Latest News
ਰਿਜ਼ਰਵੇਸ਼ਨ ਦਾ ਮੁੱਦਾ ਮੁੜ ਚੁੱਕਣ 'ਤੇ ਮੋਹਨ ਭਾਗਵਤ 'ਤੇ ਵੱਡਾ ਹਮਲਾ

Published on 19 Aug, 2019 11:39 AM.


ਨਵੀਂ ਦਿੱਲੀ : ਆਰ ਅੱੈਸ ਐੱਸ ਮੁਖੀ ਮੋਹਨ ਭਾਗਵਤ ਨੇ ਰਿਜ਼ਰਵੇਸ਼ਨ ਦਾ ਮੁੱਦਾ ਮੁੜ ਚੁੱਕ ਦਿੱਤਾ ਹੈ। ਉਨ੍ਹਾ ਐਤਵਾਰ ਕਿਹਾ ਕਿ ਜਿਹੜੇ ਲੋਕ ਰਿਜ਼ਰਵੇਸ਼ਨ ਦੇ ਹੱਕ ਵਿਚ ਹਨ ਤੇ ਜਿਹੜੇ ਖਿਲਾਫ ਹਨ, ਉਨ੍ਹਾਂ ਵਿਚਾਲੇ ਸਦਭਾਵਨਾ ਭਰੇ ਮਾਹੌਲ ਵਿਚ ਗੱਲਬਾਤ ਹੋਣੀ ਚਾਹੀਦੀ ਹੈ। ਇਸ ਬਿਆਨ 'ਤੇ ਆਪੋਜ਼ੀਸ਼ਨ ਨੇ ਆਰ ਐੱਸ ਐੱਸ ਦੇ ਨਾਲ-ਨਾਲ ਭਾਜਪਾ 'ਤੇ ਵੀ ਤਿੱਖਾ ਹਮਲਾ ਬੋਲਿਆ ਹੈ। ਕਾਂਗਰਸ ਨੇ ਇਸ ਨੂੰ ਦਲਿਤਾਂ ਤੇ ਪੱਛੜਿਆਂ ਦੀ ਰਿਜ਼ਰਵੇਸ਼ਨ ਖਤਮ ਕਰਨ ਦਾ ਏਜੰਡਾ ਦੱਸਿਆ ਹੈ, ਜਦਕਿ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਰਿਜ਼ਰਵੇਸ਼ਨ ਮਾਨਵਤਾਵਾਦੀ ਸੰਵਿਧਾਨਕ ਵਿਵਸਥਾ ਹੈ, ਜਿਸ ਨਾਲ ਛੇੜਛਾੜ ਗੈਰਵਾਜਬ ਤੇ ਅਨਿਆਈ ਹੈ। ਆਰ ਐੱਸ ਐੱਸ ਨੂੰ ਆਪਣੀ ਰਿਜ਼ਰਵੇਸ਼ਨ ਵਿਰੋਧੀ ਮਾਨਸਿਕਤਾ ਤੱਜ ਦੇਣੀ ਚਾਹੀਦੀ ਹੈ।
ਭਾਗਵਤ ਨੇ ਇਕ ਪ੍ਰੋਗਰਾਮ ਵਿਚ ਰਿਜ਼ਰਵੇਸ਼ਨ ਦਾ ਮੁੱਦਾ ਚੁਕਦਿਆਂ ਕਿਹਾ ਸੀ ਕਿ ਉਨ੍ਹਾ ਪਹਿਲਾਂ ਵੀ ਇਹ ਗੱਲ ਕਹੀ ਸੀ, ਪਰ ਇਸ ਨਾਲ ਕਾਫੀ ਹੰਗਾਮਾ ਹੋ ਗਿਆ ਤੇ ਪੂਰੀ ਬਹਿਸ ਅਸਲ ਮੁੱਦੇ ਤੋਂ ਭਟਕ ਗਈ। ਉਨ੍ਹਾ ਕਿਹਾ ਕਿ ਰਿਜ਼ਰਵੇਸ਼ਨ ਦਾ ਪੱਖ ਲੈਣ ਵਾਲਿਆਂ ਨੂੰ ਉਨ੍ਹਾਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਬੋਲਣਾ ਚਾਹੀਦਾ ਹੈ, ਜਿਹੜੇ ਇਸ ਦੇ ਖਿਲਾਫ ਹਨ। ਇਸੇ ਤਰ੍ਹਾਂ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਸ ਦੀ ਹਮਾਇਤ ਕਰਨ ਵਾਲਿਆਂ ਦੇ ਹਿੱਤਾਂ ਦਾ ਖਿਆਲ ਰੱਖ ਕੇ ਬੋਲਣਾ ਚਾਹੀਦਾ ਹੈ। ਰਿਜ਼ਰਵੇਸ਼ਨ ਬਾਰੇ ਬਹਿਸ ਹਰ ਵਾਰ ਤਿੱਖੀ ਹੋ ਜਾਂਦੀ ਹੈ, ਜਦਕਿ ਇਸ ਨਜ਼ਰੀਏ 'ਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਤਾਲਮੇਲ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਭਾਗਵਤ ਨੇ ਰਿਜ਼ਰਵੇਸ਼ਨ ਨੀਤੀ 'ਤੇ ਨਜ਼ਰਸਾਨੀ ਦੀ ਵਕਾਲਤ ਕੀਤੀ ਸੀ, ਜਿਸ 'ਤੇ ਕਈ ਪਾਰਟੀਆਂ ਤੇ ਗਰੁੱਪਾਂ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਸੀ। ਮਾਇਆਵਤੀ ਨੇ ਕਿਹਾ ਹੈ ਕਿ ਆਰ ਐੱਸ ਐੱਸ ਦਾ ਐੱਸ ਸੀ/ ਐੱਸ ਟੀ/ ਓ ਬੀ ਸੀ ਰਿਜ਼ਰਵੇਸ਼ਨ ਦੇ ਸੰਬੰਧ ਵਿਚ ਇਹ ਕਹਿਣਾ ਕਿ ਇਸ 'ਤੇ ਖੁੱਲ੍ਹੇ ਦਿਲ ਨਾਲ ਬਹਿਸ ਹੋਣੀ ਚਾਹੀਦੀ ਹੈ, ਸ਼ੱਕ ਦੀ ਘਾਤਕ ਸਥਿਤੀ ਪੈਦਾ ਕਰਦਾ ਹੈ, ਜਿਸ ਦੀ ਕੋਈ ਲੋੜ ਨਹੀਂ। ਰਿਜ਼ਰਵੇਸ਼ਨ ਮਾਨਵਤਾਵਾਦੀ ਸੰਵਿਧਾਨਕ ਵਿਵਸਥਾ ਹੈ, ਜਿਸ ਨਾਲ ਛੇੜਛਾੜ ਨਹੀਂ ਹੋ ਸਕਦੀ। ਆਰ ਐੱਸ ਅੱੈਸ ਆਪਣੀ ਰਿਜ਼ਰਵੇਸ਼ਨ ਵਿਰੋਧੀ ਮਾਨਸਿਕਤਾ ਨੂੰ ਤੱਜ ਦੇਵੇ ਤਾਂ ਬਿਹਤਰ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, 'ਗਰੀਬਾਂ ਦੇ ਅਧਿਕਾਰਾਂ 'ਤੇ ਹਮਲਾ, ਸੰਵਿਧਾਨਕ ਹੱਕਾਂ ਨੂੰ ਕੁਚਲਣਾ, ਦਲਿਤਾਂ-ਪੱਛੜਿਆਂ ਦੇ ਅਧਿਕਾਰ ਖੋਹਣੇ, ਇਹੀ ਹੈ ਭਾਜਪਾ ਦਾ ਏਜੰਡਾ।' ਉਨ੍ਹਾ ਕਿਹਾ ਕਿ ਇਸ ਬਿਆਨ ਨਾਲ ਆਰ ਐੱਸ ਐੱਸ ਤੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਇਸ ਨਾਲ ਗਰੀਬਾਂ ਦੀ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਸੰਵਿਧਾਨ ਬਦਲਣ ਦੀ ਉਨ੍ਹਾਂ ਦੀ ਅਗਲੀ ਨੀਤੀ ਬੇਨਕਾਬ ਹੋਈ ਹੈ। ਭਾਜਪਾ ਹਮਾਇਤੀ ਰਾਮਦਾਸ ਅਠਾਵਲੇ ਨੇ ਵੀ ਰਿਜ਼ਰਵੇਸ਼ਨ ਨਾਲ ਛੇੜਛਾੜ ਦਾ ਵਿਰੋਧ ਕੀਤਾ ਹੈ। ਵਿਵਾਦ ਵਧਣ 'ਤੇ ਆਰ ਐੱਸ ਐੱਸ ਨੇ ਸ਼ਾਮੀਂ ਸਪੱਸ਼ਟ ਕੀਤਾ ਕਿ ਮੋਹਨ ਭਾਗਵਤ ਨੇ ਵਿਚਾਰ-ਵਟਾਂਦਰੇ ਦੀ ਗੱਲ ਕਹੀ ਸੀ। ਆਰ ਐੱਸ ਐੱਸ ਰਿਜ਼ਰਵੇਸ਼ਨ ਦੇ ਪੂਰੀ ਤਰ੍ਹਾਂ ਹੱਕ ਵਿਚ ਹੈ।

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper