Latest News
ਫਿਲੌਰ ਲਾਗੇ ਧੁੱਸੀ ਬੰਨ੍ਹ 'ਚ ਚਾਰ ਥਾਈਂ ਪਾੜ

Published on 19 Aug, 2019 11:57 AM.


ਫਿਲੌਰ/ਬਿਲਗਾ/ਸ਼ਾਹਕੋਟ/ਮਲਸੀਆਂ/ ਲੋਹੀਆਂ ਖਾਸ/ਜਲੰਧਰ/ਲੁਧਿਆਣਾ (ਨਿਰਮਲ/ਵਿਨੋਦ ਬੱਤਰਾ/ਦਵਿੰਦਰ ਸਿੰਘ ਕੋਟਲਾ/ਬੱਬੂ/ਸ਼ੈਲੀ ਐਲਬਰਟ/
ਉੱਤਮ ਕੁਮਾਰ ਰਾਠੌਰ)
ਐਤਵਾਰ ਦੀ ਸ਼ਾਮ ਨੂੰ ਬੀ ਬੀ ਐੱਮ ਬੀ ਵਲੋਂ ਸਤਲੁਜ ਦਰਿਆ 'ਚ ਛੱਡੇ ਗਏ 2.40 ਲੱਖ ਕਿਊਸਿਕ ਪਾਣੀ ਨੇ ਦਰਿਆ ਨਾਲ ਲੱਗਦੇ ਸੈਂਕੜੇ ਪਿੰਡਾਂ ਵਿਚ ਹਾਹਾਕਾਰ ਮਚਾ ਦਿੱਤੀ। ਪਾਣੀ ਦਾ ਵੇਗ ਏਨਾ ਤੇਜ਼ ਸੀ ਕਿ ਫਿਲੌਰ ਨਾਲ ਲੱਗਦੇ ਪਿੰਡਾਂ 'ਚ ਚਾਰ ਥਾਈਂ ਬੰਨ੍ਹ ਟੁੱਟ ਗਿਆ। ਲੋਕਾਂ ਨੇ ਦੱਸਿਆ ਕਿ ਜਿੱਥੋਂ-ਜਿੱਥੋਂ ਦਰਿਆ ਵਿਚੋਂ ਰੇਤਾ ਕੱਢਿਆ ਜਾਂਦਾ ਸੀ, ਉਨ੍ਹਾਂ ਥਾਵਾਂ ਤੋਂ ਹੀ ਬੰਨ੍ਹ ਟੁੱਟਿਆ। ਰਾਤੀਂ 12 ਵਜੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ 266600 ਕਿਊਸਿਕ, 1 ਵਜੇ 271100 ਕਿਊਸਿਕ, 3 ਵਜੇ 273100 ਕਿਊਸਿਕ, 6 ਵਜੇ 277000 ਕਿਊਸਿਕ ਤੱਕ ਵਧਦਾ ਚਲਾ ਗਿਆ। ਪਾਣੀ ਦਾ ਇਹ ਵਹਾਅ ਝੰਡੀਪੀਰ, ਕੜਿਆਣਾ, ਸ਼ਾਉਲੇ ਬੁਜਾੜ, ਸਗਨੇਵਾਲ, ਫਿਲੌਰ ਦੇ ਸ਼ਮਸ਼ਾਨਘਾਟ, ਪੰਜਾਬ ਪੁਲਸ ਅਕੈਡਮੀ ਦੀ ਗੋਲਫ ਗਰਾਊਂਡ, ਝੱਲ ਗਰਾਊਂਡ, ਸ਼ਨੀ ਮੰਦਰ, ਪਿੰਡ ਆਲੋਵਾਲ, ਭੋਲੇਵਾਲ, ਮੋਤੀਪੁਰ ਖਾਲਸਾ, ਮੌ ਸਾਹਿਬ, ਮੀਓਵਾਲ, ਘੱਗ ਢਕਾਰਾ, ਗਦਰਾ, ਭੋਡਾ ਆਦਿ ਦੀਆਂ ਹਜ਼ਾਰਾਂ ਏਕੜ ਫਸਲਾਂ ਰੋੜ੍ਹ ਕੇ ਲੈ ਗਿਆ। ਘਰਾਂ 'ਚ ਲੱਕ-ਲੱਕ ਪਾਣੀ ਵੜਿਆ ਹੋਇਆ ਹੈ। ਕਿਸੇ ਪਾਸੇ ਜਾਣ ਲਈ ਕੋਈ ਰਾਹ ਇਹੋ ਜਿਹਾ ਨਹੀਂ, ਜੋ ਪਾਣੀ 'ਚ ਨਾ ਡੁੱਬਾ ਹੋਇਆ ਹੋਵੇ। ਪਸ਼ੂ, ਤੂੜੀ ਦੇ ਕੁੱਪ ਅਤੇ ਹੋਰ ਸਾਮਾਨ ਪਾਣੀ 'ਚ ਰੁੜ੍ਹਿਆ ਜਾਂਦਾ ਵੇਖਣ ਨੂੰ ਮਿਲਿਆ। ਬੰਨ੍ਹ ਟੁੱਟਣ ਨਾਲ ਲੁਧਿਆਣੇ ਦੇ ਵੀ ਪੰਜ ਪਿੰਡ ਲਪੇਟ ਵਿੱਚ ਆ ਗਏ।
ਮੋਤੀਪੁਰ ਖਾਲਸਾ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਤੇ ਮੌਜੂਦਾ ਸਰਪੰਚ ਦੇ ਪਤੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ 20 ਦੇ ਕਰੀਬ ਪਿੰਡਾਂ ਦੀਆਂ ਫਸਲਾਂ ਅਤੇ ਘਰ-ਬਾਰ ਸਭ ਕੁਝ ਪਾਣੀ ਰੋੜ੍ਹ ਕੇ ਲੈ ਗਿਆ। ਉਨ੍ਹਾਂ ਰੋਹ ਭਰੇ ਅੰਦਾਜ਼ ਵਿਚ ਕਿਹਾ ਕਿ ਇੱਕੀਵੀਂ ਸਦੀ ਦਾ ਯੁੱਗ ਹੈ, ਕੀ ਸਾਡੇ ਦੇਸ਼ ਦੀਆਂ ਸਰਕਾਰਾਂ ਏਨੀਆਂ ਵੀ ਸਮੱਰਥ ਨਹੀਂ ਹੋਈਆਂ ਕਿ ਜੋ ਪਾਣੀ ਐਤਵਾਰ ਦੀ ਰਾਤ ਨੂੰ ਯਕਦਮ ਛੱਡ ਦਿੱਤਾ ਗਿਆ, ਉਹੀ ਪਾਣੀ ਹਫ਼ਤਾ ਪਹਿਲਾਂ ਹੌਲੀ-ਹੌਲੀ ਛੱਡ ਦਿੱਤਾ ਜਾਂਦਾ  ਤਾਂ ਦਰਿਆ ਨਾਲ ਲੱਗਦੇ ਸੈਂਕੜੇ ਪਿੰਡ ਵਸਦੇ ਰਹਿ ਜਾਂਦੇ। ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਟੈਕਨਾਲੋਜੀ ਦੇ ਇਸ ਯੁੱਗ ਵਿਚ ਜਦੋਂ ਅਸੀਂ ਡਿਜੀਟਲ ਇੰਡੀਆ ਦੀਆਂ ਗੱਲਾਂ ਕਰਦੇ ਹਾਂ ਤਾਂ ਕੀ ਸਾਡੇ ਕੋਲ ਏਨੀ ਵੀ ਸਮਝ ਨਹੀਂ ਕਿ ਭਾਖੜਾ ਵਿਚ ਕਿੰਨਾ ਪਾਣੀ ਸਟੋਰ ਹੋ ਗਿਆ, ਕਿੰਨਾ ਚਾਹੀਦਾ ਹੈ ਅਤੇ ਕਿੰਨਾ ਰਿਲੀਜ਼ ਕਰਨਾ ਹੈ। ਜ਼ਿਕਰਯੋਗ ਹੈ ਕਿ ਸਬ-ਡਵੀਜ਼ਨ ਫਿਲੌਰ ਦੇ ਸੋਮਵਾਰ ਨੂੰ ਸਾਰੇ ਸਰਕਾਰੀ ਅਤੇ ਪ੍ਰਾਇਮਰੀ ਸਕੂਲ ਬੰਦ ਰਹੇ ਅਤੇ ਇਹ ਸਕੂਲ ਪੀੜਤਾਂ ਲਈ ਪਨਾਹਗਾਹ ਬਣਾਏ ਗਏ ਹਨ। ਪੀੜਤਾਂ ਲਈ ਕੁਝ ਸਮਾਜ ਸੇਵੀ ਸੰਸਥਾਵਾਂ ਲੰਗਰ ਦੀ ਸੇਵਾ ਕਰ ਰਹੀਆਂ ਹਨ।
ਡੀ ਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐੱਸ ਐੱਸ ਪੀ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਐਤਵਾਰ ਦੀ ਰਾਤ ਦਰਿਆ ਦੇ ਬੰਨ੍ਹ 'ਤੇ ਗਸ਼ਤ ਕਰਦੇ ਰਹੇ। ਡੀ ਸੀ ਨੇ ਦੱਸਿਆ ਕਿ ਮੀਓਵਾਲ ਅਤੇ ਦੂਸਰੇ ਪਿੰਡਾਂ 'ਚ ਫਸੇ 4 ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਕੱਢ ਲਿਆ ਗਿਆ ਹੈ। ਐੱਨ ਡੀ ਆਰ ਐੱਫ ਅਤੇ ਫੌਜ ਦੀ ਮਦਦ ਨਾਲ ਬਾਕੀ ਦੇ 15-20 ਵਿਅਕਤੀਆਂ ਨੂੰ ਵੀ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨਕੋਦਰ ਅਤੇ ਸ਼ਾਹਕੋਟ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਅਤੇ ਕਿਸੇ ਕਿਸਮ ਦਾ ਖਤਰਾ ਮੁੱਲ ਨਾ ਲੈਣ। ਡੀ ਸੀ ਸ਼ਰਮਾ ਨੇ ਦੱਸਿਆ ਕਿ ਪੌਣੇ ਤਿੰਨ ਲੱਖ ਕਿਊਸਿਕ ਪਾਣੀ ਇਸ ਵੇਲੇ ਦਰਿਆ 'ਚ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਚਾਰ ਫੁੱਟ ਫਲੱਡ ਗੇਟ ਖੁੱਲ੍ਹੇ ਹੋਏ ਸਨ। ਸੋਮਵਾਰ ਨੂੰ ਤਿੰਨ ਵਜੇ ਦੇ ਕਰੀਬ ਭਾਖੜਾ ਤੋਂ 8 ਫੁੱਟ ਫਲੱਡ ਗੇਟ ਹੋਰ ਖੋਲ੍ਹੇ ਜਾਣ ਦੀ ਖ਼ਬਰ ਹੈ।
ਗੰਨਾ ਪਿੰਡ, ਮੋਤੀਪੁਰ ਖਾਲਸਾ ਅਤੇ ਲਾਗਲੇ ਪਿੰਡਾਂ ਦੇ ਵਸਨੀਕ ਸੀਨੀਅਰ ਅਕਾਲੀ ਆਗੂ ਸਤਿੰਦਰ ਸਿੰਘ ਧੰਜੂ, ਸਰਕਲ ਪ੍ਰਧਾਨ ਮੁਲਖਾ ਸਿੰਘ ਰੰਧਾਵਾ, ਹਰਕੰਵਲ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਸਿੰਘ, ਲਖਵਿੰਦਰ ਸਿੰਘ, ਜਰਨੈਲ ਸਿੰਘ ਮੋਤੀਪੁਰ, ਜਗਤਾਰ ਸਿੰਘ ਮੋਤੀਪੁਰ ਆਦਿ ਨੇ ਮੀਡੀਆ ਨੂੰ ਦੱਸਿਆ ਕਿ  ਦਰਿਆ 'ਚ ਰੇਲਵੇ ਅਤੇ ਮੁੱਖ ਮਾਰਗ ਵਾਲੇ ਪੁਲ ਹੇਠੋਂ ਰੇਤਾ ਚੁੱਕਣ ਦੀ ਮਨਾਹੀ ਹੈ, ਪਰ ਇਸ ਦੇ ਬਾਵਜੂਦ ਰੇਤਾ ਕੱਢਿਆ ਜਾਂਦਾ ਰਿਹਾ, ਜਿਸ ਕਰਕੇ ਰੇਲਵੇ ਅਤੇ ਮੁੱਖ ਮਾਰਗ ਵਾਲੇ ਪੁਲ ਵੀ ਖ਼ਤਰੇ ਦਾ ਸਬੱਬ ਬਣ ਸਕਦੇ ਹਨ। ਕਿਸਾਨ ਆਗੂਆਂ ਨੇ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ।
ਸੋਮਵਾਰ ਤੜਕੇ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਾਰਨ ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਵਿੱਚ ਹੜ੍ਹ ਵਰਗੀ ਸਥਿਤੀ ਬਣਨ ਨਾਲ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਕੁਝ ਪਿੰਡਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਕਈ ਘਰ ਪਾਣੀ ਵਿੱਚ ਡੁੱਬ ਗਏ। ਸਬ-ਡਵੀਜ਼ਨ ਸ਼ਾਹਕੋਟ 'ਚ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ। 
ਸ਼ਾਹਕੋਟ ਦੇ ਪਿੰਡ ਬੂੜੇਵਾਲ ਵਿਖੇ ਨੀਵੇਂ ਇਲਾਕੇ ਵਿੱਚ ਪਾਣੀ ਭਰਨ ਕਾਰਨ ਕਈ ਘਰ ਪਾਣੀ ਵਿੱਚ ਡੁੱਬ ਗਏ, ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣਾ ਸਾਮਾਨ ਘਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਂਵਾਂ ਵੱਲ ਲਿਜਾਇਆ ਗਿਆ। ਪਾਣੀ ਦਾ ਪੱਧਰ ਵਧਦਾ ਦੇਖ ਐੱਸ ਡੀ ਐੱਮ ਡਾ. ਚਾਰੂਮਿਤਾ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸਹਾਇਤਾ ਲੈਣ ਲਈ ਉਨ੍ਹਾ ਨੂੰ ਪਿੰਡ ਬੂੜੇਵਾਲ ਬੁਲਾਇਆ, ਜਿਥੇ ਸੰਤ ਸੀਚੇਵਾਲ ਆਪਣੇ ਸੇਵਾਦਾਰਾਂ ਸਮੇਤ ਪਹੁੰਚੇ। ਸੇਵਾਦਾਰਾਂ ਨੇ ਬੇਘਰ ਹੋਏ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ। ਐੱਨ ਡੀ ਆਰ ਐੱਫ਼ ਦੀ ਟੀਮ ਵੀ ਪਿੰਡ ਬੂੜੇਵਾਲ ਪਹੁੰਚੀ, ਪਰ ਸਥਿਤੀ ਠੀਕ ਹੋਣ ਕਾਰਨ ਟੀਮ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਬੰਨ੍ਹ ਨੂੰ ਉੱਚਾ ਕਰਨ ਲਈ ਮਿੱਟੀ ਵੀ ਪਾਈ ਗਈ। ਵੱਖ-ਵੱਖ ਰਿਲੀਫ਼ ਸੈਂਟਰਾਂ ਦੇ ਦੌਰੇ ਦੌਰਾਨ ਦੇਖਣ ਵਿਚ ਆਇਆ ਕਿ ਉਥੇ ਸਟਾਫ਼ ਤਾਂ ਮੌਜੂਦ ਸੀ, ਪਰ ਲੋਕ ਨਹੀਂ ਆ ਰਹੇ ਸਨ। ਡਾ. ਚਾਰੂਮਿਤਾ ਨੇ ਦੱਸਿਆ ਕਿ ਦਰਿਆ ਵਿੱਚ ਇਸ ਸਮੇਂ ਢਾਈ ਲੱਖ ਕਿਊਸਿਕ ਦੇ ਕਰੀਬ ਪਾਣੀ ਚੱਲ ਰਿਹਾ ਹੈ ਅਤੇ ਜੇਕਰ ਡੈਮ ਵਿੱਚੋ ਪਾਣੀ ਨਾ ਛੱਡਿਆ ਗਿਆ ਤਾਂ ਰਾਤ ਤੱਕ ਪਾਣੀ ਦਾ ਪੱਧਰ ਘਟ ਸਕਦਾ ਹੈ, ਪਰ ਜਦੋਂ ਤੱਕ ਪਾਣੀ ਆਮ ਵਾਂਗ ਨਹੀਂ ਚਲਦਾ, ਉਸ ਸਮੇਂ ਤੱਕ ਹਰ ਇੱਕ ਨੂੰ ਚੌਕਸ ਰਹਿਣ ਦੀ ਲੋੜ ਹੈ। ਪੰਜਾਬ ਸਮੇਤ ਪੂਰੇ ਭਾਰਤ 'ਚ ਬਰਸਾਤ, ਹੜ੍ਹ ਅਤੇ ਵਿਕਰਾਲ ਪਾਣੀ ਦੇ ਰੂਪ ਦਾ ਇੱਕ ਰੰਗ ਲੋਹੀਆਂ ਖੇਤਰ 'ਚ ਉਸ ਵਕਤ ਦੇਖਣ ਨੂੰ ਮਿਲਿਆ, ਜਦ ਦਰਿਆ ਸਤਲੁਜ ਕਿਨਾਰੇ ਬਣਿਆ ਧੁੱਸੀ ਬੰਨ੍ਹ ਲੋਹੀਆਂ ਖੇਤਰ ਦੇ ਪਿੰਡ ਜਾਣੀਆਂ ਦੇ ਨਜ਼ਦੀਕ ਲਗਭਗ 80 ਫੁੱਟ ਤੱਕ ਟੁੱਟ ਗਿਆ ਅਤੇ ਪਾਣੀ ਆਸ ਪਾਸ ਦੇ ਪਿੰਡਾਂ 'ਚ ਫੈਲ ਗਿਆ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਿੰਡ ਜਾਣੀਆਂ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਜੀਤ ਸਿੰਘ, ਜਗਤਾਰ ਸਿੰਘ, ਭਜਨ ਸਿੰਘ, ਬਲਕਾਰ ਸਿੰਘ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਬੰਨ੍ਹ ਪਿੰਡ ਜਾਣੀਆਂ ਦੇ ਮੁੱਖ ਦਵਾਰ ਅੱਗੋਂ ਲੰਘਦਾ ਹੈ।ਜਦ ਇਹ ਅਚਾਨਕ ਟੁੱਟ ਗਿਆ ਤਾਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਟਰੈਕਟਰ ਟਰਾਲੀਆਂ ਚ ਸਵਾਰ ਕਰਕੇ ਕਿਸੇ ਉੱਚੀ ਥਾਂ ਆਪਣੇ ਰਿਸ਼ਤੇਦਾਰਾਂ ਵੱਲ ਦੌੜ ਗਏ। ਜ਼ਿਕਰਯੋਗ ਹੈ ਕਿ ਬੰਨ ਟੁੱਟਣ ਤੋਂ ਇੱਕ ਘੰਟਾ ਪਹਿਲਾਂ ਡੀ.ਸੀ. ਜਲੰਧਰ ਅਤੇ ਐੱਸ ਡੀ ਐੱਮ ਸ਼ਾਹਕੋਟ ਡਾ. ਚਾਰੂ ਮਿੱਤਰਾ ਆਪਣੇ ਅਮਲੇ ਸਮੇਤ ਧੁੱਸੀ ਬੰਨ੍ਹ ਦਾ ਮੁਆਇਨਾ ਕਰਕੇ ਗਏ ਸਨ ਕਿ ਉਨ੍ਹਾਂ ਦੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਬੰਨ੍ਹ ਟੁੱਟ ਗਿਆ ਅਤੇ ਪਾਣੀ ਲੱਗਭਗ ਤੇਜ਼ੀ ਨਾਲ ਮਹਿਰਾਜਵਾਲਾ ਵੱਲ ਰਵਾਨਾ ਹੋ ਗਿਆ, ਜਿਸ ਤੋਂ ਅੱਗੇ ਲੱਗਭਗ ਇੱਕ ਦਰਜਨ ਪਿੰਡਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

264 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper