ਨੁਕਸਾਨ ਹੋਇਆ ਹੈ। ਡੀ ਸੀ ਡਾ. ਸੁਮੀਤ ਜਾਰੰਗਲ, ਐੱਸ ਡੀ ਐੱਮ ਹਰਜੋਤ ਕੌਰ ਨੇ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੁਰਤਾਪੁਰ ਮੰਡ ਦੇ ਕੋਲ ਪੈਂਦੇ ਸਤਲੁਜ ਦਰਿਆ ਦੇ ਕੋਲ ਬੰਨ੍ਹ ਟੱਟਣ 'ਤੇ ਸਮਾਜ ਸੇਵੀ ਸੁਖਦੇਵ ਸਿੰਘ ਸੁਰਤਪੁਰੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਅਗਾਮੀ ਪ੍ਰਬੰਧ ਨਾ ਕੀਤੇ ਜਾਣ ਕਰਕੇ ਅੱਜ ਇਹ ਹਾਲਾਤ ਬਣੇ ਹਨ ਅਤੇ ਪ੍ਰਸ਼ਾਸਨ ਹੜ੍ਹਾਂ ਤੋਂ ਬਚਾਉਣ ਲਈ ਫੇਲ੍ਹ ਹੋਇਆ ਹੈ।
ਉਧਰ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਤਲੁਜ ਦੇ ਕੰਡਿਆਂ ਤੇ ਰਹਿੰਦੇ ਲੋਕਾਂ ਨੂੰ ਸੁਚੇਤ ਕੀਤਾ ਹੈ। ਜ਼ਿਲ੍ਹੇ ਵਿਚ ਬਣਾਏ ਫਲੱਡ ਕੰਟਰੋਲ ਰੂਮ 24 ਘੰਟੇ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਹਰ ਤਰਾਂ ਦੀ ਅਗਾਊਂ ਸੂਚਨਾ ਦੇਣ ਦੇ ਪ੍ਰਬੰਧ ਕੀਤੇ ਹੋਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ਆਮ ਜਨ-ਜੀਵਨ ਬਹਾਲ ਰੱਖਣ ਅਤੇ ਜਾਨ-ਮਾਲ ਦੀ ਰੱਖਿਆ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਇਸ ਦੇ ਲਈ ਇਸ ਖੇਤਰ ਨੂੰ 5 ਕਲੱਸਟਰਾਂ ਵਿੱਚ ਵੰਡ ਕੇ ਮੋਟਰਬੋਟ ਅਤੇ ਜੇ ਸੀ ਬੀ ਮਸ਼ੀਨਾਂ ਦੇ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਹਰ ਤਰ੍ਹਾਂ ਦੀਆਂ ਸੰਬੰਧਤ ਏਜੰਸੀਆਂ ਨਾਲ ਪੂਰਾ ਤਾਲਮੇਲ ਸਥਾਪਤ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਸਥਿਤੀ ਨਾਲ ਨਿਪਟਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਵਿਸੇਸ਼ ਮੀਟਿੰਗ ਵੀ ਕੀਤੀ। ਉਹਨਾਂ ਦੱਸਿਆ ਕਿ ਪ੍ਰਸਾਸ਼ਨ ਵਲੋਂ ਮੋਟਰ ਬੋਟ ਅਤੇ ਹੋਰ ਸਾਧਨਾਂ ਰਾਹੀਂ ਪੂਰੇ ਖੇਤਰ 'ਤੇ ਨਜਰ ਰੱਖੀ ਜਾ ਰਹੀ ਹੈ। ਲੋਕਾਂ ਨੂੰ ਖਾਸ ਤੌਰ 'ਤੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆ ਨੂੰ ਲੋੜ ਪੈਣ 'ਤੇ ਸੁਰੱਖਿਅਤ ਥਾਵਾਂ ਉਤੇ ਲੈ ਕੇ ਜਾਣ ਦੇ ਪ੍ਰਬੰਧ ਕੀਤੇ ਹੋਏ ਹਨ।
ਲੋੜ ਪੈਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਨ ਡੀ ਆਰ ਅੱੈਸ ਵੱਲੋਂ ਹਰ ਸਥਿਤੀ ਨਾਲ ਨਜਿੱਠਣ ਲਈ ਪ੍ਰਸਾਸ਼ਨ ਪੂਰੀ ਤਰ੍ਹਾਂ ਤਿਆਰ ਹੈ। ਉਹਨਾ ਕਿਹਾ ਕਿ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਆਪਣੇ ਪੱਧਰ 'ਤੇ ਵੀ ਇਸ ਸਥਿਤੀ ਵਿੱਚ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਘਬਰਾਉਣ ਦੀ ਜਰੂਰਤ ਨਹੀਂ, ਸਗੋਂ ਲੋੜ ਪੈਣ 'ਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਕੰਟਰੋਲਰ ਰੂਮ ਦੇ ਨੰਬਰ 01881-221157 'ਤੇ ਸੰਪਰਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਲੋਕ ਇਸ ਸਥਿਤੀ ਵਿੱਚ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ, ਤਾਂ ਜੋ ਕੁਦਰਤੀ ਤੌਰ 'ਤੇ ਪੈਦਾ ਹੋਈ ਇਸ ਸਥਿਤੀ ਨਾਲ ਨਜਿੱਠਿਆ ਜਾਵੇ ਅਤੇ ਲੋਕਾਂ ਦਾ ਜੀਵਨ ਜਲਦੀ ਆਮ ਵਰਗਾ ਹੋਵੇ।

494 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper