Latest News
ਮੰਦਵਾੜੇ ਦੀ ਦਸਤਕ

Published on 21 Aug, 2019 11:28 AM.


ਇਸ ਸਮੇਂ ਭਾਰਤ ਦੇ ਆਰਥਿਕ ਖੇਤਰ ਵਿੱਚ ਹਾਹਾਕਾਰ ਮਚੀ ਹੋਈ ਹੈ। ਇਹ ਮਸਲਾ ਲੋਕਾਂ ਦੇ ਰੁਜ਼ਗਾਰ ਤੇ ਰੋਟੀ-ਰੋਜ਼ੀ ਨਾਲ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਦੇ ਨਵੇਂ ਬੱਜਟ ਤੋਂ ਬਾਅਦ ਸ਼ੇਅਰ ਬਜ਼ਾਰ ਵਿੱਚ ਪੈਸਾ ਲਾਉਣ ਵਾਲੇ ਨਿੱਜੀ ਤੇ ਸੰਸਥਾਗਤ ਨਿਵੇਸ਼ਕਾਂ ਨੂੰ 4.63 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਜੁਲਾਈ ਤੋਂ ਬਾਅਦ 22000 ਕਰੋੜ ਰੁਪਏ ਭਾਰਤੀ ਬਜ਼ਾਰ ਵਿੱਚੋਂ ਕੱਢ ਲਏ ਹਨ।
ਸਿਰਫ਼ ਘਰੇਲੂ ਹਾਲਾਤ ਹੀ ਸਥਿਤੀ ਨੂੰ ਨਹੀਂ ਵਿਗਾੜ ਰਹੇ, ਸਗੋਂ ਅੰਤਰ-ਰਾਸ਼ਟਰੀ ਸਥਿਤੀ ਵੀ ਭਾਰਤ ਦੇ ਅਨੁਕੂਲ ਨਹੀਂ ਹੈ। ਅਮਰੀਕਾ ਤੇ ਚੀਨ ਵਿਚਕਾਰ ਕਾਰੋਬਾਰੀ ਜੰਗ ਦਾ ਵੀ ਭਾਰਤੀ ਆਰਥਿਕਤਾ ਉੱਤੇ ਨਾਂਹ-ਪੱਖੀ ਅਸਰ ਪੈ ਰਿਹਾ ਹੈ। ਇਸ ਸਮੇਂ ਚੀਨ ਤੇ ਭਾਰਤ ਵਿਚਕਾਰ ਕਾਰੋਬਾਰ ਪੂਰੀ ਤਰ੍ਹਾਂ ਚੀਨ ਦੇ ਪੱਖ ਵਿੱਚ ਹੋ ਗਿਆ ਹੈ। ਪਿਛਲੇ ਵਿੱਤੀ ਸਾਲ ਵਿੱਚ ਚੀਨ ਨਾਲ ਭਾਰਤ ਦਾ ਵਪਾਰ ਘਾਟਾ 53 ਅਰਬ ਡਾਲਰ ਰਿਹਾ ਹੈ। ਭਾਰਤ ਚੀਨ ਨੂੰ 17 ਅਰਬ ਡਾਲਰ ਦਾ ਮਾਲ ਬਰਾਮਦ ਕਰਦਾ ਹੈ, ਜਦੋਂ ਕਿ ਚੀਨ ਤੋਂ 70 ਅਰਬ ਡਾਲਰ ਦਾ ਮਾਲ ਦਰਾਮਦ ਕਰਦਾ ਹੈ। ਅਜਿਹੇ ਵਿੱਚ ਜੇਕਰ ਅਮਰੀਕਾ ਨਾਲ ਕਾਰੋਬਾਰੀ ਮੁਕਾਬਲੇ ਵਿੱਚ ਚੀਨ ਆਪਣੀ ਕਰੰਸੀ ਦੀ ਕਦਰ ਘਟਾਈ ਕਰਦਾ ਹੈ ਤਾਂ ਉਸ ਦਾ ਸਿੱਧਾ ਅਸਰ ਭਾਰਤ ਦੇ ਬਜ਼ਾਰਾਂ ਉੱਤੇ ਪੈਂਦਾ ਹੈ। ਭਾਰਤ ਦੇ ਕੱਪੜਾ ਉਦਯੋਗ ਦਾ ਚੀਨ ਨਾਲ ਸਿੱਧਾ ਮੁਕਾਬਲਾ ਹੈ। ਜੇਕਰ ਚੀਨੀ ਕੱਪੜੇ ਦੀ ਦਰਾਮਦ ਸਸਤੀ ਹੁੰਦੀ ਹੈ ਤਾਂ ਇਸ ਨਾਲ ਭਾਰਤੀ ਬਜ਼ਾਰ 'ਤੇ ਬੁਰਾ ਅਸਰ ਪਵੇਗਾ।
ਇਸ ਸਮੇਂ ਦੇਸ਼ ਦਾ ਆਟੋ-ਮੋਬਾਇਲ ਸੈਕਟਰ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜਰ ਰਿਹਾ ਹੈ। ਮੋਟਰ ਗੱਡੀਆਂ ਦੀ ਵਿਕਰੀ ਜੁਲਾਈ ਵਿੱਚ 18 ਫ਼ੀਸਦੀ ਘਟੀ ਹੈ। ਕਾਰਾਂ ਆਦਿ ਦੀ ਵਿਕਰੀ ਵਿੱਚ 36 ਫ਼ੀਸਦੀ ਦੀ ਗਿਰਾਵਟ ਆਈ ਹੈ, ਜੋ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਇਸ ਸੈਕਟਰ ਵਿੱਚ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ 3.5 ਲੱਖ ਕਰਮਚਾਰੀ ਆਪਣੀ ਨੌਕਰੀ ਗੁਆ ਚੁੱਕੇ ਹਨ। ਹੁੰਡਈ ਮੋਟਰਜ਼ ਇੰਡੀਆ ਨੇ ਅਗਸਤ ਮਹੀਨੇ ਦੌਰਾਨ ਆਪਣਾ ਉਤਪਾਦਨ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਨੇ ਆਪਣਾ ਉਤਪਾਦਨ ਘੱਟ ਕਰ ਦਿੱਤਾ ਹੈ। ਟਾਟਾ ਮੋਟਰਜ਼ ਨੇ ਆਪਣੇ ਚਾਰ ਪਲਾਂਟ ਬੰਦ ਕਰ ਦਿੱਤੇ ਹਨ। ਜਿਨ੍ਹਾਂ ਹੋਰ ਕੰਪਨੀਆਂ ਨੇ ਆਪਣਾ ਉਤਪਾਦਨ ਬੰਦ ਕੀਤਾ ਹੋਇਆ ਹੈ, ਉਨ੍ਹਾਂ ਵਿੱਚ ਅਸ਼ੋਕਾ ਲੇਲੈਂਡ, ਮਹਿੰਦਰਾ ਐਂਡ ਮਹਿੰਦਰਾ, ਟਿਓਟਾ ਕ੍ਰਿਲਾਸਕਰ, ਟੀ ਵੀ ਐੱਸ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ।
ਆਟੋ ਮੋਬਾਇਲ ਸੈਕਟਰ ਇਕੱਲਾ ਲੱਗਭੱਗ 50 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਆਟੋ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਵੈਂਕਟਰਮਾਨੀ ਦਾ ਕਹਿਣਾ ਹੈ ਕਿ ਆਟੋ ਉਦਯੋਗ ਇਸ ਸਮੇਂ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਹਰ ਸੈਗਮੈਂਟ ਵਿੱਚ ਗਿਰਾਵਟ ਆਈ ਹੈ, ਜੋ ਲਗਾਤਾਰ ਜਾਰੀ ਹੈ। ਇਸ ਸਮੇਂ ਸੰਕਟ ਦੀ ਸਥਿਤੀ ਬਣ ਚੁੱਕੀ ਹੈ। ਜੇਕਰ ਇਹੋ ਸਥਿਤੀ ਰਹੀ ਤਾਂ ਤਕਰੀਬਨ 10 ਲੱਖ ਕਾਮੇ ਬੇਰੁਜ਼ਗਾਰ ਹੋ ਜਾਣਗੇ।
ਸਿਰਫ਼ ਆਟੋਮੋਬਾਇਲ ਸੈਕਟਰ ਹੀ ਨਹੀਂ ਤੇਲ, ਸਾਬਣ, ਅੰਗ ਵਸਤਰ ਤੇ ਹੋਰ ਘਰੇਲੂ ਜ਼ਰੂਰਤ ਦੀਆਂ ਚੀਜ਼ਾਂ ਬਣਾਉਣ ਵਾਲੀਆਂ ਕੰਪਨੀਆਂ ਦਾ ਬਜ਼ਾਰ ਵੀ ਮੰਦਾ ਪੈ ਚੁੱਕਾ ਹੈ। ਇਹ ਕੰਪਨੀਆਂ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਕਿ ਪੇਂਡੂ ਇਲਾਕਿਆਂ ਦੇ ਲੋਕਾਂ ਦੇ ਹੱਥ ਵਿੱਚ ਰੁਪਿਆ ਪੁਚਾਓ ਤਾਂ ਜੋ ਉਹ ਖਰਚ ਕਰ ਸਕਣ। ਦੂਜੇ ਪਾਸੇ ਮੱਧ ਵਰਗ ਤੇ ਨਿਮਨ ਮੱਧ ਵਰਗ ਦੀ ਹਾਲਤ ਬੈਂਕਾਂ ਦੀਆਂ ਕਿਸ਼ਤਾਂ ਨੇ ਖੋਖਲੀ ਕਰ ਦਿੱਤੀ ਹੈ। ਕਰੀਬ 10 ਸਾਲ ਪਹਿਲਾਂ ਬਜ਼ਾਰ ਵਿੱਚ ਤੇਜ਼ੀ ਸੀ ਤੇ ਅਰਥ ਵਿਵਸਥਾ ਉਤਸ਼ਾਹ ਵਾਲੀ ਸੀ। ਇਸ ਵਧ-ਫੁੱਲ ਰਹੀ ਅਰਥ-ਵਿਵਸਥਾ ਦੇ ਸੁਹਾਣੇ ਸੁਫਨੇ ਦੇਖਦਿਆਂ ਮੱਧ ਵਰਗ ਨੇ ਖੁੱਲ੍ਹੇ ਦਿਲ ਨਾਲ ਬੈਂਕਾਂ ਤੋਂ ਕਰਜ਼ੇ ਲਏ। ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਤੇ ਇੱਥੋਂ ਤੱਕ ਕਿ ਟੈਲੀਵੀਜ਼ਨ, ਕੰਪਿਊਟਰ ਤੇ ਫਰਿੱਜ ਤੱਕ ਖਰੀਦਣ ਲਈ ਵੀ ਲੋਕਾਂ ਨੇ ਬੈਕਾਂ ਤੋਂ ਕਰਜ਼ੇ ਚੁੱਕੇ। ਹੁਣ ਹਾਲਤ ਹੈ ਕਿ ਇਹ ਲੋਕ ਹਰ ਮਹੀਨੇ ਬੈਂਕ ਦੀਆਂ ਕਿਸ਼ਤਾਂ ਤਾਰ ਰਹੇ ਹਨ, ਪਰ ਫਲੈਟ ਹਾਲੇ ਮਿਲਿਆ ਨਹੀਂ। ਪੂਰਾ ਰੀਅਲ ਅਸਟੇਟ ਸੈਕਟਰ ਲੰਮੇ ਸਮੇਂ ਤੋਂ ਮੰਦੀ ਝੱਲ ਰਿਹਾ ਹੈ। ਇਸ ਸਮੇਂ ਦੌਰਾਨ ਮੱਧ ਵਰਗ ਨੇ ਕਰਜ਼ਾ ਚੁੱਕਣ 'ਚ ਵੱਡੀ ਛਾਲ ਮਾਰੀ ਹੈ। ਸੰਨ 2010-11 ਵਿੱਚ ਇਸ ਵਰਗ ਦੇ ਲੋਕਾਂ ਵੱਲੋਂ ਸਿਰਫ਼ ਘਰੇਲੂ ਲੋੜਾਂ ਲਈ ਲਿਆ ਕਰਜ਼ਾ 6879 ਅਰਬ ਰੁਪਏ ਸੀ, ਜੋ ਹੁਣ ਵਧ ਕੇ 19084 ਅਰਬ ਤੱਕ ਪੁੱਜ ਚੁੱਕਾ ਹੈ। ਦੂਜੇ ਪਾਸੇ ਇਸ ਚਿੱਟ ਕਾਲਰ ਵਰਗ ਦੀਆਂ ਤਨਖ਼ਾਹਾਂ ਵਿੱਚ ਮਹਿੰਗਾਈ ਮੁਤਾਬਕ ਵਾਧਾ ਨਹੀਂ ਹੋਇਆ। ਪਹਿਲਾਂ ਇਸ ਵਰਗ ਨੂੰ ਮਿਊਚਲ ਫੰਡ ਆਦਿ ਨਿਵੇਸ਼ ਤੋਂ ਵੀ ਕੁਝ ਮੁਨਾਫ਼ਾ ਹੋ ਜਾਂਦਾ ਸੀ, ਪਰ ਪਿਛਲੇ ਇੱਕ ਸਾਲ ਦੌਰਾਨ ਇਸ ਵਿੱਚ ਵੀ 34 ਫ਼ੀਸਦੀ ਦੀ ਗਿਰਾਵਟ ਆਈ ਹੈ। ਕਮਾਈ ਘਟਣ ਤੇ ਉਪਰੋਂ ਕਿਸ਼ਤਾਂ ਦੀ ਮਾਰ ਦੇ ਨਾਲ ਹੁਣ ਇਸ ਵਰਗ ਦੀਆਂ ਨੌਕਰੀਆਂ ਵੀ ਖੁੱਸ ਰਹੀਆਂ ਹਨ। ਬੀ ਐੱਸ ਐੱਨ ਐੱਲ ਵਰਗੀਆਂ ਕੰਪਨੀਆਂ ਨੂੰ ਤਨਖ਼ਾਹ ਦੇਣੀ ਔਖੀ ਹੋ ਚੁੱਕੀ ਹੈ। ਆਟੋਮੋਬਾਇਲ ਡੀਲਰਜ਼ ਐਸੋਸੀਏਸ਼ਨ ਮੁਤਾਬਕ ਲਗਾਤਾਰ ਸ਼ੋਅ ਰੂਮ ਬੰਦ ਹੋ ਰਹੇ ਹਨ। ਪਿਛਲੇ ਤਿੰਨ ਮਹੀਨਿਆਂ ਵਿੱਚ 2 ਲੱਖ ਤੋਂ ਵੱਧ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ।
ਦੇਸ਼ ਵਿੱਚ ਇੱਕ ਵੀ ਉਦਯੋਗ ਅਜਿਹਾ ਨਹੀਂ, ਜਿੱਥੇ ਨੌਕਰੀਆਂ ਧੜਾਧੜ ਮਿਲ ਰਹੀਆਂ ਹੋਣ। ਸਰਕਾਰੀ ਨੌਕਰੀਆਂ ਦੀ ਹਾਲਤ ਖਰਾਬ ਹੈ। ਚੋਣਾਂ ਸਮੇਂ ਵਾਅਦਾ ਕੀਤਾ ਗਿਆ ਸੀ ਕਿ ਰੇਲਵੇ ਵਿੱਚ 4 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਹੁਣ ਚਰਚਾ ਹੈ ਕਿ 3 ਲੱਖ ਕਰਮਚਾਰੀਆਂ ਦੀ ਛਾਂਟੀ ਕੀਤੇ ਜਾਣ ਦੀ ਤਿਆਰੀ ਹੈ।
ਆਰਥਿਕ ਖੇਤਰ ਦੀ ਸਥਿਤੀ ਬਹੁਤ ਹੀ ਗੰਭੀਰ ਹੋ ਚੁੱਕੀ ਹੈ, ਪਰ ਸਰਕਾਰ ਧਾਰਾ 370 ਤੇ ਤਿੰਨ ਤਲਾਕ ਸੰਬੰਧੀ ਲਏ ਫੈਸਲਿਆਂ ਤੋਂ ਬਾਅਦ ਲੋਕਾਂ ਵੱਲੋਂ ਮਿਲ ਰਹੀ ਵਾਹ-ਵਾਹ ਦੇ ਨਸ਼ੇ ਵਿੱਚ ਘੂਕ ਸੁੱਤੀ ਹੋਈ ਹੈ। ਸ਼ਾਇਦ ਸਰਕਾਰ ਨੌਜਵਾਨਾਂ ਨੂੰ ਇੰਜ ਬੇਰੁਜ਼ਗਾਰ ਕਰਕੇ ਸਾਰੇ ਦੇਸ਼ ਨੂੰ ਭੀੜਤੰਤਰ ਵਿੱਚ ਬਦਲ ਦੇਣ ਦਾ ਮਨ ਬਣਾ ਚੁੱਕੀ ਹੈ, ਕਿਉਂਕਿ ਉਸ ਨੂੰ ਪਤਾ ਹੈ ਇਸ ਭੀੜਤੰਤਰ ਦੇ ਬਲ ਉਤੇ ਹੀ ਤਾਂ ਉਸ ਨੂੰ ਸੱਤਾ ਦਾ ਸੁੱਖ ਪ੍ਰਾਪਤ ਹੋਇਆ ਹੈ।

1595 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper