Latest News
ਸਖਤੀਆਂ ਨਾਲ ਦਿਲ ਜਿੱਤ ਨਹੀਂ ਹੋਣੇ

Published on 19 Aug, 2019 11:33 AM.


ਜੰਮੂ-ਕਸ਼ਮੀਰ ਵਿਚ ਸਖਤ ਪਾਬੰਦੀਆਂ ਦਰਮਿਆਨ ਛਣ-ਛਣ ਆ ਰਹੀਆਂ ਖਬਰਾਂ ਦੱਸ ਰਹੀਆਂ ਹਨ ਕਿ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ਦਾ ਵਿਰੋਧ ਰੋਕਣ ਲਈ ਏਨੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਕਿ ਉਨ੍ਹਾਂ ਨੂੰ ਸੂਬੇ ਵਿਚ ਰੱਖਣ ਲਈ ਜੇਲ੍ਹਾਂ ਵਿਚ ਵੀ ਥਾਂ ਨਹੀਂ ਬਚੀ। ਇਸ ਲਈ ਪ੍ਰਾਈਵੇਟ ਗੈੱਸਟ ਹਾਊਸ ਕਿਰਾਏ 'ਤੇ ਲਏ ਜਾ ਰਹੇ ਹਨ ਤੇ ਖਾਲੀ ਘਰਾਂ ਨੂੰ ਵੀ ਨਜ਼ਰਬੰਦੀ ਕੈਂਪਾਂ ਵਿਚ ਬਦਲਿਆ ਜਾ ਰਿਹਾ ਹੈ। ਸਰਕਾਰੀ ਬੁਲਾਰੇ 100 ਦੇ ਕਰੀਬ ਸਿਆਸਤਦਾਨਾਂ ਤੇ ਬੁੱਧੀਜੀਵੀਆਂ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਕਹਿ ਰਹੇ ਹਨ, ਪਰ ਉਨ੍ਹਾਂ ਪ੍ਰੋਟੈਸਟਰਾਂ ਤੇ 'ਸੰਭਾਵੀ ਪੱਥਰਬਾਜ਼ਾਂ' ਬਾਰੇ ਨਹੀਂ ਦੱਸ ਰਹੇ, ਜਿਨ੍ਹਾਂ ਨੂੰ ਫੜ ਕੇ ਯੂ ਪੀ ਤੋਂ ਇਲਾਵਾ ਪੰਜਾਬ ਦੀਆਂ ਜੇਲ੍ਹਾਂ ਵਿਚ ਵੀ ਭੇਜੇ ਜਾਣ ਦੀਆਂ ਰਿਪੋਰਟਾਂ ਹਨ। ਇਕ ਮੈਜਿਸਟ੍ਰੇਟ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਕੌਮਾਂਤਰੀ ਖਬਰ ਏਜੰਸੀ ਏ ਐੱਫ ਪੀ ਨੂੰ ਦੱਸਿਆ ਕਿ ਘੱਟੋ-ਘੱਟ ਚਾਰ ਹਜ਼ਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ 'ਤੇ ਪਬਲਿਕ ਸਕਿਓਰਿਟੀ ਐਕਟ ਲਾਇਆ ਗਿਆ ਹੈ, ਜਿਸ ਤਹਿਤ ਕਿਸੇ ਨੂੰ ਦੋ ਸਾਲ ਤੱਕ ਬਿਨਾਂ ਕਿਸੇ ਦੋਸ਼ ਜਾਂ ਸੁਣਵਾਈ ਦੇ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਮੋਬਾਇਲ ਫੋਨ ਤੇ ਸੰਚਾਰ ਦੇ ਹੋਰ ਆਮ ਸਾਧਨ ਚੱਲ ਨਹੀਂ ਰਹੇ। ਮੈਜਿਸਟ੍ਰੇਟ ਨੇ ਇਹ ਜਾਣਕਾਰੀ ਉਨ੍ਹਾਂ ਨੂੰ ਮਿਲੇ ਸੈਟੇਲਾਈਟ ਫੋਨ ਰਾਹੀਂ ਹੋਰਨਾਂ ਅਫਸਰਾਂ ਨਾਲ ਗੱਲਬਾਤ ਕਰਕੇ ਜੁਟਾਈ ਹੈ। ਇਕ ਪੁਲਸ ਅਫਸਰ ਨੇ ਦੱਸਿਆ ਕਿ ਸ੍ਰੀਨਗਰ ਵਿਚ ਕਈ ਥਾਈਂ ਕਰੀਬ 6 ਹਜ਼ਾਰ ਲੋਕਾਂ ਦਾ ਮੈਡੀਕਲ ਕਰਵਾ ਕੇ ਕੇਂਦਰੀ ਜੇਲ੍ਹ ਲਿਜਾਇਆ ਗਿਆ ਤੇ ਫਿਰ ਫੌਜੀ ਜਹਾਜ਼ਾਂ ਵਿਚ ਦੂਜੇ ਸੂਬਿਆਂ ਵਿਚ ਭੇਜ ਦਿੱਤਾ ਗਿਆ। ਇਕ ਹੋਰ ਸੁਰੱਖਿਆ ਅਫਸਰ ਨੇ ਦੱਸਿਆ ਕਿ ਫੜੇ ਜਾਣ ਵਾਲੇ ਉਨ੍ਹਾਂ ਲੋਕਾਂ ਬਾਰੇ ਪਤਾ ਨਹੀਂ, ਜਿਨ੍ਹਾਂ ਦੇ ਨਾਂਅ ਥਾਣੇ ਵਿਚ ਦਰਜ ਨਹੀਂ ਕੀਤੇ ਗਏ।
ਪੁਲਵਾਮਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸ਼ਾਰ, ਖਰਿਊ ਤੇ ਮੰਦਕਪਾਲ ਦੀ ਕਹਾਣੀ ਤੋਂ ਵੀ ਪਤਾ ਲਗਦਾ ਹੈ ਕਿ ਵਾਦੀ ਦਾ ਗੁੱਸਾ ਪਿਛਲੀਆਂ ਐਜੀਟੇਸ਼ਨਾਂ ਵਾਂਗ ਕਿਉਂ ਨਹੀਂ ਫੁੱਟਿਆ। ਹੋਰਨਾਂ ਪਿੰਡਾਂ ਵਾਂਗ ਸੁਰੱਖਿਆ ਬਲਾਂ ਨੇ ਇਨ੍ਹਾਂ ਪਿੰਡਾਂ ਵਿਚ ਵੀ ਸੰਭਾਵੀ ਪੱਥਰਬਾਜ਼ਾਂ ਨੂੰ ਨੱਪਣ ਲਈ ਪਿਤਾਵਾਂ ਤੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ, ਤਾਂ ਕਿ ਉਹ ਆਤਮ-ਸਮਰਪਣ ਕਰਨ ਲਈ ਮਜਬੂਰ ਹੋ ਜਾਣ। ਸਿਹਤ ਵਿਭਾਗ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਰੋਸ-ਮੁਜ਼ਾਹਰੇ ਇਸ ਕਰਕੇ ਘੱਟ ਹੋਏ ਹਨ, ਕਿਉਂਕਿ ਲੋਕ ਕਾਫੀ ਦਹਿਸ਼ਤ ਵਿਚ ਹਨ। ਡਰ ਪੈਦਾ ਕਰਨ ਲਈ ਮੁੰਡਿਆਂ ਨੂੰ ਫੜ ਕੇ ਦੂਜੇ ਸੂਬਿਆਂ ਵਿਚ ਭੇਜਿਆ ਜਾ ਰਿਹਾ ਹੈ। ਇਹ ਕਹਿ ਕੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਕਿ ਕਾਨੂੰਨ ਉਨ੍ਹਾਂ ਨੂੰ ਕਿਸੇ ਨੂੰ ਵੀ ਦਹਿਸ਼ਤਗਰਦ ਦੱਸ ਕੇ ਗ੍ਰਿਫਤਾਰ ਕਰਨ ਦੀ ਆਗਿਆ ਦਿੰਦਾ ਹੈ। ਇਨ੍ਹਾਂ ਪਿੰਡਾਂ ਵਿਚ ਹਜ਼ਾਰਾਂ ਜਵਾਨ ਦਿਨ ਭਰ ਕਰਫਿਊ ਵਾਲੀ ਸਖਤੀ ਨਾਲ ਪਹਿਰਾ ਦਿੰਦੇ ਰਹੇ ਤੇ ਰਾਤ ਨੂੰ ਮੁੰਡੇ ਚੁੱਕਦੇ ਰਹੇ। ਪਿੰਡ ਸ਼ਾਰ ਵਿਚ ਸ਼ਬੀਰ ਅਹਿਮਦ ਭੱਟ ਨੇ ਦੱਸਿਆ ਕਿ ਜਵਾਨ ਉਸ ਦੇ ਛੋਟੇ ਭਰਾ ਮੁਖਤਾਰ ਨੂੰ ਚੁੱਕਣ ਆਏ, ਜਿਹੜਾ ਸਾਊਦੀ ਅਰਬ ਵਿਚ ਛੇ ਸਾਲ ਰਹਿ ਕੇ ਪਿਛਲੇ ਸਾਲ ਆਇਆ ਸੀ ਤੇ ਬੇਕਰੀ ਚਲਾਉਣ ਲੱਗਾ ਸੀ। ਉਸਦੇ ਨਾ ਮਿਲਣ 'ਤੇ ਦੂਜੇ ਭਰਾ ਰਫੀਕ ਨੂੰ ਲੈ ਗਏ। ਬਾਅਦ ਵਿਚ ਮੁਖਤਾਰ ਨੇ ਆਤਮ-ਸਮਰਪਣ ਕਰ ਦਿੱਤਾ, ਤਾਂ ਕਿ ਰਫੀਕ ਨੂੰ ਰਿਹਾਅ ਕਰਵਾਇਆ ਜਾ ਸਕੇ। ਖਰਿਊ ਪਿੰਡ ਵਿਚ ਸਮੀਰ ਨਹੀਂ ਮਿਲਿਆ ਤਾਂ ਉਸ ਦੇ ਪਿਤਾ ਮਨਜ਼ੂਰ ਨੂੰ ਚੁੱਕ ਲਿਆ ਗਿਆ। ਸਮੀਰ ਦੇ ਆਤਮ-ਸਮਰਪਣ ਦੇ ਬਾਅਦ ਉਸ ਨੂੰ ਛੱਡਿਆ ਗਿਆ। ਸਮੀਰ ਦਾ ਛੇ ਦਿਨ ਤੱਕ ਕੁਝ ਪਤਾ ਨਹੀਂ ਲੱਗਿਆ। ਸ਼ਨੀਵਾਰ ਪਤਾ ਲੱਗਿਆ ਕਿ ਉਹ ਕੇਂਦਰੀ ਜੇਲ੍ਹ ਵਿਚ ਹੈ ਤੇ ਉਸ 'ਤੇ ਪਬਲਿਕ ਸਕਿਓਰਿਟੀ ਐਕਟ ਲਾ ਦਿੱਤਾ ਗਿਆ ਹੈ। ਸਮੀਰ ਨੇ ਦੱਸਿਆ ਕਿ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਨੇ ਦੱਸਿਆ ਕਿ ਜੇਲ੍ਹ ਵਿਚ ਸੈਂਕੜੇ ਲੋਕ ਹਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਦੀ ਸਾਬਕਾ ਮੀਤ ਪ੍ਰਧਾਨ ਸ਼ੇਹਲਾ ਰਾਸ਼ਿਦ ਨੇ ਇੱਕ ਟਵੀਟ ਰਾਹੀਂ ਦੋਸ਼ ਲਾਇਆ ਹੈ ਕਿ ਫੌਜ ਦੇ ਜਵਾਨ ਰਾਤ ਨੂੰ ਜਬਰੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੂੰ ਬਾਹਰ ਕੱਢ ਰਹੇ ਹਨ। ਉਨ੍ਹਾ ਲਿਖਿਆ ਸੀ, ''ਸੋਪੀਆਂ ਵਿੱਚ 4 ਆਦਮੀਆਂ ਨੂੰ ਆਰਮੀ ਕੈਂਪ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਟਾਰਚਰ ਕੀਤਾ ਗਿਆ। ਉਨ੍ਹਾਂ ਅੱਗੇ ਇੱਕ ਮਾਈਕ ਰੱਖਿਆ ਗਿਆ ਅਤੇ ਉਨ੍ਹਾਂ ਦੀਆਂ ਚੀਕਾਂ ਦੀ ਅਵਾਜ਼ ਪੂਰੇ ਇਲਾਕੇ ਵਿੱਚ ਸੁਣਾਈ ਗਈ। ਇਸ ਤਰ੍ਹਾਂ ਪੂਰੇ ਖੇਤਰ ਵਿੱਚ ਡਰ ਦਾ ਮਾਹੌਲ ਫੈਲਾਇਆ ਜਾ ਰਿਹਾ ਹੈ।''
ਦਰਅਸਲ 2016 ਦੀਆਂ ਗਰਮੀਆਂ ਵਿਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹੋਈ ਹਿੰਸਾ, ਜਿਸ ਵਿਚ 100 ਤੋਂ ਵੱਧ ਲੋਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ, ਦੇ ਬਾਅਦ ਤੋਂ ਹੀ ਕੇਂਦਰ ਸਰਕਾਰ ਨੇ ਸਖਤੀਆਂ ਨਰਮ ਨਹੀਂ ਕੀਤੀਆਂ, ਤਾਂ ਕਿ ਸੂਬੇ ਦਾ ਵਿਸ਼ੇਸ਼ ਦਰਜਾ ਖੋਹੇ ਜਾਣ ਤੋਂ ਬਾਅਦ ਵੱਡੇ ਰੋਸ ਨੂੰ ਰੋਕਿਆ ਜਾ ਸਕੇ। ਪਾਕਿਸਤਾਨ ਦੀ ਥਾਂ ਭਾਰਤ ਨਾਲ ਰਲਣ ਲਈ ਰਾਜ਼ੀ ਹੋਏ ਲੋਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਕੇ ਉਨ੍ਹਾਂ ਦੇ ਦਿਲ ਕਿਵੇਂ ਜਿੱਤੇ ਜਾ ਸਕਣਗੇ?

1621 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper