Latest News
ਲਾਂਘਾ 31 ਅਕਤੂਬਰ ਤੱਕ ਮੁਕੰਮਲ ਕਰਨ ਦੀ ਹਦਾਇਤ

Published on 21 Aug, 2019 11:44 AM.


ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ)
ਡੇਰਾ ਬਾਬਾ ਨਾਨਕ ਹਿੰਦ-ਪਾਕਿ ਸਰਹੱਦ 'ਤੇ ਬਣ ਰਹੇ ਇੰਟੀਗਰੇਟਿਡ ਚੈੱਕ ਪੋਸਟ (ਆਈ ਸੀ ਪੀ) ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਗੋਬਿੰਦ ਮੋਹਨ ਚੇਅਰਮੈਨ ਲੈਂਡ ਪੋਰਟ ਆਫ ਅਥਾਰਟੀ-ਕਮ-ਪਿੰ੍ਰਸੀਪਲ ਸੈਕਟਰੀ ਹੋਮ ਮਨਿਸਟਰੀ ਭਾਰਤ ਸਰਕਾਰ ਵੱਲੋਂ ਜਾਇਜ਼ਾ ਲਿਆ ਗਿਆ ਤੇ ਵਿਕਾਸ ਕੰਮ ਨਿਸਚਿਤ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ । ਇਸ ਮੌਕੇ ਉਨ੍ਹਾ ਨਾਲ ਅਖਿਲ ਸਕਸੈਨਾ ਪਲੈਨਿੰਗ ਐਂਡ ਡਿਵੈੱਲਪਮੈਂਟ ਲੈਂਡ ਪੋਰਟ ਆਫ ਅਥਾਰਟੀ, ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਜਤਿੰਦਰ ਸਿੰਘ ਐੱਨ ਐੱਚ ਆਈ, ਸੁਖਦੇਵ ਸਿੰਘ ਮੈਨੇਜਰ ਆਈ ਸੀ ਪੀ ਆਦਿ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਵਲੋਂ ਆਈ ਸੀ ਪੀ ਵਿਖੇ ਚੱਲ ਰਹੇ ਵਿਕਾਸ ਦਾ ਨਿਰੀਖਣ ਵੀ ਕੀਤਾ ਗਿਆ।
ਆਈ ਸੀ ਪੀ ਵਿਖੇ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਚੇਅਰਮੈਨ ਗੋਬਿੰਦ ਮੋਹਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਇਥੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਹ ਵਿਕਾਸ ਕੰਮ 31 ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣ। ਉਨ੍ਹਾ ਆਈ ਸੀ ਪੀ ਵਿਖੇ ਕੰਮ ਕਰ ਰਹੀਆਂ ਕੰਪਨੀਆਂ ਦੇ ਅਧਿਕਾਰੀਆਂ ਨੂੰ ਟਰਮੀਨਲ ਬਿਲਡਿੰਗ, ਸਕਿਉਰਿਟੀ ਬਲਾਕ, ਗਰੇਡ ਸਲੈਬ, ਪਲੈਂਥ ਬੀਮ, ਕਾਲਮ, ਸਟਰੱਕਚਰਲ ਸਟੀਲ ਫੈਬਰੀਕੇਸ਼ਨ ਆਦਿ ਨਾਲ ਸੰਬੰਧਤ ਕੰਮ ਤੇਜ਼ ਗਤੀ ਨਾਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ ਕੀਤੇ ਗਏ ਕੰਮਾਂ ਦੀ ਜਾਣਕਾਰੀ ਉਨ੍ਹਾ ਨੂੰ ਮੁਹੱਈਆ ਕਰਵਾਈ ਜਾਵੇ। 31 ਅਕਤੂਬਰ ਤੱਕ ਆਈ ਸੀ ਪੀ ਦੇ ਵਿਕਾਸ ਕੰਮ ਮੁਕੰਮਲ ਕਰ ਲਏ ਜਾਣ। ਇਸ ਮੌਕੇ ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਉਹ ਨਿਸਚਿਤ ਸਮੇਂ ਅੰਦਰ ਵਿਕਾਸ ਕਰਨ ਵਿਚ ਕੋਈ ਢਿੱਲਮੱਠ ਨਾ ਵਰਤਣ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਦੇ ਧਿਆਨ ਵਿਚ ਲਿਆਂਦਾ ਕਿ ਇਥੇ ਵਿਕਾਸ ਕੰਮ ਹੋਰ ਤੇਜ਼ ਗਤੀ ਨਾਲ ਕਰਵਾਏ ਜਾਣ ਅਤੇ ਦਰਸ਼ਨ ਸਥਲ ਦੀ ਵੀ ਉਸਾਰੀ ਕਰਵਾਈ ਜਾਵੇ। ਉਨ੍ਹਾ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਯਾਤਰੀਆਂ ਦੇ ਨਾਲ ਆਉਣ ਵਾਲੇ ਲੋਕਾਂ ਲਈ ਦਰਸ਼ਨ ਸਥਲ ਦੀ ਵੀ ਉਸਾਰੀ ਕੀਤੀ ਜਾਵੇ, ਜਿਸ ਸੰਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਯਕੀਨ ਦਿਵਾਇਆ ਕਿ ਉਪਰੋਕਤ ਕੰਮ ਵੀ ਕਰਵਾਏ ਜਾਣਗੇ।
ਡੇਰਾ ਬਾਬਾ ਨਾਨਕ ਡਿਵੈੱਲਪਮੈਂਟ ਅਥਾਰਟੀ ਤਹਿਤ ਕਸਬੇ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ 75 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ। ਡੇਰਾ ਬਾਬਾ ਨਾਨਕ ਦੇ ਨੇੜਲੇ 11 ਪਿੰਡਾਂ ਅੰਦਰ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਨੂੰ ਅਪਗਰੇਡ ਕੀਤਾ ਜਾਵੇਗਾ। ਕਰੀਬ 98 ਲੱਖ ਰੁਪਏ ਦੀ ਲਾਗਤ ਨਾਲ ਸੋਲਡ ਵੇਸਟ ਮੈਨੇਜਮੈਂਟ ਦੇ ਕੰਮ ਕਰਵਾਏ ਜਾਣਗੇ।
ਕਸਬੇ ਅੰਦਰ ਕਰੀਬ 93 ਲੱਖ ਰੁਪਏ ਦੀ ਲਾਗਤ ਨਾਲ ਐੱਲ ਈ ਡੀ ਲਾਈਟਾਂ ਲਗਾਈਆਂ ਜਾਣਗੀਆਂ। ਡੇਰਾ ਬਾਬਾ ਨਾਨਕ ਕਸਬੇ ਨੂੰ ਆਉਣ ਵਾਲੀਆਂ ਫਤਿਹਗੜ੍ਹ ਚੂੜੀਆਂ ਤੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਵਾਲੀਆਂ ਸੜਕਾਂ ਦੇ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਤਕਰੀਬਨ ਤਿੰਨ ਘੰਟੇ ਕਵਰੇਜ ਕਰਨ ਤੋਂ ਰੋਕਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ ਧੁੱਪ ਵਿਚ ਹੀ ਖੜੇ ਰਹਿਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਮੀਡੀਆ ਕਰਮੀਆਂ 'ਚ ਕਾਫੀ ਰੋਸ ਪਾਇਆ ਗਿਆ।

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper