Latest News
ਬਿਮਾਰੀਆਂ ਦਾ ਖਤਰਾ

Published on 22 Aug, 2019 11:33 AM.


ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਮਹਿਕਮੇ ਦੇ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਜਮ੍ਹਾਂ ਹੋਣ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਵਿਆਪਕ ਉਪਾਅ ਕਰਨ। ਉਨ੍ਹਾ ਨਗਰ ਨਿਗਮਾਂ, ਮਿਊਂਸਪਲ ਕਮੇਟੀਆਂ, ਇੰਪਰੂਵਮੈਂਟ ਟਰੱਸਟਾਂ, ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਅਫ਼ਸਰਾਂ ਨੂੰ ਕੂੜੇਦਾਨਾਂ ਨੂੰ ਰੋਜ਼ ਖਾਲੀ ਕਰਨ ਤੇ ਕੂੜੇ ਵਾਲੀਆਂ ਥਾਵਾਂ 'ਤੇ ਹਰਬਲ ਸੈਨੀਟਾਈਜ਼ਰ ਦਾ ਛਿੜਕਾਅ ਯਕੀਨੀ ਬਣਾਉਣ ਦੀ ਤਾਕੀਦ ਵੀ ਕੀਤੀ ਹੈ। ਉਨ੍ਹਾਂ ਮੱਛਰਾਂ ਦੀ ਫ਼ੌਜ ਤਿਆਰ ਹੋਣੋਂ ਰੋਕਣ ਲਈ ਹਰ ਕੋਨੇ 'ਚ ਫਾਗਿੰਗ ਕਰਨ ਲਈ ਵੀ ਕਿਹਾ ਹੈ। ਸ਼ਹਿਰਾਂ 'ਚ ਪਈ ਗੰਦਗੀ ਦੀ ਹਾਲਤ ਭਰਵੇਂ ਮੀਂਹ ਨੇ ਬਹੁਤ ਜ਼ਿਆਦਾ ਵਿਗਾੜ ਦਿੱਤੀ ਹੈ। ਸੀਵਰੇਜ ਦਾ ਪਾਣੀ ਅਜੇ ਤੱਕ ਨਾ ਨਿਕਲਣ ਕਾਰਨ ਨੀਵੇਂ ਇਲਾਕਿਆਂ 'ਚ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਇਹ ਤਾਂ ਸ਼ਹਿਰਾਂ ਦੀ ਹਾਲਤ ਹੈ। ਹੜ੍ਹਾਂ ਦਾ ਸ਼ਿਕਾਰ ਹੋਏ ਸੈਂਕੜੇ ਪਿੰਡਾਂ 'ਚ ਵੀ ਅਜੇ ਤੱਕ ਗੋਡੇ-ਗੋਡੇ ਪਾਣੀ ਖੜ੍ਹਾ ਹੈ। ਮਾਨਸੂਨ ਤੋਂ ਪਹਿਲਾਂ ਅਗਾਊਂ ਪ੍ਰਬੰਧ ਨਾ ਕਰਨ ਵਾਲੀ ਸਰਕਾਰ ਨੇ ਮੱਛਰਾਂ ਲਈ ਹਾਲਤਾਂ ਸਾਜ਼ਗਾਰ ਬਣਾ ਦਿੱਤੀਆਂ ਹਨ। ਪੰਜਾਬ ਤਾਂ ਉਂਜ ਹੀ ਮੱਛਰਾਂ ਦੀ ਝੱਬੇ ਮਾਰ 'ਚ ਆਉਣ ਵਾਲਾ ਸੂਬਾ ਹੈ। ਹੜ੍ਹਾਂ ਕਾਰਨ ਆਉਣ ਵਾਲੇ ਦਿਨਾਂ 'ਚ ਮੱਛਰ-ਪੀੜਤਾਂ ਦੀ ਗਿਣਤੀ 'ਚ ਅਚਾਨਕ ਵਾਧੇ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਮਰੀਜ਼ ਹਸਪਤਾਲਾਂ 'ਚ ਆਉਣੇ ਵੀ ਸ਼ੁਰੂ ਹੋ ਗਏ ਹਨ। ਮਲੇਰੀਏ ਦੇ ਕਰੀਬ 500 ਕੇਸਾਂ ਤੋਂ ਇਲਾਵਾ 117 ਮਰੀਜ਼ਾਂ 'ਚ ਡਰਾਉਣੇ ਡੇਂਗੂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਚਿਕਨਗੁਨੀਆ ਦੇ ਕੇਸ ਵੀ ਸਾਹਮਣੇ ਆਏ ਹਨ। ਵਿਸ਼ਵ ਸਿਹਤ ਵਿਭਾਗ ਦਾ ਵੀ ਕਹਿਣਾ ਹੈ ਕਿ ਹੜ੍ਹਾਂ ਦਾ ਪਾਣੀ ਮਲੇਰੀਆ, ਡੇਂਗੂ, ਡੇਂਗੂ ਹੈਮਰੇਜ ਬੁਖਾਰ ਆਦਿ ਵਰਗੀਆਂ ਬਿਮਾਰੀਆਂ 'ਚ ਵਾਧਾ ਕਰਦਾ ਹੈ। ਬਿਨਾਂ ਹੜ੍ਹਾਂ ਵਾਲੇ ਸਾਲਾਂ 'ਚ ਡੇਂਗੂ ਨਾਲ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਦੁੱਖ ਝੱਲਣੇ ਪਏ ਹਨ। 2015 'ਚ ਇਸ ਦੇ 14428 ਕੇਸ ਹੋਏ ਸਨ ਤੇ 18 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2016 'ਚ 10639 ਕੇਸ ਤੇ 15 ਮੌਤਾਂ, 2017 'ਚ 15398 ਕੇਸ ਤੇ 18 ਮੌਤਾਂ ਅਤੇ 2018 'ਚ 14980 ਕੇਸ ਤੇ 9 ਮੌਤਾਂ ਦਾ ਅੰਕੜਾ ਸੀ। ਇਨ੍ਹਾਂ ਸਾਲਾਂ 'ਚ ਨਾ ਬਹੁਤੇ ਮੀਂਹ ਪਏ ਤੇ ਹੜ੍ਹ ਤਾਂ ਖੈਰ ਆਏ ਹੀ 1988 ਤੋਂ ਬਾਅਦ ਹਨ। ਇਸ ਵਾਰ ਤਾਂ ਹੜ੍ਹਾਂ ਕਾਰਨ ਮਰੇ ਪਸ਼ੂਆਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਵੀ ਖ਼ਤਰਾ ਹੈ। ਲੋਕਲ ਬਾਡੀਜ਼ ਮੰਤਰੀ ਵਾਂਗ ਸਿਹਤ ਮੰਤਰੀ ਤੇ ਪੰਚਾਇਤ ਮੰਤਰੀ ਨੇ ਵੀ ਆਪਣੇ ਅਫ਼ਸਰਾਂ ਦੀਆਂ ਜ਼ਿੰਮੇਵਾਰੀਆਂ ਲਾ ਦੇਣੀਆਂ ਹਨ, ਪਰ ਸ਼ਹਿਰਾਂ 'ਚ ਸਾਫ਼-ਸਫ਼ਾਈ ਦਾ ਅਤੇ ਪਿੰਡਾਂ 'ਚ ਛੱਪੜਾਂ ਦਾ ਜੋ ਹਾਲ ਹੈ, ਉਸ ਨਾਲ ਮੱਛਰਾਂ ਨੂੰ ਰੋਕਣਾ ਸੌਖਾ ਨਹੀਂ ਹੋਵੇਗਾ। ਮਾਨਸੂਨ ਦਾ ਅਜੇ ਇੱਕ ਮਹੀਨਾ ਹੋਰ ਪਿਆ ਹੈ। ਲੋਕਾਂ ਨੂੰ ਆਪਣਾ ਬਚਾਅ ਆਪ ਹੀ ਕਰਨਾ ਪੈਣਾ ਹੈ। ਆਪਣੇ ਘਰਾਂ ਦੀ ਸਾਫ਼-ਸਫ਼ਾਈ ਅਤੇ ਨਗਰ ਕੀਰਤਨਾਂ ਤੇ ਸ਼ੋਭਾ ਯਾਤਰਾਵਾਂ ਦੌਰਾਨ ਸੜਕਾਂ ਦੀ ਸਾਫ਼-ਸਫ਼ਾਈ ਵਾਂਗ ਉਨ੍ਹਾਂ ਨੂੰ ਭਾਈਚਾਰਾ ਬਣਾ ਕੇ ਆਂਢ-ਗੁਆਂਢ ਜਮ੍ਹਾਂ ਹੋਏ ਪਾਣੀ ਨੂੰ ਖ਼ਤਮ ਕਰਨਾ ਪੈਣਾ ਹੈ। ਲੋਕ ਸੇਵਾ ਦੇ ਹਰ ਕੰਮ ਨੂੰ ਆਊਟਸੋਰਸ ਕਰ ਚੁੱਕੀ ਸਰਕਾਰ ਤੋਂ ਬਹੁਤੀ ਆਸ ਰੱਖਣੀ ਗਲਤੀ ਹੋਵੇਗੀ।
ਦਰਿਆਵਾਂ ਵਿੱਚ ਪਾਣੀ ਭਾਵੇਂ ਉਤਰਨਾ ਸ਼ੁਰੂ ਹੋ ਗਿਆ ਹੈ, ਪਰ ਬੰਨ੍ਹ ਟੁੱਟਣ ਤੋਂ ਬਾਅਦ ਜਿਹੜਾ ਪਾਣੀ ਪਿੰਡਾਂ ਤੇ ਫ਼ਸਲਾਂ ਵਿੱਚ ਖੜ੍ਹਾ ਹੈ, ਉਸ ਨੇ ਸੁੱਕਣ ਲਈ ਲੰਮਾ ਸਮਾਂ ਲੈਣਾ ਹੈ। ਇਸ ਪਾਣੀ ਦੇ ਵਾਪਸ ਵੇਈਆਂ ਜਾਂ ਦਰਿਆ ਵਿੱਚ ਜਾਣ ਦੀ ਗੁੰਜਾਇਸ਼ ਨਹੀਂ, ਕਿਉਂਕਿ ਪਾੜ ਪੂਰ ਦਿੱਤੇ ਗਏ ਹਨ। ਗਰਮੀ ਨਾਲ ਪਾਣੀ ਗਰਮ ਹੋਣ ਕਰਕੇ ਝੋਨਾ ਤੇ ਹੋਰ ਫ਼ਸਲਾਂ ਵੀ ਸੜਨੀਆਂ ਹਨ। ਇਸ ਸੜ੍ਹਾਂਦ ਨੇ ਆਲੇ-ਦੁਆਲੇ ਨੂੰ ਵੀ ਪ੍ਰਦੂਸ਼ਤ ਕਰਨਾ ਹੈ। ਇਸੇ ਬਦਬੂ ਨੇ ਬਿਮਾਰੀਆਂ ਲਿਆਉਣੀਆਂ ਹਨ।

1509 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper